IPL 2025 ਦੇ ਫਾਈਨਲ ਵਿੱਚ ਹਾਰ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਕੀਤਾ ਵੱਡਾ ਐਲਾਨ
ਆਈਪੀਐਲ 2025 ਵਿੱਚ, ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਪਰ ਉਹ ਖਿਤਾਬ ਤੋਂ ਇੱਕ ਕਦਮ ਦੂਰ ਰਹੇ। ਟੀਮ ਦੀ ਇਸ ਹਾਰ ਤੋਂ ਬਾਅਦ, ਸ਼੍ਰੇਅਸ ਅਈਅਰ ਨੇ ਆਪਣੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਇੱਕ ਵੱਡਾ ਐਲਾਨ ਕੀਤਾ।

ਇੰਡੀਅਨ ਪ੍ਰੀਮੀਅਰ ਲੀਗ 2025 ਦਾ ਫਾਈਨਲ ਮੈਚ ਰੋਮਾਂਚਕ ਅਤੇ ਭਾਵਨਾਤਮਕ ਪਲਾਂ ਨਾਲ ਭਰਿਆ ਹੋਇਆ ਸੀ। 3 ਜੂਨ 2025 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਆਈਪੀਐਲ ਟਰਾਫੀ ਜਿੱਤੀ। ਇਸ ਹਾਰ ਤੋਂ ਬਾਅਦ, ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਨਿਰਾਸ਼ਾ ਜ਼ਾਹਰ ਕੀਤੀ, ਪਰ ਆਪਣੀ ਟੀਮ ਦੇ ਪ੍ਰਦਰਸ਼ਨ ਅਤੇ ਨੌਜਵਾਨ ਖਿਡਾਰੀਆਂ ਦੀ ਨਿਡਰਤਾ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ, ਉਹਨਾਂ ਨੇ ਅਗਲੇ ਸੀਜ਼ਨ ਦੇ ਸੰਬੰਧ ਵਿੱਚ ਇੱਕ ਵੱਡਾ ਐਲਾਨ ਵੀ ਕੀਤਾ।
ਸ਼੍ਰੇਅਸ ਅਈਅਰ ਨੇ ਕੀਤਾ ਵੱਡਾ ਐਲਾਨ
ਫਾਈਨਲ ਵਿੱਚ, ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 190 ਦੌੜਾਂ ਬਣਾਈਆਂ, ਜਿਸ ਵਿੱਚ ਵਿਰਾਟ ਕੋਹਲੀ ਦੀ 43 ਦੌੜਾਂ ਦੀ ਪਾਰੀ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਵਿਸਫੋਟਕ ਬੱਲੇਬਾਜ਼ੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਵਾਬ ਵਿੱਚ, ਪੰਜਾਬ ਕਿੰਗਜ਼ ਨੇ ਜੋਸ਼ ਇੰਗਲਿਸ (39 ਦੌੜਾਂ) ਅਤੇ ਪ੍ਰਭਸਿਮਰਨ ਸਿੰਘ (26 ਦੌੜਾਂ) ਦੀ ਸਥਿਰ ਸ਼ੁਰੂਆਤ ਨਾਲ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪਰ ਆਰਸੀਬੀ ਦੇ ਆਲਰਾਊਂਡਰ ਕਰੁਣਾਲ ਪੰਡਯਾ ਨੇ ਆਪਣੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਨਾਲ ਮੈਚ ਦਾ ਰੁਖ਼ ਬਦਲ ਦਿੱਤਾ। ਜਿਸ ਤੋਂ ਬਾਅਦ ਆਰਸੀਬੀ ਦੇ ਗੇਂਦਬਾਜ਼ਾਂ ਨੇ ਮੈਚ ‘ਤੇ ਦਬਦਬਾ ਬਣਾਇਆ ਅਤੇ 6 ਦੌੜਾਂ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੇ।
ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ, ਸ਼੍ਰੇਅਸ ਅਈਅਰ ਨੇ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ, ‘ਨਿਸ਼ਚਿਤ ਤੌਰ ‘ਤੇ ਨਿਰਾਸ਼ਾ ਹੈ, ਕਿਉਂਕਿ ਅਸੀਂ ਬਹੁਤ ਨੇੜੇ ਸੀ। ਪਰ ਜਿਸ ਤਰ੍ਹਾਂ ਅਸੀਂ ਇਸ ਸੀਜ਼ਨ ਵਿੱਚ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਪਹੁੰਚੇ, ਉਸਦਾ ਪੂਰਾ ਸਿਹਰਾ ਸਾਡੇ ਪ੍ਰਬੰਧਨ ਅਤੇ ਹਰ ਖਿਡਾਰੀ ਨੂੰ ਜਾਂਦਾ ਹੈ। ਇੱਥੇ ਖੇਡੇ ਗਏ ਆਖਰੀ ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਨੂੰ ਨਿੱਜੀ ਤੌਰ ‘ਤੇ ਮਹਿਸੂਸ ਹੋਇਆ ਕਿ 200 ਦਾ ਸਕੋਰ ਬਰਾਬਰ ਸੀ। ਪਰ ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਕਰੁਣਾਲ ਸ਼ਾਨਦਾਰ ਸੀ, ਉਸਨੇ ਆਪਣੇ ਤਜਰਬੇ ਦੀ ਵਰਤੋਂ ਕੀਤੀ, ਇਹੀ ਮੋੜ ਸੀ। ਸਾਡੀ ਟੀਮ ਦੇ ਸਾਰਿਆਂ ‘ਤੇ ਮਾਣ ਹੈ, ਬਹੁਤ ਸਾਰੇ ਨੌਜਵਾਨ ਆਪਣਾ ਪਹਿਲਾ ਸੀਜ਼ਨ ਖੇਡੇ। ਉਨ੍ਹਾਂ ਦੀ ਨਿਡਰਤਾ ਸ਼ਾਨਦਾਰ ਸੀ। ਕੰਮ ਅਜੇ ਵੀ ਅੱਧਾ ਰਹਿ ਗਿਆ ਹੈ, ਸਾਨੂੰ ਅਗਲੇ ਸਾਲ ਇਸਨੂੰ ਜਿੱਤਣਾ ਹੈ। ਜਿਸ ਤਰ੍ਹਾਂ ਅਸੀਂ ਹਰ ਮੈਚ ਦਾ ਸਾਹਮਣਾ ਕੀਤਾ ਉਹ ਸਕਾਰਾਤਮਕ ਸੀ, ਉਨ੍ਹਾਂ ਨੇ ਬਹੁਤ ਸਾਰਾ ਤਜਰਬਾ ਹਾਸਲ ਕੀਤਾ ਹੈ ਅਤੇ ਅਸੀਂ ਅਗਲੇ ਸਾਲ ਇਸ ‘ਤੇ ਕੰਮ ਕਰ ਸਕਦੇ ਹਾਂ।’
ਪੰਜਾਬ ਕਿੰਗਜ਼ ਦਾ ਸ਼ਾਨਦਾਰ ਸੀਜ਼ਨ
ਆਈਪੀਐਲ 2025 ਵਿੱਚ ਪੰਜਾਬ ਕਿੰਗਜ਼ ਦਾ ਸਫ਼ਰ ਬਹੁਤ ਵਧੀਆ ਰਿਹਾ। ਸੀਜ਼ਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾ ਰਿਹਾ ਸੀ, ਪਰ ਸ਼੍ਰੇਅਸ ਅਈਅਰ ਦੀ ਕਪਤਾਨੀ ਅਤੇ ਨੌਜਵਾਨ ਖਿਡਾਰੀਆਂ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਫਾਈਨਲ ਵਿੱਚ ਪਹੁੰਚਾਇਆ। ਪੰਜਾਬ ਕਿੰਗਜ਼ ਦੀ ਟੀਮ ਲੀਗ ਪੜਾਅ ਵਿੱਚ ਸਿਖਰ ‘ਤੇ ਰਹੀ, ਫਿਰ ਮੁੰਬਈ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਪਰ ਉਹ ਖਿਤਾਬ ਤੋਂ ਇੱਕ ਕਦਮ ਦੂਰ ਰਹੀ ਗਈ।
ਇਹ ਵੀ ਪੜ੍ਹੋ