25ਵਾਂ ਦਿਨ, ਅੱਜ ਔਰਤਾਂ ਸਾਂਭਣਗੀਆਂ ਮੋਰਚਾ, ਕਿਸਾਨ ਮਨਾਉਣਗੇ ਮਹਿਲਾ ਦਿਵਸ
ਸਰਹੱਦਾਂ ਤੇ ਅੱਜ ਕਿਸਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣਗੇ। ਦੂਜੇ ਪਾਸੇ ਰਾਜਸਥਾਨ, MP ਅਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ। ਕੇਰਲ ਦੇ ਕਿਸਾਨਾਂ ਦਾ ਇੱਕ ਸਮੂਹ ਵੀਰਵਾਰ ਨੂੰ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਤ੍ਰਿਪੁਰਾ, ਤਾਮਿਲਨਾਡੂ 'ਚ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ, ਜਿਸ ਦੇ ਵਿਰੋਧ 'ਚ ਟਰੇਨਾਂ ਨੂੰ 2 ਘੰਟੇ ਲਈ ਰੋਕਿਆ ਗਿਆ

ਕਿਸਾਨਾਂ ਦੇ ਦਿੱਲੀ ਚਲੋ ਮਾਰਚ ਅੱਜ 25ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਅੱਜ ਕਿਸਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣਗੇ। ਇਸ ਦਿਹਾੜੇ ਲਈ ਵੱਡੀ ਗਿਣਤੀ ‘ਚ ਔਰਤਾਂ ਸ਼ੰਭੂ ਅਤੇ ਖਨੌਰੀ ਮੋਰਚੇ ‘ਤੇ ਪਹੁੰਚਣਗੀਆਂ। ਖਾਸ ਗੱਲ ਇਹ ਹੈ ਕਿ ਅੱਜ ਦੋਹਾਂ ਸਰਹੱਦਾਂ ਦੀ ਵਾਗਡੋਰ ਅਤੇ ਮੰਚ ਸੰਚਾਲਨ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ। ਮਰਦਾਂ ਦੀ ਭੂਮਿਕਾ ਨਾ ਮਾਤਰ ਹੀ ਹੋਵੇਗੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਦੀ ਮੰਸ਼ਾ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਉਹਨਾਂ ਕਿਹਾ ਕਿ ਦਿੱਲੀ ਦੀ ਸਰਕਾਰ ਪਹਿਲਾਂ ਹੀ ਤੈਅ ਕਰਕੇ ਬੈਠੀ ਹੋਈ ਹੈ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦੇਣਾ। ਉਹਨਾਂ ਕਿਹਾ ਕਿ ਇਹ ਅੰਦੋਲਨ ਲੰਬੇ ਸਮੇਂ ਤੱਕ ਜਾਰੀ ਰਹੇਗਾ।
ਇਸ ਤੋਂ ਇਲਾਵਾ ਕਿਸਾਨ ਵੱਲੋਂ10 ਮਾਰਚ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਸ ਮੌਕੇ ਉਹ ਖੁਦ ਦੇਵੀਦਾਸਪੁਰਾ ਅੰਮ੍ਰਿਤਸਰ ਜਾ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਬਾਕੀ ਸੂਬਿਆਂ ਵਿੱਚ ਰੋਕੀਆਂ ਰੇਲਾਂ
ਦੂਜੇ ਪਾਸੇ SKM (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਰਾਜਸਥਾਨ, MP ਅਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ। ਕੇਰਲ ਦੇ ਕਿਸਾਨਾਂ ਦਾ ਇੱਕ ਸਮੂਹ ਵੀਰਵਾਰ ਨੂੰ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ। ਤ੍ਰਿਪੁਰਾ, ਤਾਮਿਲਨਾਡੂ ‘ਚ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ, ਜਿਸ ਦੇ ਵਿਰੋਧ ‘ਚ ਟਰੇਨਾਂ ਨੂੰ 2 ਘੰਟੇ ਲਈ ਰੋਕਿਆ ਗਿਆ। ਰੇਲਵੇ ਪੁਲੀਸ ਨੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।