ਮੁੰਬਈ ਇੰਡੀਅਨਜ਼ ਨੇ ਬਣਾਈ ਜਿੱਤ ਦੀ ਹੈਟ੍ਰਿਕ, ਚੇਨਈ ਸੁਪਰ ਕਿੰਗਜ਼ ਤੋਂ ਲਿਆ ਹਾਰ ਦਾ ਬਦਲਾ
IPL 2025: ਆਈਪੀਐਲ 2025 ਦੇ 38ਵੇਂ ਮੈਚ ਵਿੱਚ, ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਨ੍ਹਾਂ ਦੇ ਘਰ ਵਿੱਚ ਇੱਕ ਸਨਸਨੀਖੇਜ਼ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਰੋਹਿਤ ਸ਼ਰਮਾ ਦੇ ਬੱਲੇ ਤੋਂ ਇੱਕ ਅਰਧ ਸੈਂਕੜਾ ਵੀ ਨਿਕਲਿਆ, ਜੋ ਕਿ ਇਸ ਸੀਜ਼ਨ ਵਿੱਚ ਉਸਦਾ ਪਹਿਲਾ 50+ ਸਕੋਰ ਹੈ।

Mumbai Indians vs Chennai super kings: ਮੁੰਬਈ ਇੰਡੀਅਨਜ਼ ਦੀ ਟੀਮ ਆਈਪੀਐਲ ਵਿੱਚ ਮਾੜੀ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਨ ਲਈ ਜਾਣੀ ਜਾਂਦੀ ਹੈ। ਇਸ ਸੀਜ਼ਨ ਵਿੱਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ, ਜਿਸਨੇ ਪਹਿਲੇ 5 ਮੈਚਾਂ ਵਿੱਚ ਸਿਰਫ਼ 1 ਜਿੱਤ ਦਰਜ ਕੀਤੀ ਸੀ, ਨੇ ਹੁਣ ਜਿੱਤਾਂ ਦੀ ਹੈਟ੍ਰਿਕ ਹਾਸਲ ਕਰ ਲਈ ਹੈ। ਆਈਪੀਐਲ 2025 ਦਾ 38ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੀਆਂ ਟੀਮਾਂ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ, ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਨੇ ਇੱਕ ਆਸਾਨ ਜਿੱਤ ਦਰਜ ਕੀਤੀ ਅਤੇ ਸੀਐਸਕੇ ਤੋਂ ਆਪਣੀ ਹਾਰ ਦਾ ਬਦਲਾ ਲੈ ਲਿਆ।
ਮੁੰਬਈ ਇੰਡੀਅਨਜ਼ ਦੀ ਹੈਟ੍ਰਿਕ
ਮੁੰਬਈ ਇੰਡੀਅਨਜ਼ ਨੇ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡਿਆ, ਜਿੱਥੇ ਉਹ 4 ਵਿਕਟਾਂ ਨਾਲ ਹਾਰ ਗਿਆ। ਪਰ ਉਨ੍ਹਾਂ ਨੇ ਇਹ ਮੈਚ ਜਿੱਤ ਕੇ ਸਕੋਰ ਬਰਾਬਰ ਕਰ ਦਿੱਤਾ। ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਸਹੀ ਸਾਬਤ ਹੋਇਆ। ਉੱਚ ਸਕੋਰ ਵਾਲੀ ਪਿੱਚ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ, ਚੇਨਈ ਸੁਪਰ ਕਿੰਗਜ਼ ਦੀ ਟੀਮ 20 ਓਵਰਾਂ ‘ਚ ਸਿਰਫ਼ 176 ਦੌੜਾਂ ਹੀ ਬਣਾ ਸਕੀ।
ਚੇਨਈ ਸੁਪਰ ਕਿੰਗਜ਼ ਦੀ ਟੀਮ ਪਹਿਲੇ 11 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 73 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਸ਼ਿਵਮ ਦੂਬੇ ਨੇ ਅਰਧ ਸੈਂਕੜੇ ਲਗਾਏ ਅਤੇ ਆਪਣੀ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਸ਼ਿਵਮ ਦੂਬੇ ਨੇ 32 ਗੇਂਦਾਂ ‘ਚ 50 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਰਵਿੰਦਰ ਜਡੇਜਾ 35 ਗੇਂਦਾਂ ‘ਚ 53 ਦੌੜਾਂ ਬਣਾ ਕੇ ਅਜੇਤੂ ਰਹੇ। ਇਨ੍ਹਾਂ ਤੋਂ ਇਲਾਵਾ 17 ਸਾਲਾ ਆਯੁਸ਼ ਮਹਾਤਰੇ ਨੇ 15 ਗੇਂਦਾਂ ਵਿੱਚ 32 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਸ਼ੇਖ ਰਾਸ਼ਿਦ ਨੇ ਵੀ 19 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਪਾਸੇ, ਮੁੰਬਈ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਦੀਪਕ ਚਾਹਰ, ਅਸ਼ਵਨੀ ਕੁਮਾਰ ਤੇ ਚੈਲ ਸੈਂਟਨਰ ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ।
ਰੋਹਿਤ ਸ਼ਰਮਾ ਦੇ ਬੱਲੇ ਤੋਂ ਆਇਆ ਅਰਧ ਸੈਂਕੜਾ
ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਇੱਕ ਜ਼ਬਰਦਸਤ ਪਾਰੀ ਖੇਡੀ ਅਤੇ ਆਪਣੀ ਟੀਮ ਲਈ ਦੌੜਾਂ ਦਾ ਪਿੱਛਾ ਕਰਨਾ ਕਾਫ਼ੀ ਆਸਾਨ ਬਣਾ ਦਿੱਤਾ। ਉਹ ਇਸ ਸੀਜ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਬਣਾਉਣ ਵਿੱਚ ਕਾਮਯਾਬ ਰਿਹੇ। ਉਨ੍ਹਾਂ ਦੀ ਫਾਰਮ ਵਿੱਚ ਵਾਪਸੀ ਮੁੰਬਈ ਲਈ ਇੱਕ ਚੰਗਾ ਸੰਕੇਤ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ ਵੀ ਅਰਧ-ਸੈਂਕੜਾ ਪਾਰੀ ਖੇਡੀ। ਰੋਹਿਤ ਨੇ ਅਜੇਤੂ 76 ਅਤੇ ਸੂਰਿਆ ਨੇ ਅਜੇਤੂ 68 ਦੌੜਾਂ ਬਣਾਈਆਂ, ਜਿਸ ਨਾਲ ਮੁੰਬਈ ਨੇ ਮੈਚ 9 ਵਿਕਟਾਂ ਨਾਲ ਜਿੱਤ ਲਿਆ।