ਮੋਗਾ ਵਿੱਚ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਥਾਨਕ ਲੋਕਾਂ ਨੇ ਡਰਾਈਵਰ ਤੇ ਸ਼ਰਾਬੀ ਹੋਣ ਦਾ ਲਗਾਇਆ ਇਲਜ਼ਾਮ
School Bus Accident: ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਇੱਕ ਸਕੂਲ ਬੱਸ ਹਾਦਸੇ ਵਿੱਚ 35 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਲਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਬੇਕਾਬੂ ਹੋ ਕੇ ਖੇਤ ਵਿੱਚ ਪਲਟ ਗਈ। ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ।

ਪੰਜਾਬ ਦੇ ਮੋਗਾ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਇੱਕ ਨਿੱਜੀ ਸਕੂਲ ਬੱਸ ਜੋ 35 ਤੋਂ 40 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਬੇਕਾਬੂ ਹੋ ਕੇ ਇੱਕ ਖੇਤ ਵਿੱਚ ਪਲਟ ਗਈ। ਬੱਸ ਵਿੱਚ ਬੱਚੇ ਚੀਕਣ ਲੱਗ ਪਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਤਿੰਨ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ।
ਸੀਸੇ ਤੋੜ੍ਹ ਕੇ ਬਾਹਰ ਕੱਢੇ ਗਏ ਬੱਚੇ
ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ ਦੀ ਦੱਸੀ ਜਾ ਰਹੀ ਹੈ। ਜਦੋਂ ਬੱਸ ਬੱਚਿਆਂ ਨੂੰ ਲੈਕੇ ਜਾ ਰਹੀ ਸੀ ਅਚਾਨਕ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਖੇਤਾਂ ਵਿੱਚ ਪਲਟ ਗਈ। ਹਾਦਸੇ ਤੋਂ ਬਾਅਦ ਕਾਫ਼ੀ ਰੌਲਾ-ਰੱਪਾ ਪਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਕਾਰਨ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਸਥਾਨਕ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸਕੂਲ ਬੱਸ ਦਾ ਡਰਾਈਵਰ ਸ਼ਰਾਬੀ ਸੀ। ਉਹ ਸ਼ਰਾਬੀ ਹਾਲਤ ਵਿੱਚ ਬੱਸ ਚਲਾ ਰਿਹਾ ਸੀ। ਫਿਲਹਾਲ ਮੋਗਾ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਦਾਅਵਾ ਹੈ ਕਿ ਜਾਂਚ ਤੋਂ ਬਾਅਦ ਜੋ ਕੋਈ ਮੁਲਜ਼ਮ ਹੋਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਹੋਵੇਗੀ।
ਪੁਲਿਸ ਨੇ ਹਿਰਾਸਤ ਵਿੱਚ ਲਿਆ ਬੱਸ ਦਾ ਡਰਾਈਵਰ
ਹਾਦਸੇ ਤੋਂ ਬਾਅਦ ਸਥਾਨਕ ਪੁਲਿਸ ਨੇ ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ। ਇਸ ਹਾਦਸੇ ਵਿੱਚ ਕੁਝ ਬੱਚੇ ਜ਼ਖਮੀ ਹੋਏ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਬੱਸ ਵਿੱਚ ਲਗਭਗ 40 ਬੱਚੇ ਸਨ। ਉਨ੍ਹਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।