T20 World Cup 2024: ਟੀਮ ਇੰਡੀਆ ਨੇ 2 ਅਭਿਆਸ ਮੈਚ ਖੇਡਣ ਆਫ਼ਰ ਨੂੰ ਦਿੱਤਾ ਠੁਕਰਾ, ਇਹ ਹੈ ਕਾਰਨ
ਹੁਣ ਟੀ-20 ਵਿਸ਼ਵ ਕੱਪ 'ਚ ਕੁਝ ਹੀ ਦਿਨ ਬਚੇ ਹਨ। ਭਾਰਤੀ ਟੀਮ ਜਲਦੀ ਹੀ ਅਮਰੀਕਾ ਲਈ ਰਵਾਨਾ ਹੋਵੇਗੀ। ਆਈਪੀਐਲ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਮ ਨੂੰ ਦੋ ਬੈਚ ਵਿੱਚ ਭੇਜਣ ਦੀ ਯੋਜਨਾ ਬਣਾਈ ਗਈ ਹੈ। ਪਰ ਇਸ ਤੋਂ ਪਹਿਲਾਂ ਬੀਸੀਸੀਆਈ ਨੇ ਵੱਡਾ ਫੈਸਲਾ ਲਿਆ ਹੈ।

ਟੀ-20 ਵਿਸ਼ਵ ਕੱਪ 2024 2 ਜੂਨ ਤੋਂ ਸ਼ੁਰੂ ਹੋਵੇਗਾ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਆਈਸੀਸੀ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਹਰ ਵਾਰ ਦੀ ਤਰ੍ਹਾਂ ਗਰੁੱਪ ਪੜਾਅ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਟੀਮਾਂ ਦੋ ਅਭਿਆਸ ਮੈਚ ਖੇਡਣਗੀਆਂ। ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਟੀਮ ਸਿਰਫ਼ ਇੱਕ ਅਭਿਆਸ ਮੈਚ ਖੇਡੇਗੀ। ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਆਈਸੀਸੀ ਅਤੇ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਦੋ ਅਭਿਆਸ ਮੈਚਾਂ ਦੀ ਪੇਸ਼ਕਸ਼ ਕੀਤੀ ਸੀ, ਜਿਨ੍ਹਾਂ ਵਿੱਚੋਂ ਇੱਕ ਫਲੋਰੀਡਾ ਅਤੇ ਦੂਜਾ ਨਿਊਯਾਰਕ ਵਿੱਚ ਖੇਡਿਆ ਜਾਣਾ ਸੀ। ਪਰ ਬੀਸੀਸੀਆਈ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਭਾਰਤੀ ਕ੍ਰਿਕਟ ਬੋਰਡ ਨੇ ਅਜਿਹਾ ਕਿਉਂ ਕੀਤਾ।
ਟੀਮ ਇੰਡੀਆ ਨੇ ਕਿਉਂ ਲਿਆ ਇਹ ਫੈਸਲਾ?
ਟੀ-20 ਵਿਸ਼ਵ ਕੱਪ ਦੇ ਅਭਿਆਸ ਮੈਚ 26 ਮਈ ਤੋਂ ਸ਼ੁਰੂ ਹੋ ਸਕਦੇ ਹਨ, ਮਤਲਬ ਇਸ ‘ਚ ਸਿਰਫ 10 ਦਿਨ ਬਚੇ ਹਨ। ਜਦੋਂ ਕਿ ਆਈਪੀਐਲ ਦਾ ਫਾਈਨਲ 26 ਮਈ ਨੂੰ ਖੇਡਿਆ ਜਾਵੇਗਾ। ਅਜਿਹੇ ‘ਚ ਪੂਰੀ ਭਾਰਤੀ ਟੀਮ ਸਮੇਂ ‘ਤੇ ਅਮਰੀਕਾ ਨਹੀਂ ਪਹੁੰਚ ਸਕੇਗੀ। ਇਸ ਲਈ ਬੀਸੀਸੀਆਈ ਨੇ ਟੀਮ ਨੂੰ ਦੋ ਬੈਚ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਦਾ ਪਹਿਲਾ ਬੈਚ ਆਈਪੀਐਲ ਫਾਈਨਲ ਤੋਂ ਇਕ ਦਿਨ ਪਹਿਲਾਂ 25 ਮਈ ਨੂੰ ਅਮਰੀਕਾ ਲਈ ਰਵਾਨਾ ਹੋਵੇਗਾ। ਜਦਕਿ ਦੂਜਾ ਬੈਚ 26 ਮਈ ਨੂੰ ਹੋਣ ਵਾਲੇ ਫਾਈਨਲ ਮੈਚ ਤੋਂ ਬਾਅਦ ਜਾਵੇਗਾ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਨੇ ਕਿਹਾ ਹੈ ਕਿ ਦੋ ਮਹੀਨੇ ਤੱਕ ਆਈਪੀਐਲ ਖੇਡਣ ਤੋਂ ਬਾਅਦ ਕਈ ਖਿਡਾਰੀ ਪਹਿਲਾਂ ਹੀ ਥੱਕ ਚੁੱਕੇ ਹਨ। ਭਾਰਤੀ ਟੀਮ ਨਿਊਯਾਰਕ ‘ਚ ਰਹੇਗੀ ਅਤੇ ਬੋਰਡ ਨਹੀਂ ਚਾਹੁੰਦਾ ਕਿ ਕ੍ਰਿਕਟਰ ਟ੍ਰੈਵਲ ਕਰਕੇ ਫਲੋਰੀਡਾ ਜਾਣ। ਇਸ ਲਈ ਬੀਸੀਸੀਆਈ ਨੂੰ ਇਹ ਫੈਸਲਾ ਲੈਣਾ ਪਿਆ ਹੈ।
ਇਸ ਸੂਚੀ ਵਿੱਚ ਪਾਕਿਸਤਾਨ-ਇੰਗਲੈਂਡ ਵੀ ਸ਼ਾਮਲ
ਭਾਰਤ ਤੋਂ ਇਲਾਵਾ ਇੰਗਲੈਂਡ ਅਤੇ ਪਾਕਿਸਤਾਨ ਨੇ ਵੀ ਇੱਕ ਅਭਿਆਸ ਮੈਚ ਖੇਡਣ ਦਾ ਫੈਸਲਾ ਕੀਤਾ ਹੈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਸੀਰੀਜ਼ ਹੋਣੀ ਹੈ, ਜੋ 30 ਮਈ ਨੂੰ ਖਤਮ ਹੋਵੇਗੀ। ਅਜਿਹੇ ‘ਚ ਉਨ੍ਹਾਂ ਕੋਲ ਵੀ ਅਭਿਆਸ ਮੈਚ ਖੇਡਣ ਦਾ ਸਮਾਂ ਨਹੀਂ ਹੋਵੇਗਾ। ਹਾਲਾਂਕਿ ਆਈਸੀਸੀ ਨੇ ਅਜੇ ਤੱਕ ਇਸ ਦੇ ਲਈ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਪਰ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ 1 ਜੂਨ ਨੂੰ ਬੰਗਲਾਦੇਸ਼ ਖਿਲਾਫ ਖੇਡ ਸਕਦੀ ਹੈ। ਇਹ ਅਭਿਆਸ ਮੈਚ ਨਿਊਯਾਰਕ ਵਿੱਚ ਹੀ ਕਰਵਾਇਆ ਜਾਵੇਗਾ।
ਭਾਰਤ ਦਾ ਮੈਚ ਕਦੋਂ ਹੈ?
ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਸਾਰੇ ਮੈਚ ਨਿਊਯਾਰਕ ‘ਚ ਹੀ ਖੇਡੇਗੀ। ਇਸ ਵਾਰ ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ, ਭਾਰਤ ਦੇ ਗਰੁੱਪ ਵਿੱਚ ਹਨ। ਟੀਮ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਨਾਲ ਹੋਵੇਗਾ। ਇਸ ਤੋਂ ਬਾਅਦ 9 ਜੂਨ ਨੂੰ ਪਾਕਿਸਤਾਨ ਦਾ ਹਾਈ ਵੋਲਟੇਜ ਮੈਚ ਹੋਣਾ ਹੈ। 12 ਜੂਨ ਨੂੰ ਅਮਰੀਕਾ ਅਤੇ 15 ਜੂਨ ਨੂੰ ਕੈਨੇਡਾ ਨਾਲ ਟੱਕਰ ਹੋਵੇਗੀ।