21 ਕਰੋੜ ਦਾ ਡੇਵਿਡ …67 ਲੱਖ ਦੀ ਨੂਰੀ…ਮੁਕਤਸਰ ਪਹੁੰਚੇ 100 ਕਰੋੜ ਦੇ 3370 ਘੋੜੇ
ਮੇਲਾ ਮਾਘੀ ਮੌਕੇ ਲੱਗਣ ਵਾਲੀ 10 ਰੋਜ਼ਾ ਵਿਸ਼ਵ ਪੱਧਰ ਦੀ ਘੋੜਾ ਮੰਡੀ ਵਿੱਚ ਤਾਮਿਲਨਾਡੂ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਯੂਪੀ, ਰਾਜਸਥਾਨ, ਪੂਨੇ ਤੇ ਮੁੰਬਈ ਵਰਗੇ ਸੂਬਿਆਂ ਤੋਂ ਘੋੜਾ ਪਾਲਕ ਅਤੇ ਵਪਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਮੁਕਤਸਰ ਦੀ ਇਹ ਘੋੜਾ ਮੰਡੀ ਵਿਸ਼ਵ ਦੀਆਂ ਬਿਹਤਰੀਨ ਘੋੜਾ ਮੰਡੀਆਂ ਚੋਂ ਇੱਕ ਹੈ। ਇਸ ਮੰਡੀ ਵਿੱਚ ਕਰੀਬ 3370 ਘੋੜੇ ਆ ਚੁੱਕੇ ਹਨ।
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਲੱਗਣ ਵਾਲੀ 10 ਰੋਜ਼ਾ ਵਿਸ਼ਵ ਪੱਧਰ ਦੀ ਘੋੜਾ ਮੰਡੀ ਵਿੱਚ ਤਾਮਿਲਨਾਡੂ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਯੂਪੀ, ਰਾਜਸਥਾਨ, ਪੂਨੇ ਤੇ ਮੁੰਬਈ ਵਰਗੇ ਸੂਬਿਆਂ ਤੋਂ ਘੋੜਾ ਮਾਲਕ ਅਤੇ ਵਪਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਘੋੜਾ ਵਪਾਰੀ ਅਸਲਮ ਖਾਨ, ਚੌਧਰੀ ਹਰਫੂਲ ਹੋਰਾਂ ਨੇ ਦੱਸਿਆ ਕਿ ਉਹ ਇੱਥੋਂ ਨੁਕਰੇ ਘੋੜੇ ਖਰੀਦਕੇ ਫਿਲਮ ਸਿਟੀ ਮੁੰਬਈ, ਜੈਪੁਰ ਤੇ ਦਿੱਲੀ ਵਿਖੇ ਵੇਚਦੇ ਹਨ।
ਇਹ ਘੋੜੇ ਜ਼ਿਆਦਾਘਰ ਸ਼ਾਦੀਆਂ ਮੌਕੇ ਵਰਤੇ ਜਾਂਦੇ ਹਨ।ਮਾਰਵਾੜੀ ਘੋੜੇ ਰਾਜਸਥਾਨ, ਯੂਪੀ, ਰਾਜਸਥਾਨ ਤੇ ਪੰਜਾਬ ਦੇ ਕਿਸਾਨ ਤੇ ਘੋੜਾ ਪਾਲਕ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ਮੁਕਤਸਰ ਦੀ ਇਹ ਘੋੜਾ ਮੰਡੀ ਵਿਸ਼ਵ ਦੀਆਂ ਬਿਹਤਰੀਨ ਘੋੜਾ ਮੰਡੀਆਂ ਚੋਂ ਇੱਕ ਹੈ। ਜ਼ਿਆਦਾ ਵਪਾਰ ਨੁਕਰਾ ਤੇ ਮਾਰਵਾੜੀ ਨਸਲ ਦੇ ਘੋੜੇਆਂ ਦਾ ਹੁੰਦਾ ਹੈ ਜਦੋ ਕਿ ਕਾਠੀਆਵਾੜ ਅਤੇ ਸਿੰਧੀ ਨਸਲ ਦੇ ਘੋੜੇ ਇਸ ਮੰਡੀ ਵਿੱਚ ਬਹੁਤ ਘੱਟ ਆਉਦੇ ਹਨ।
21 ਕਰੋੜ ਦਾ ‘ਡੇਵਿਡ’
ਮੰਡੀ ਚ ਆਏ ਸੰਜਮ ਸਟੱਡ ਫਾਰਮ ਬਾਦਲ ਦੇ ਘੋੜਾ ਮਾਲਕ ਵਿਕਰਮਜੀਤ ਸਿੰਘ ਵਿੱਕੀ ਬਰਾੜ ਨੇ ਆਪਣੇ ਮਾਰਵਾੜੀ ਨਸਲ ਦੇ ਘੋੜੇ ਡੇਵਿਡ ਦੀ ਕੀਮਤ ਨੇ 21 ਕਰੋੜ ਰੁਪਏ ਦੱਸੀ ਹੈ । ਉਨ੍ਹਾਂ ਦਾਅਵਾ ਕੀਤਾ ਕਿ 38 ਮਹੀਨਿਆਂ ਦਾ ਇਹ ਘੋੜਾ ਡੇਵਿਡ 72 ਇੰਚ ਕੱਦ ਦਾ ਹੈ ਜੋ ਭਾਰਤ ਚ ਸਭ ਤੋਂ ਵੱਡਾ ਹੈ। ਵਿੱਕੀ ਨੇ ਦੱਸਿਆ ਕਿ ਇਸ ਘੋੜੇ ਦੇ ਜੰਮਣ ਦੇ ਇੱਕ ਘੰਟੇ ਬਾਅਦ ਇਸ ਦੀ ਕੀਮਤ ਇਕ ਕਰੋੜ ਰੁਪਏ ਲੱਗ ਗਈ ਸੀ। ਉਨ੍ਹਾਂ ਦੱਸਿਆ ਕਿ ਘੋੜੇ ਦੀ ਕੀਮਤ ਇਸਦੀ ਨਸਲ, ਕੱਦ ਅਤੇ ਮਾਂ-ਪਿਓ ਦੇ ਜੀਨਜ਼ ਤੇ ਨਿਰਭਰ ਕਰਦੀ ਹੈ।ਉਹਨਾਂ ਨੇ ਦੱਸਿਆ ਕਿ ਘੋੜੇ ਦੀ ਖੁਰਾਕ ਛੋਲੇ, ਬਾਜਰਾ, ਮੋਠ ਵਗੈਰਾ ਹੈ। ਪੰਜ ਤੋਂ ਸੱਤ ਕਿਲੋ ਦਾਣਾ ਪਾਇਆ ਜਾਂਦਾ ਹੈ। ਸਾਫ-ਸਫਾਈ ਤੇ ਸਿਹਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਇਸ ਘੋੜੇ ਦੀ ਮੇਟਿੰਗ ਫੀਸ ਸਵਾ ਲੱਖ ਰੁਪਏ ਹੈ।
ਕਰੋੜਾਂ ਦੀ ਕੀਮਤ ਵਾਲਾ ‘ਬਿਲਾਵਲ’
ਇਸੇ ਤਰ੍ਹਾਂ 26 ਮਹੀਨਿਆਂ ਦਾ 69 ਇੰਚੀ ਨੁੱਕਰਾ ਘੋੜਾ ਬਿਲਾਵਲ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸਦੇ ਮਾਲਕ ਜਸਪਾਲ ਸਿੰਘ ਪਿੰਡ ਤਰਖਾਣਵਾਲਾ ਨੇ ਦੱਸਿਆ ਕਿ ਇਸ ਘੋੜੇ ਦੀ ਕੀਮਤ ਕਰੌੜਾਂ ਵਿੱਚ ਹੈ ਪਰ ਇਹ ਉਨ੍ਹਾਂ ਦਾ ਪਾਲਤੂ ਘੋੜਾ ਹੈ ਜਿਸਨੂੰ ਉਹ ਵੇਚਣਾ ਨਹੀਂ ਚਾਹੁੰਦੇ।
67 ਲੱਖ ਦੀ ‘ਨੂਰੀ’
ਘੋੜਾ ਮਾਲਕ ਗੁਰਮੇਲ ਸਿੰਘ ਪਟਵਾਰੀ ਦੀ ਨੀਲ ਚੰਭੀ ਰੰਗ ਦੀ 66 ਇੰਚੀ ਮਾਰਵਾੜੀ ਨਸਲ ਦੀ ਘੋੜੀ ਨੂਰੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਹਨਾਂ ਦੱਸਿਆ ਕਿ ਨੂਰੀ ਉਸਦੀ ਬਹੁਤ ਪਿਆਰੀ ਘੋੜੀ ਹੈ। ਇਸਦਾ ਕੱਦ ਤੇ ਰੰਗ ਬਹੁਤ ਅਨੋਖਾ ਹੈ। ਇਸਦੀ ਕੀਮਤ 67 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਸਹਾਇਕ ਧੰਦੇ ਵਜੋਂ ਘੋੜਾ ਪਾਲਣ ਦਾ ਕਿੱਤਾ ਅਪਣਾ ਰਹੇ ਹਨ।
ਇਹ ਵੀ ਪੜ੍ਹੋ
100 ਕਰੌੜ ਦੇ 3370 ਘੋੜੇ
ਘੋੜਾ ਮੰਡੀ ਦੇ ਪ੍ਰਬੰਧਕ ਸੁਖਪਾਲ ਸਿੰਘ ਭਾਟੀ ਨੇ ਦੱਸਿਆ ਕਿ ਕਰੀਬ 3370 ਘੋੜੇ ਮੰਡੀ ਵਿੱਚ ਆ ਚੁੱਕੇ ਹਨ। ਇਹ ਘੋੜਾ ਮੰਡੀ 20 ਜਨਵਰੀ ਤੱਕ ਲੱਗੇਗੀ। ਮੰਡੀ ਵਿੱਚ ਪੰਜਾਬ ਤੋਂ ਇਲਾਵਾ, ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ, ਕਰਨਾਟਕਾ, ਤਾਮਿਲਨਾਡੂ, ਗੁਜਰਾਤ, ਮੱਧ ਪ੍ਰਦੇਸ਼, ਮਹਾਂਰਾਸ਼ਟਰਾ ਤੋਂ ਇਲਾਵਾ ਪੂਨੇ ਤੇ ਮੁੰਬਈ ਫਿਲਮ ਸਿਟੀ ਤੋਂ ਵਾਪਰੀ ਖਾਸ ਤੌਰ ਤੇ ਘੋੜੇਆਂ ਦੀ ਖਰੀਦੋ ਫਰੋਖਤ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਘੋੜੇਆਂ ਦੀ ਇਹ ਮੰਡੀ ਭਾਰਤ ਦੀਆਂ ਚੋਣਵੀਆਂ ਮੰਡੀਆਂ ਵਿੱਚੋਂ ਇੱਕ ਹੈ। ਮੇਲੇ ਵਿੱਚ ਪਹੁੰਚੇ ਇੰਨ੍ਹਾਂ ਘੋੜੇਆਂ ਦੀ ਕੀਮਤ 100 ਕਰੋੜ ਦੇ ਕਰੀਬ ਬਣਦੀ ਹੈ ਪਰ ਇਹ ਸਾਰੇ ਘੋੜੇ ਵਿਕਾਊ ਨਹੀਂ ਹੁੰਦੇ। ਜ਼ਿਆਦਾ ਘੋੜੇ ਸਿਰਫ ਪ੍ਰਦਰਸ਼ਨੀ ਵਾਸਤੇ ਹੁੰਦੇ ਹਨ ਜਦੋਂ ਕਿ ਕੁੱਝ ਵੇਚਣ ਵਾਸਤੇ ਹਨ।
ਡੀਸੀ ਵੱਲੋਂ ਕੀਤਾ ਗਿਆ ਮੰਡੀ ਦਾ ਦੌਰਾ
ਘੋੜਾ ਮੰਡੀ ਵਿੱਚ ਪੁੱਜੇ ਡਿਪਟੀ ਕਮਿਸ਼ਨਰ ਰਜੇਸ਼ ਤ੍ਰਿਪਾਠੀ ਨੇ ਘੋੜਾ ਮਾਲਕਾਂ ਨਾਲ ਗੱਲਬਾਤ ਕਰਦਿਆਂ ਜਿਥੇ ਘੋੜੇਆਂ ਦੀਆਂ ਨਸਲਾਂ, ਉਨ੍ਹਾਂ ਦੀ ਖੁਰਾਕ ਅਤੇ ਕੀਮਤ ਆਦਿ ਬਾਰੇ ਜਾਣਕਾਰੀ ਲਈ ਉਥੇ ਮੰਡੀ ਵਿੱਚ ਪੇਸ਼ ਸਮੱਸਿਆਵਾਂ ਵੀ ਪੁੱਛੀਆਂ। ਇਸ ਦੌਰਾਨ ਉਨ੍ਹਾਂ ਪੂਰੀ ਮੰਡੀ ਦਾ ਪੈਦਲ ਚੱਕਰ ਲਾਇਆ ਤੇ ਘੋੜੇਆਂ, ਪੰਛੀਆਂ ਤੇ ਕੁੱਤਿਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ।
ਸਫਾਈ ਤੇ ਸੁਰੱਖਿਆ ਦੇ ਹੋਣ ਪੁਖਤਾ ਪ੍ਰਬੰਧ
ਇਸ ਦੌਰਾਨ ਉਨ੍ਹਾਂ ਮੰਡੀ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਸਫਾਈ ਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਕਿਸੇ ਹੰਗਾਮੀ ਹਾਲਤ ਦੀ ਸੂਚਨਾ ਦੇਣ ਲਈ ਸਪੀਕਰ ਲਾਏ ਜਾਣ। ਹੰਗਾਮੀ ਹਾਲਤ ਚ ਪਸ਼ੂਆਂ ਤੇ ਲੋਕਾਂ ਦੇ ਲੰਘਣ ਵਾਸਤੇ ਵੱਖਰੇ ਰਸਤੇ ਬਣਾਏ ਜਾਣ। ਟੈਂਟ ਦੇ ਖਰਚੇ ਤੈਅ ਕਰਕੇ ਉਨ੍ਹਾਂ ਦੀ ਰੇਟ ਲਿਸਟ ਲਾਈ ਜਾਵੇ। ਇਸ ਮੌਕੇ ADC ਤੇ ਹੋਰ ਅਧਿਕਾਰੀ ਵੀ ਮੋਜੂਦ ਸਨ।