Punjab SIR: ਪੰਜਾਬ ‘ਚ SIR ਕਰਨ ਵਾਲੀ IAS ਅਨਿੰਦਿਤਾ ਮਿੱਤਰਾ ਦੀ ਕਹਾਣੀ, ਜਾਣੋ
Punjab SIR: ਦੇਸ਼ ਭਰ ਵਿੱਚ ਇਨ੍ਹੀਂ ਦਿਨੀਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਭਾਵ 'ਸਪੈਸ਼ਲ ਇੰਟੈਂਸਿਵ ਰੀਵਿਜ਼ਨ' (SIR) ਨੂੰ ਲੈ ਕੇ ਭਾਰੀ ਚਰਚਾ ਚੱਲ ਰਹੀ ਹੈ। ਕਈ ਥਾਵਾਂ ਤੇ ਵੋਟਰ ਸੂਚੀਆਂ ਵਿੱਚ ਤਰੁਟੀਆਂ ਮਿਲਣ ਦੀਆਂ ਖ਼ਬਰਾਂ ਹਨ ਤਾਂ ਕਿਤੇ ਫ਼ਾਰਮਾਂ ਵਿੱਚ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ।
ਦੇਸ਼ ਭਰ ਵਿੱਚ ਇਨ੍ਹੀਂ ਦਿਨੀਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਭਾਵ ‘ਸਪੈਸ਼ਲ ਇੰਟੈਂਸਿਵ ਰੀਵਿਜ਼ਨ’ (SIR) ਨੂੰ ਲੈ ਕੇ ਭਾਰੀ ਚਰਚਾ ਚੱਲ ਰਹੀ ਹੈ। ਕਈ ਥਾਵਾਂ ਤੇ ਵੋਟਰ ਸੂਚੀਆਂ ਵਿੱਚ ਤਰੁਟੀਆਂ ਮਿਲਣ ਦੀਆਂ ਖ਼ਬਰਾਂ ਹਨ ਤਾਂ ਕਿਤੇ ਫ਼ਾਰਮਾਂ ਵਿੱਚ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪੰਜਾਬ ਵਿੱਚ ਵੀ ਵੋਟਰ ਸੂਚੀਆਂ ਦੀ ਐੱਸਆਈਆਰ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕਰ ਲਈ ਗਈ ਹੈ। ਇਸ ਮੁਹਿੰਮ ਤਹਿਤ ਸੂਬੇ ਵਿੱਚੋਂ 13 ਲੱਖ ਤੋਂ ਵੱਧ ਗ਼ੈਰ-ਵਾਜਬ ਨਾਂ ਸੂਚੀ ਵਿੱਚੋਂ ਹਟਾਏ ਗਏ ਹਨ, ਜਦਕਿ ਲਗਭਗ 8 ਲੱਖ ਨਵੇਂ ਯੋਗ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਰਹੀ ਕਿ ਅੰਤਿਮ ਸੂਚੀ ਜਨਤਕ ਹੋਣ ਮਗਰੋਂ ਪੰਜਾਬ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਇਸ ਪ੍ਰਕਿਰਿਆ ਜਾਂ ਨਤੀਜਿਆਂ ਤੇ ਕੋਈ ਇਤਰਾਜ਼ ਨਹੀਂ ਉਠਾਇਆ ਗਿਆ।
ਪੰਜਾਬ ਵਿੱਚ ਵੋਟਰ ਸੂਚੀ ਦੀ ਇਸ ਮਹੱਤਵਪੂਰਨ ਸਮੀਖਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਪਿੱਛੇ ਸੂਬੇ ਦੀ ਮੁੱਖ ਚੋਣ ਅਧਿਕਾਰੀ (ਸੀਈਓ) ਆਈਏਐੱਸ ਅਨਿੰਦਿਤਾ ਮਿੱਤਰਾ ਦੀ ਅਹਿਮ ਭੂਮਿਕਾ ਰਹੀ ਹੈ। ਸਾਲ 2007 ਬੈਚ ਦੀ ਪੰਜਾਬ ਕੈਡਰ ਦੀ ਆਈਏਐੱਸ ਅਧਿਕਾਰੀ ਅਨਿੰਦਿਤਾ ਮਿੱਤਰਾ ਨੂੰ ਪ੍ਰਸ਼ਾਸਨਿਕ ਖੇਤਰ ਵਿੱਚ ਆਪਣੇ ਲੰਮੇ ਅਤੇ ਤਜਰਬੇਕਾਰ ਸਫ਼ਰ ਤੋਂ ਬਾਅਦ ਜਨਵਰੀ 2026 ਵਿੱਚ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ।
ਜਨਵਰੀ 2026 ਵਿੱਚ ਸੰਭਾਲੀ ਸੀ ਕਮਾਨ
ਆਈਏਐੱਸ ਅਨਿੰਦਿਤਾ ਮਿੱਤਰਾ ਨੇ ਸਿਬਿਨ ਸੀ ਦੀ ਥਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ ਸੀ। ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਆਪਣੀ ਯੋਜਨਾਬੰਦੀ ਤਹਿਤ ਐੱਸਆਈਆਰ ਦੀ ਪ੍ਰਕਿਰਿਆ ਨੂੰ ਯੋਜਨਾਬੱਧ ਢੰਗ ਨਾਲ ਅੱਗੇ ਵਧਾਇਆ। ਉਨ੍ਹਾਂ ਨੇ ਬੂਥ ਲੈਵਲ ਅਫ਼ਸਰਾਂ (BLO) ਦੀ ਸਹਾਇਤਾ ਨਾਲ ਹਰੇਕ ਵੋਟਰ ਤੱਕ ਪਹੁੰਚ ਯਕੀਨੀ ਬਣਾਉਣ, ਦਸਤਾਵੇਜ਼ਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਅਤੇ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਦਰਜ ਰੱਖਣ ਤੇ ਵਿਸ਼ੇਸ਼ ਜ਼ੋਰ ਦਿੱਤਾ।
ਮੁੱਖ ਚੋਣ ਅਧਿਕਾਰੀ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਚੋਣਾਂ ਦੇ ਪ੍ਰਬੰਧਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਵੋਟਰ ਸੂਚੀ ਨੂੰ ਸ਼ੁੱਧ ਤੇ ਤਰੁੱਟੀ-ਮੁਕਤ ਬਣਾਉਣਾ, ਯੋਗ ਨੌਜਵਾਨਾਂ ਦੇ ਨਾਂ ਦਰਜ ਕਰਵਾਉਣਾ, ਗ਼ਲਤੀਆਂ ਨੂੰ ਸੁਧਾਰਨਾ ਅਤੇ ਸਮੁੱਚੀ ਚੋਣ ਪ੍ਰਣਾਲੀ ਵਿੱਚ ਪਾਰਦਰਸ਼ਤਾ ਕਾਇਮ ਰੱਖਣਾ ਵੀ ਉਨ੍ਹਾਂ ਦੇ ਕੰਮ ਦਾ ਮੁੱਖ ਧੁਰਾ ਰਿਹਾ। ਉਨ੍ਹਾਂ ਦੀ ਨਿਯੁਕਤੀ ਅਜਿਹੇ ਨਾਜ਼ੁਕ ਸਮੇਂ ਹੋਈ ਸੀ ਜਦੋਂ ਪੰਜਾਬ ਭਰ ਵਿੱਚ ਵੋਟਰ ਸੂਚੀਆਂ ਦੀ ਵੱਡੇ ਪੱਧਰ ਤੇ ਜਾਂਚ ਅਤੇ ਸੁਧਾਰ ਦੀ ਤਿਆਰੀ ਵਿੱਢੀ ਜਾ ਰਹੀ ਸੀ।
ਇੰਜੀਨੀਅਰਿੰਗ ਤੋਂ IAS ਤੱਕ ਦਾ ਸਫ਼ਰ
ਅਨਿੰਦਿਤਾ ਮਿੱਤਰਾ ਦਾ ਵਿੱਦਿਅਕ ਪਿਛੋਕੜ ਤਕਨੀਕੀ ਰਿਹਾ ਹੈ। ਉਨ੍ਹਾਂ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਗੁਰੂ ਘਾਸੀਦਾਸ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇੰਜੀਨੀਅਰਿੰਗ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੇ ਸਿਵਲ ਸੇਵਾਵਾਂ ਦਾ ਰਾਹ ਚੁਣਿਆ ਅਤੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਵਿੱਚ ਆਪਣੀ ਥਾਂ ਬਣਾਈ।
ਇਹ ਵੀ ਪੜ੍ਹੋ
ਆਈਏਐੱਸ ਵਜੋਂ ਚੋਣ ਮਗਰੋਂ ਉਨ੍ਹਾਂ ਨੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਪ੍ਰਸ਼ਾਸਨਿਕ ਅਹੁਦਿਆਂ ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਜ਼ਿਲ੍ਹਾ ਪੱਧਰ ਤੋਂ ਲੈ ਕੇ ਸਕੱਤਰੇਤ ਤੱਕ ਕੰਮ ਕਰਨ ਦੇ ਡੂੰਘੇ ਤਜਰਬੇ ਨੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਚੁਣੌਤੀਆਂ ਅਤੇ ਜਨਤਕ ਮਸਲਿਆਂ ਨੂੰ ਬਾਰੀਕੀ ਨਾਲ ਸਮਝਣ ਵਿੱਚ ਮਦਦ ਕੀਤੀ।
ਵੱਖ-ਵੱਖ ਮਹੱਤਵਪੂਰਨ ਪ੍ਰਸ਼ਾਸਕੀ ਅਹੁਦਿਆਂ ਤੇ ਨਿਭਾਈਆਂ ਜ਼ਿੰਮੇਵਾਰੀਆਂ
ਆਪਣੇ ਪ੍ਰਸ਼ਾਸਕੀ ਕਰੀਅਰ ਦੌਰਾਨ ਅਨਿੰਦਿਤਾ ਮਿੱਤਰਾ ਨੇ ਸਕੱਤਰ, ਡਾਇਰੈਕਟਰ, ਡਿਪਟੀ ਕਮਿਸ਼ਨਰ (ਡੀਸੀ), ਵਿਸ਼ੇਸ਼ ਸਕੱਤਰ, ਸਹਾਇਕ ਕਮਿਸ਼ਨਰ ਅਤੇ ਸਬ-ਡਿਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਸਮੇਤ ਕਈ ਅਹਿਮ ਅਹੁਦਿਆਂ ਤੇ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਸ ਤੋਂ ਇਲਾਵਾ ਉਹ ਮੈਨੇਜਿੰਗ ਡਾਇਰੈਕਟਰ (ਐੱਮਡੀ), ਸੰਯੁਕਤ ਵਿਕਾਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵਜੋਂ ਵੀ ਕਾਰਜਸ਼ੀਲ ਰਹਿ ਚੁੱਕੇ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਰਾਜ ਸਰਕਾਰ ਦੇ ਉੱਚ ਸਿੱਖਿਆ, ਸਕੂਲ ਸਿੱਖਿਆ ਅਤੇ ਭਾਸ਼ਾ ਵਿਭਾਗਾਂ ਨਾਲ ਜੁੜੇ ਹੋਏ ਸਨ। ਸਰਕਾਰੀ ਯੋਜਨਾਵਾਂ ਦੇ ਸੰਚਾਲਨ, ਪ੍ਰਸ਼ਾਸਕੀ ਤਾਲਮੇਲ ਅਤੇ ਲੋਕ-ਹਿੱਤ ਦੇ ਮੁੱਦਿਆਂ ਵਿੱਚ ਉਨ੍ਹਾਂ ਦੇ ਇਸ ਵਿਆਪਕ ਤਜਰਬੇ ਦਾ ਲਾਹਾ ਸੂਬੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਸਾਫ਼ ਨਜ਼ਰ ਆਇਆ।
ਪੰਜਾਬ SIR ਦੇ ਮੁੱਖ ਅੰਕੜੇ
ਪੰਜਾਬ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (SIR) ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਅਨੁਸਾਰ ਹੁਣ ਸੂਬੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2,01,00,727 ਦਰਜ ਕੀਤੀ ਗਈ ਹੈ। ਇਸ ਸੁਧਾਈ ਮੁਹਿੰਮ ਦੌਰਾਨ 7,97,263 ਨਵੇਂ ਯੋਗ ਵੋਟਰਾਂ ਦੇ ਨਾਂ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ, ਜਦਕਿ ਅੰਤਿਮ ਸੂਚੀ ਵਿੱਚ 1,03,76,026 ਪੁਰਸ਼, 97,24,195 ਮਹਿਲਾਵਾਂ ਅਤੇ 506 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਐੱਸਆਈਆਰ ਤੋਂ ਪਹਿਲਾਂ ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2,14,61,043 ਸੀ, ਪਰ ਪੜਤਾਲ ਮਗਰੋਂ ਗ਼ੈਰ-ਹਾਜ਼ਰ, ਤਬਦੀਲ ਜਾਂ ਮ੍ਰਿਤਕ ਪਾਏ ਗਏ ਕੁੱਲ 13,60,316 ਨਾਵਾਂ ਦੀ ਕਟੌਤੀ ਦਰਜ ਕੀਤੀ ਗਈ ਹੈ। ਇਸ ਸਮੁੱਚੀ ਕਵਾਇਦ ਦੌਰਾਨ 35,49,036 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਵਿਸਤ੍ਰਿਤ ਜਾਂਚ ਮਗਰੋਂ 86,038 ਲੋਕ ਅਯੋਗ ਪਾਏ ਗਏ। ਇਸ ਤੋਂ ਇਲਾਵਾ ਵੋਟਰਾਂ ਦੀ ਸੁਵਿਧਾ ਅਤੇ ਪ੍ਰਬੰਧਕੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਅੰਦਰ ਪੋਲਿੰਗ ਬੂਥਾਂ ਦੀ ਗਿਣਤੀ ਵੀ 24,453 ਤੋਂ ਵਧਾ ਕੇ 25,332 ਕਰ ਦਿੱਤੀ ਗਈ ਹੈ।
ਘਰ-ਘਰ ਪਹੁੰਚ ਅਤੇ ਹੈਲਪ ਡੈਸਕਾਂ ਦੀ ਵਿਸ਼ੇਸ਼ ਸਹੂਲਤ
ਪ੍ਰਕਿਰਿਆ ਦੌਰਾਨ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਹੋਏ ਸਨ ਜਾਂ ਜਿਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਹੋਣੇ ਬਾਕੀ ਸਨ, ਉਨ੍ਹਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰਨ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ। ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਅਨੁਸਾਰ ਜਿੱਥੇ ਵੀ ਜ਼ਰੂਰੀ ਸਮਝਿਆ ਗਿਆ, ਉੱਥੇ ਬੀਐੱਲਓਜ਼ ਨੇ ਖ਼ੁਦ ਵੋਟਰਾਂ ਦੇ ਘਰ-ਘਰ ਜਾ ਕੇ ਲੋੜੀਂਦੇ ਦਸਤਾਵੇਜ਼ ਇਕੱਤਰ ਕੀਤੇ, ਤਾਂ ਜੋ ਆਮ ਲੋਕਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਤੋਂ ਇਲਾਵਾ ਬਾਕੀ ਰਹਿੰਦੇ ਇਲਾਕਿਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ERO) ਦੇ ਦਫ਼ਤਰਾਂ ਵਿੱਚ ਸਮਰਪਿਤ ਹੈਲਪ ਡੈਸਕ ਸਥਾਪਤ ਕਰਕੇ ਨਾਗਰਿਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਗਿਆ।


