ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖਿਆ ਪੱਤਰ, 20 ਸਤੰਬਰ ਨੂੰ ਮਾਨਵਤਾਵਾਦੀ ਸੇਵਾ ਦਿਵਸ ਐਲਾਨਣ ਦੀ ਮੰਗ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਹਿਮ ਪੱਤਰ ਲਿਖ ਕੇ ਮਹਾਨ ਮਾਨਵਤਾਵਾਦੀ ਭਾਈ ਘਨੱਈਆ ਜੀ ਦੀ ਪਵਿੱਤਰ ਯਾਦ ਵਿੱਚ ਹਰ ਸਾਲ 20 ਸਤੰਬਰ ਨੂੰ ਰਾਸ਼ਟਰੀ ਪੱਧਰ 'ਤੇ 'ਭਾਈ ਘਨੱਈਆ ਜੀ ਮਾਨਵਤਾਵਾਦੀ ਸੇਵਾ ਦਿਵਸ' ਵਜੋਂ ਮਨਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਹਿਮ ਪੱਤਰ ਲਿਖ ਕੇ ਮਹਾਨ ਮਾਨਵਤਾਵਾਦੀ ਭਾਈ ਘਨੱਈਆ ਜੀ ਦੀ ਪਵਿੱਤਰ ਯਾਦ ਵਿੱਚ ਹਰ ਸਾਲ 20 ਸਤੰਬਰ ਨੂੰ ਰਾਸ਼ਟਰੀ ਪੱਧਰ ‘ਤੇ ‘ਭਾਈ ਘਨੱਈਆ ਜੀ ਮਾਨਵਤਾਵਾਦੀ ਸੇਵਾ ਦਿਵਸ’ ਵਜੋਂ ਮਨਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਪੱਤਰ ਵਿੱਚ ਦਰਜ ਕੀਤਾ ਕਿ ਭਾਈ ਘਨੱਈਆ ਜੀ ਨੇ ਸਮੁੱਚੀ ਮਨੁੱਖਤਾ, ਦਇਆ, ਨਿਸ਼ਕਾਮ ਸੇਵਾ ਅਤੇ ਆਪਸੀ ਭਾਈਚਾਰਕ ਸਾਂਝ ਦੀ ਅਜਿਹੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ, ਜੋ ਅੱਜ ਵੀ ਸਮੁੱਚੇ ਵਿਸ਼ਵ ਲਈ ਵੱਡਾ ਪ੍ਰੇਰਨਾ ਸਰੋਤ ਬਣੀ ਹੋਈ ਹੈ।
ਉਨ੍ਹਾਂ ਜ਼ਿਕਰ ਕੀਤਾ ਕਿ ਸਾਲ 1704 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧ ਦੌਰਾਨ ਭਾਈ ਘਨੱਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਜ਼ਖ਼ਮੀ ਹੋਏ ਸੈਨਿਕਾਂ ਨੂੰ ਬਿਨਾਂ ਕਿਸੇ ਧਰਮ, ਜਾਤ ਜਾਂ ਪੱਖਪਾਤ ਦੇ ਜਲ ਛਕਾਇਆ ਅਤੇ ਮੁੱਢਲੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਨੇ ਕਦੇ ਇਹ ਨਹੀਂ ਦੇਖਿਆ ਕਿ ਜ਼ਖ਼ਮੀ ਸਿਪਾਹੀ ਸਿੱਖ ਫ਼ੌਜ ਦਾ ਹੈ ਜਾਂ ਮੁਗ਼ਲ ਤੇ ਪਹਾੜੀ ਰਾਜਿਆਂ ਦੀ ਵਿਰੋਧੀ ਧਿਰ ਦਾ।
ਕੌਮਾਂਤਰੀ ਪੱਧਰ ‘ਤੇ ਮਾਨਤਾ ਦਿਵਾਉਣ ਲਈ ਯਤਨ ਜਾਰੀ
ਇਸ ਸੰਬੰਧੀ ਭਾਈ ਘਨੱਈਆ ਜੀ ਮਿਸ਼ਨ ਦੇ ਬਾਨੀ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਘਨੱਈਆ ਜੀ ਦੀਆਂ ਮਾਨਵਤਾਵਾਦੀ ਸੇਵਾਵਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਢੁਕਵੀਂ ਮਾਨਤਾ ਦਿਵਾਉਣ ਲਈ ਲੰਬੇ ਸਮੇਂ ਤੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਭਾਰਤ ਸਰਕਾਰ, ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ (ICRC) ਨਾਲ ਲਗਾਤਾਰ ਪੱਤਰ-ਵਿਹਾਰ ਕੀਤਾ ਜਾ ਰਿਹਾ ਹੈ।
ਪ੍ਰੋ. ਸੁਨੇਤ ਅਨੁਸਾਰ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ‘ਭਾਈ ਘਨੱਈਆ ਜੀ : ਦਿ ਡਿਊਨਾਂਟ ਆਫ਼ ਇੰਡੀਆ’ (Bhai Ghanaiya Ji : The Dunant of India) ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰੈੱਡ ਕਰਾਸ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ ਪੱਤਰ-ਵਿਹਾਰ ਵਿੱਚ ਵੀ ਯੁੱਧ ਦੇ ਮੈਦਾਨ ਅੰਦਰ ਦੋਸਤ ਅਤੇ ਦੁਸ਼ਮਣ ਦਾ ਭੇਦ ਮਿਟਾ ਕੇ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਅਤੇ ਮੁੱਢਲੀ ਸਹਾਇਤਾ ਦੇਣ ਦੀ ਉਨ੍ਹਾਂ ਦੀ ਸੇਵਾ ਨੂੰ ਮਨੁੱਖੀ ਸਹਾਇਤਾ ਦੇ ਸਰਵਉੱਚ ਅਸੂਲਾਂ ਦੇ ਅਨੁਕੂਲ ਮੰਨਿਆ ਗਿਆ ਹੈ।
ਵਿੱਦਿਅਕ ਅਦਾਰਿਆਂ ‘ਚ ਸੈਮੀਨਾਰ ਚਲਾਉਣ ਦੀ ਮੰਗ
ਪ੍ਰੋ. ਸੁਨੇਤ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ 20 ਸਤੰਬਰ ਨੂੰ ਦੇਸ਼ ਭਰ ਵਿੱਚ ‘ਮਾਨਵਤਾ ਦੀ ਸੇਵਾ ਅਤੇ ਅੰਤਰਰਾਸ਼ਟਰੀ ਭਾਈਚਾਰਾ ਦਿਵਸ’ ਵਜੋਂ ਕੌਮੀ ਪੱਧਰ ‘ਤੇ ਮਨਾਇਆ ਜਾਵੇ। ਉਨ੍ਹਾਂ ਅੱਗੇ ਸੁਝਾਅ ਦਿੰਦਿਆਂ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਭਾਈ ਘਨੱਈਆ ਜੀ ਦੇ ਜੀਵਨ ਅਤੇ ਫ਼ਲਸਫ਼ੇ ‘ਤੇ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਰੈੱਡ ਕਰਾਸ ਦੇ ਦਫ਼ਤਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਅਤੇ ਉਨ੍ਹਾਂ ਦੇ ਪਵਿੱਤਰ ਨਾਮ ‘ਤੇ ਮੁੱਢਲੀ ਸਹਾਇਤਾ ਸਿਖਲਾਈ (First Aid Training), ਖ਼ੂਨਦਾਨ, ਨੇਤਰਦਾਨ ਅਤੇ ਅੰਗਦਾਨ ਦੀਆਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਇਹਨਾਂ ਠੋਸ ਯਤਨਾਂ ਨਾਲ ਬਿਨਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ, ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਹੋਰ ਜ਼ਿਆਦਾ ਬਲ ਮਿਲੇਗਾ।


