ਚੋਣਾਂ ਤੋਂ ਪਹਿਲਾਂ BJP ਪੰਜਾਬ ‘ਚ ਕੱਢੇਗੀ ਮੈਗਾ ਐਂਟੀ ਡਰੱਗਜ਼ ਯਾਤਰਾ, 117 ਹਲਕਿਆਂ ‘ਚੋਂ ਲੰਘਣਗੇ 4 ਰੂਟ
ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ਵਿੱਚ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਅਤੇ ਨਿਰਣਾਇਕ ਮੁਹਿੰਮ ਵਿੱਢਣ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਇਤਿਹਾਸਕ ਸਰਹੱਦੀ ਕਸਬੇ ਮਾਧੋਪੁਰ ਤੋਂ ਇਸ ਮੈਗਾ ਐਂਟੀ ਡਰੱਗਜ਼ ਯਾਤਰਾ ਦੀ ਰਸਮੀ ਸ਼ੁਰੂਆਤ ਕਰਨਗੇ।
ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ਵਿੱਚ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਅਤੇ ਨਿਰਣਾਇਕ ਮੁਹਿੰਮ ਵਿੱਢਣ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਇਤਿਹਾਸਕ ਸਰਹੱਦੀ ਕਸਬੇ ਮਾਧੋਪੁਰ ਤੋਂ ਇਸ ਮੈਗਾ ਐਂਟੀ ਡਰੱਗਜ਼ ਯਾਤਰਾ ਦੀ ਰਸਮੀ ਸ਼ੁਰੂਆਤ ਕਰਨਗੇ। ਇਹ ਵਿਸ਼ੇਸ਼ ਮੁਹਿੰਮ 13 ਦਿਨਾਂ ਦੇ ਵਕਫ਼ੇ ਦੌਰਾਨ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ।
ਇਸ ਮੁਹਿੰਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ਨੂੰ ਕਵਰ ਕਰਨ ਲਈ 4 ਵੱਖ-ਵੱਖ ਰੂਟ ਤਿਆਰ ਕੀਤੇ ਗਏ ਹਨ। ਇਹ ਯਾਤਰਾ ਕੁੱਲ ਮਿਲਾ ਕੇ ਤਕਰੀਬਨ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਚਾਰੇ ਰੂਟਾਂ ਤੋਂ ਗੁਜ਼ਰਨ ਵਾਲੀਆਂ ਇਹ ਯਾਤਰਾਵਾਂ ਆਖ਼ਰਕਾਰ ਇੱਕੋ ਸਮੇਂ ਜਲੰਧਰ ਸਥਿਤ ਇਤਿਹਾਸਕ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਸਮਾਪਤ ਹੋਣਗੀਆਂ। ਇਸ ਵਿਸ਼ਾਲ ਸਮਾਪਤੀ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ। ਯਾਤਰਾ ਦੌਰਾਨ ਨਸ਼ੇ ਦਾ ਸੰਤਾਪ ਹੰਢਾ ਰਹੇ ਪੀੜਤ ਪਰਿਵਾਰਾਂ, ਗ਼ੈਰ-ਸਰਕਾਰੀ ਸੰਗਠਨਾਂ, ਸਪੋਰਟਸ ਕਲੱਬਾਂ ਅਤੇ ਪਿੰਡ ਪੱਧਰੀ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ।
ਇਸ ਸੰਬੰਧੀ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਯਾਤਰਾ ਦੇ ਵੇਰਵੇ ਸਾਂਝੇ ਕੀਤੇ।
ਯਾਤਰਾ ਦੇ 4 ਪ੍ਰਮੁੱਖ ਰੂਟ ਇਸ ਤਰ੍ਹਾਂ ਰਹਿਣਗੇ
ਪਹਿਲਾ ਰੂਟ: ਇਹ ਰੂਟ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ, ਬਟਾਲਾ, ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ, ਮਜੀਠਾ, ਜੰਡਿਆਲਾ, ਬਾਬਾ ਬਕਾਲਾ, ਤਰਨਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ, ਫ਼ਿਰੋਜ਼ਪੁਰ ਸ਼ਹਿਰੀ, ਗੁਰੂਹਰਸਹਾਏ, ਫ਼ਿਰੋਜ਼ਪੁਰ ਦਿਹਾਤੀ, ਜ਼ੀਰਾ, ਸੁਲਤਾਨਪੁਰ ਲੋਧੀ, ਭੁਲੱਥ, ਨਕੋਦਰ, ਸ਼ਾਹਕੋਟ ਅਤੇ ਜਲੰਧਰ ਛਾਉਣੀ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਦੀ ਲੰਘੇਗਾ।
ਦੂਜਾ ਰੂਟ: 19 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦੂਜੀ ਯਾਤਰਾ ਆਰੰਭ ਹੋਵੇਗੀ। ਇਹ ਸਮਰਾਲਾ, ਪਾਇਲ, ਖੰਨਾ, ਅਮਲੋਹ, ਫ਼ਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਡੇਰਾਬੱਸੀ, ਮੋਹਾਲੀ, ਖਰੜ, ਚਮਕੌਰ ਸਾਹਿਬ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫ਼ਗਵਾੜਾ ਹਲਕਿਆਂ ਨੂੰ ਕਵਰ ਕਰੇਗੀ।
ਇਹ ਵੀ ਪੜ੍ਹੋ
ਤੀਜਾ ਰੂਟ: ਤੀਜੀ ਯਾਤਰਾ ਦਾ ਆਗਾਜ਼ 20 ਸਤੰਬਰ ਨੂੰ ਫ਼ਾਜ਼ਿਲਕਾ ਸਥਿਤ ਸਾਦਕੀ ਸਰਹੱਦ (ਆਸਫ਼ਵਾਲਾ 1971 ਯੁੱਧ ਸਮਾਰਕ) ਤੋਂ ਹੋਵੇਗਾ। ਇੱਥੋਂ ਸ਼ੁਰੂ ਹੋ ਕੇ ਯਾਤਰਾ ਫ਼ਾਜ਼ਿਲਕਾ, ਬੱਲੂਆਣਾ, ਅਬੋਹਰ, ਜਲਾਲਾਬਾਦ, ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਜੈਤੋ, ਕੋਟਕਪੂਰਾ, ਫ਼ਰੀਦਕੋਟ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਜਗਰਾਓਂ, ਰਾਏਕੋਟ, ਦਾਖਾ, ਮਲੇਰਕੋਟਲਾ, ਅਮਰਗੜ੍ਹ, ਗਿੱਲ, ਸਾਹਨੇਵਾਲ ਅਤੇ ਲੁਧਿਆਣਾ ਦੇ ਸਮੁੱਚੇ ਸ਼ਹਿਰੀ ਹਲਕਿਆਂ ਵਿੱਚੋਂ ਹੁੰਦੀ ਹੋਈ ਅੱਗੇ ਵਧੇਗੀ।
ਚੌਥਾ ਰੂਟ: 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਚੌਥੀ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਹ ਰੂਟ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭਦੌੜ, ਬਰਨਾਲਾ, ਮਹਿਲ ਕਲਾਂ, ਧੂਰੀ, ਸੰਗਰੂਰ, ਸੁਨਾਮ, ਦਿੜ੍ਹਬਾ, ਲਹਿਰਾਗਾਗਾ, ਸ਼ੁਤਰਾਣਾ, ਨਾਭਾ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸਨੌਰ ਅਤੇ ਰਾਜਪੁਰਾ ਦੇ ਖੇਤਰਾਂ ਨੂੰ ਕਵਰ ਕਰੇਗਾ।
ਮੁੜ ਵਸੇਬੇ ਦੇ ਨਤੀਜਿਆਂ ਨਾਲ ਤੈਅ ਹੋਵੇਗੀ ਸਫ਼ਲਤਾ: ਮਨਪ੍ਰੀਤ ਬਾਦਲ
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਮੁਕਤੀ ਮੁਹਿੰਮ ਤਹਿਤ 73 ਹਜ਼ਾਰ ਪਰਚੇ ਦਰਜ ਕਰਨ ਅਤੇ 25 ਹਜ਼ਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਦਾਅਵੇ ਕਰ ਰਹੀ ਹੈ। ਭਾਜਪਾ ਸਰਕਾਰ ਦੇ ਇਹਨਾਂ ਅੰਕੜਿਆਂ ਨੂੰ ਚੁਣੌਤੀ ਨਹੀਂ ਦੇ ਰਹੀ, ਪਰ ਅਸਲ ਹਕੀਕਤ ਇਹ ਹੈ ਕਿ ਨਸ਼ਾ ਮੁਕਤੀ ਮੁਹਿੰਮ ਦੀ ਅਸਲ ਸਫ਼ਲਤਾ ਦਰਜ ਕੀਤੇ ਗਏ ਪਰਚਿਆਂ ਦੀ ਗਿਣਤੀ ਨਾਲ ਨਹੀਂ, ਸਗੋਂ ਪੀੜਤਾਂ ਦੇ ਸਫ਼ਲ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਨਤੀਜਿਆਂ ਨਾਲ ਹੀ ਤੈਅ ਹੁੰਦੀ ਹੈ।
ਉਨ੍ਹਾਂ ਮਿਸਾਲ ਦਿੰਦਿਆਂ ਆਖਿਆ ਕਿ ਜਦੋਂ ਕੋਈ ਫ਼ੌਜ ਜੰਗ ਦੇ ਮੈਦਾਨ ਵਿੱਚ ਉੱਤਰਦੀ ਹੈ ਤਾਂ ਉਸ ਦੇ ਟੈਂਕ, ਤੋਪਖ਼ਾਨਾ ਅਤੇ ਹਵਾਈ ਫ਼ੌਜ ਸਾਰੇ ਮੋਰਚਿਆਂ ‘ਤੇ ਇਕਜੁੱਟ ਹੋ ਕੇ ਤਾਲਮੇਲ ਨਾਲ ਕੰਮ ਕਰਦੇ ਹਨ, ਤਦ ਜਾ ਕੇ ਜੰਗ ਜਿੱਤੀ ਜਾਂਦੀ ਹੈ। ਠੀਕ ਇਸੇ ਤਰ੍ਹਾਂ ਨਸ਼ਿਆਂ ਵਿਰੁੱਧ ਇਸ ਵੱਡੀ ਲੜਾਈ ਨੂੰ ਜਿੱਤਣ ਲਈ ਵੀ ਵੱਖ-ਵੱਖ ਪੱਧਰਾਂ ‘ਤੇ ਬਹੁ-ਪੱਖੀ ਤੇ ਠੋਸ ਯਤਨ ਕਰਨੇ ਲਾਜ਼ਮੀ ਹਨ।
ਮਨਪ੍ਰੀਤ ਬਾਦਲ ਨੇ ਸਪੱਸ਼ਟ ਕੀਤਾ ਕਿ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਨੂੰ ਜੜ੍ਹੋਂ ਪੁੱਟਣ ਲਈ ਮਹਿਜ਼ ਨਸ਼ੇ ਦੀਆਂ ਖੇਪਾਂ ਜ਼ਬਤ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਕਾਲੇ ਧਨ ਅਤੇ ਇਸ ਦੇ ਪੂਰੇ ਅੰਤਰਰਾਸ਼ਟਰੀ ਨੈੱਟਵਰਕ ਦੀਆਂ ਗੰਢਾਂ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਪੰਜਾਬ ਵਿੱਚ ਇੱਕ ਵਿਸ਼ੇਸ਼ ‘ਡਰੱਗ ਟ੍ਰੈਫ਼ਿਕਿੰਗ ਇੰਟੈਲੀਜੈਂਸ ਗ੍ਰਿੱਡ’ ਕਾਇਮ ਕਰਨ ਦਾ ਠੋਸ ਪ੍ਰਸਤਾਵ ਪੇਸ਼ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਗ੍ਰਿੱਡ ਅੰਦਰ ਪੰਜਾਬ ਪੁਲਿਸ, ਨਾਰਕੋਟਿਕਸ ਕੰਟਰੋਲ ਬਿਊਰੋ (NCB), ਕਸਟਮ ਵਿਭਾਗ, ਆਮਦਨ ਕਰ ਵਿਭਾਗ (ਇਨਕਮ ਟੈਕਸ), ਸੀਮਾ ਸੁਰੱਖਿਆ ਬਲ (BSF), ਧਾਰਮਿਕ ਅਦਾਰਿਆਂ, ਵਿੱਦਿਅਕ ਅਦਾਰਿਆਂ ਅਤੇ ਉਦਯੋਗ ਜਗਤ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਡਰੱਗ ਸਿੰਡੀਕੇਟ ਅਤੇ ਇਸ ਦੇ ਵਿੱਤੀ ਨੈੱਟਵਰਕ ‘ਤੇ ਚੁਫੇਰਿਓਂ ਸਖ਼ਤ ਕਾਰਵਾਈ ਕਰਕੇ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕੀਤਾ ਜਾ ਸਕੇ।


