ਪੰਜਾਬ ‘ਚ ਪਰਾਲੀ ਜਲਾਉਣ ਦੇ 308 ਮਾਮਲੇ, 147 FIR ਦਰਜ, ਤਰਨਤਾਰਨ ‘ਚ ਸਭ ਤੋਂ ਵੱਧ ਕੇਸ
Punjab Stubble Burning Cases: ਤਰਨਤਾਰਨ ਜ਼ਿਲ੍ਹੇ 'ਚ ਹੁਣ ਤੱਕ ਪਰਾਲੀ ਜਲਾਉਣ ਦੇ ਸਭ ਤੋਂ ਵੱਧ 113 ਮਾਮਲੇ ਆਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ 'ਚ 104 ਮਾਮਲੇ ਸਾਹਮਣੇ ਆਏ ਹਨ। ਫਿਰੋਜ਼ਪੁਰ 'ਚ ਪਰਾਲੀ ਜਲਾਉਣ ਦੇ 16, ਪਟਿਆਲਾ 'ਚ 15 ਤੇ ਗੁਰਦਾਸਪੁਰ 'ਚ 7 ਮਾਮਲੇ ਆਏ ਹਨ।
ਪੰਜਾਬ ‘ਚ ਪਰਾਲੀ ਜਲਾਉਣ ਦੀ ਮਾਮਲੇ ਹੁਣ 308 ਹੋ ਗਏ ਹਨ। ਤਰਨਤਾਰਨ ਤੇ ਅੰਮ੍ਰਿਤਸਰ ‘ਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। 15 ਸਤੰਬਰ ਤੋਂ 19 ਅਕਤੂਬਰ ਵਿਚਕਾਰ ਦਰਜ ਮਾਮਲਿਆਂ ‘ਚ 147 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ 6 ਲੱਖ 50 ਹਜ਼ਾਰ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸੂਬੇ ਸਰਕਾਰ ਨੇ ਜਾਗਰੂਕਤਾ ਅਭਿਆਨ ਚਲਾਇਆ ਹੋਇਆ ਹੈ, ਪਰ ਅਜੇ ਵੀ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ।
ਤਰਨਤਾਰਨ ਜ਼ਿਲ੍ਹੇ ‘ਚ ਹੁਣ ਤੱਕ ਪਰਾਲੀ ਜਲਾਉਣ ਦੇ ਸਭ ਤੋਂ ਵੱਧ 113 ਮਾਮਲੇ ਆਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ‘ਚ 104 ਮਾਮਲੇ ਸਾਹਮਣੇ ਆਏ ਹਨ। ਫਿਰੋਜ਼ਪੁਰ ‘ਚ ਪਰਾਲੀ ਜਲਾਉਣ ਦੇ 16, ਪਟਿਆਲਾ ‘ਚ 15 ਤੇ ਗੁਰਦਾਸਪੁਰ ‘ਚ 7 ਮਾਮਲੇ ਆਏ ਹਨ। ਦੱਸ ਦੇਈਏ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਅਗਲੀ ਫਸਲ ਦੀ ਬਿਜਾਈ ਲਈ ਬਹੁਤ ਘੱਟ ਸਮਾਂ ਮਿਲਦਾ ਹੈ, ਇਸ ਦੇ ਨਾਲ ਹੀ ਕਿਸਾਨਾਂ ਕੋਲ ਵਿਕਲਪ ਘੱਟ ਹੋਣ ਕਾਰਨ, ਉਹ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਅੱਗ ਲਗਾਉਣ ਨਾਲ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਦੇ ਹੋਰ ਖਰਚਿਆਂ ਤੋਂ ਰਾਹਤ ਮਿਲਦੀ ਹੈ।
ਪੀਪੀਸੀਬੀ ਦੇ ਅੰਕੜਿਆਂ ਅਨੁਸਾਰ, ਹੁਣ ਤੱਕ 132 ਮਾਮਲਿਆਂ ‘ਚ ਵਾਤਾਵਰਣ ਦੇ ਨੁਕਸਾਨ ਦੀ ਭਰਪਾਈ ਦੇ ਤੌਰ ‘ਤੇ 6 ਲੱਖ 50 ਹਜ਼ਾਰ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ‘ਚ ਕੁੱਲ ਜ਼ੁਰਮਾਨੇ ‘ਚੋਂ 4 ਲੱਖ 70 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕਰ ਲਈ ਗਈ ਹੈ। ਪੰਜਾਬ ‘ਚ ਪਰਾਲੀ ਜਲਾਉਣ ਦੀ ਘਟਨਾਵਾਂ ਨੂੰ ਲੈ ਕੇ 147 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ ਸਭ ਤੋਂ 61 ਤਰਨਤਾਰਨ ਤੇ ਅੰਮ੍ਰਿਤਸਰ ‘ਚ 37 ਐਫਆਈਆਰ ਦਰਜ ਕੀਤੀਆਂ ਹਨ। ਭਾਰਤੀ ਨਿਆਂ ਸਹਿਤਾ ਦੀ ਧਾਰਾ 223 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਪਰਾਲੀ ਜਲਾਉਣ ਦੇ ਮਾਮਲਿਆਂ ‘ਚ ਆਈ ਕਮੀ
ਪੰਜਾਬ ‘ਚ 2024 ‘ਚ ਪਰਾਲੀ ਜਲਾਉਣ ਦੀਆਂ 10 ਹਜ਼ਾਰ 909 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਦਕਿ 2023 ‘ਚ ਇਹ ਮਾਮਲੇ 36 ਹਜ਼ਾਰ 663 ਸਨ। ਸੂਬੇ ‘ਚ 2022 ‘ਚ ਪਰਾਲੀ ਜਲਾਉਣ ਦੇ 49 ਹਜ਼ਾਰ 922 ਮਾਮਲੇ ਦਰਜ ਕੀਤੇ ਗਏ ਸਨ। 2021 ‘ਚ 71 ਹਜ਼ਾਰ 304 ਤੇ 2020 ‘ਚ 76 ਹਜ਼ਾਰ 590 ਮਾਮਲੇ ਦਰਜ ਕੀਤੇ ਗਏ ਸਨ। 2019 ‘ਚ 55 ਹਜ਼ਾਰ 210 ਮਾਮਲੇ ਤੇ 2018 ‘ਚ 50 ਹਜ਼ਾਰ 590 ਮਾਮਲੇ ਸਾਹਮਣੇ ਆਏ ਸਨ।