ਚੰਡੀਗੜ੍ਹ ਦੇ ਡੀਜੀਪੀ ਅਤੇ ਪਤਨੀ ਵਿਆਹ ਸਮਾਗਮ ਦੌਰਾਨ ਜ਼ਖਮੀ
ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਗਿਆ। ਡੀਜੀਪੀ ਦੇ ਸਿਰ 'ਤੇ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਮਾਲਵਿਕਾ ਨੂੰ ਵੀ 4 ਟਾਂਕੇ ਲੱਗੇ ਹਨ।

ਚੰਡੀਗੜ੍ਹ: ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਿਸ(ਡੀਜੀਪੀ) ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ ‘ਚ ਵਿਆਹ ਸਮਾਗਮ ਦੌਰਾਨ ਵਾਪਰਿਆ। ਇੱਥੇ ਲਗਾਇਆ ਗਿਆ ਟੈਂਟ ਤੇਜ਼ ਹਵਾਵਾਂ ਕਾਰਨ ਪਿੱਲਰ ਸਮੇਤ ਹੇਠਾਂ ਡਿੱਗ ਗਿਆ। ਇਸ ਕਾਰਨ ਡੀਜੀਪੀ, ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਗੁਰਮੁਖ ਸਿੰਘ ਜ਼ਖ਼ਮੀ ਹੋ ਗਏ। ਚੰਡੀਗੜ੍ਹ ਦੇ ਐਸਐਚਓ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ।
ਕੀਤੇ ਗਏ ਪੀਜੀਆਈ ਰੈਫਰ –
ਹਾਦਸੇ ਤੋਂ ਬਾਅਦ ਡੀਜੀਪੀ ਸਮੇਤ ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਗਿਆ। ਡੀਜੀਪੀ ਦੇ ਸਿਰ ‘ਤੇ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਮਾਲਵਿਕਾ ਨੂੰ ਵੀ 4 ਟਾਂਕੇ ਲੱਗੇ ਹਨ। ਬਾਅਦ ਵਿੱਚ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦਕਿ ਡੀਐਸਪੀ ਗੁਰਮੁੱਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ ਤੇ ਸੱਟਾਂ ਲੱਗੀਆਂ ਹਨ।
ਖੁੱਲ੍ਹੀ ਥਾਂ ਤੇ ਲੱਗੇ ਟੈਂਟ ਕਾਰਨ ਹਾਦਸਾ
ਇਹ ਘਟਨਾ ਸੈਕਟਰ 3 ਥਾਣੇ ਦੇ ਐਸਐਚਓ ਸੁਖਦੀਪ ਸਿੰਘ ਦੀ ਲੜਕੀ ਦੇ ਵਿਆਹ ਸਮਾਗਮ ਵਿੱਚ ਵਾਪਰੀ। ਉਨ੍ਹਾਂ ਨੇ ਡੀਜੀਪੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਦਾ ਦਿੱਤਾ ਸੀ। ਜਾਣਕਾਰੀ ਅਨੁਸਾਰ ਲੇਕ ਕਲੱਬ ਵਿੱਚ ਟੈਂਟ ਆਦਿ ਲਗਾਉਣ ਦਾ ਪ੍ਰਬੰਧ ਬਾਹਰੀ ਠੇਕੇਦਾਰ ਵੱਲੋਂ ਕੀਤਾ ਗਿਆ ਸੀ। ਟੈਂਟ ਤੋਂ ਲੈ ਕੇ ਕੇਟਰਿੰਗ ਤੱਕ ਦਾ ਪ੍ਰਬੰਧ ਬਾਹਰੋਂ ਕੀਤਾ ਗਿਆ ਸੀ। ਲੇਕ ਕਲੱਬ ਰੈਸਟੋਰੈਂਟ ਦੇ ਸਾਹਮਣੇ ਟੈਂਟ ਲਾਇਆ ਹੋਇਆ ਸੀ। ਐਤਵਾਰ ਨੂੰ ਬਹੁਤ ਤੇਜ਼ ਹਵਾ ਚੱਲ ਰਹੀ ਸੀ। ਆਮ ਦਿਨਾਂ ਵਿਚ ਵੀ ਲੇਕ ਕਲੱਬ ਰੈਸਟੋਰੈਂਟ ਦੇ ਸਾਹਮਣੇ ਵਾਲੇ ਪਾਸੇ ਹਵਾ ਦਾ ਦਬਾਅ ਜ਼ਿਆਦਾ ਰਹਿੰਦਾ ਹੈ ਕਿਉਂਕਿ ਇਹ ਚਾਰੇ ਪਾਸਿਓਂ ਖੁੱਲ੍ਹਾ ਰਹਿੰਦਾ ਹੈ। ਦੁਪਹਿਰ ਇੱਕ ਵਜੇ ਦੇ ਕਰੀਬ ਡੀਜੀਪੀ ਅਤੇ ਹੋਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ ਸਨ। ਇਸ ਦੌਰਾਨ ਤੇਜ਼ ਹਨੇਰੀ ਨਾਲ ਟੈਂਟ ਉਖੜ ਗਿਆ ਅਤੇ ਹੇਠਾਂ ਖੜ੍ਹੇ ਮਹਿਮਾਨਾਂ ‘ਤੇ ਡਿੱਗ ਪਿਆ।