ਪਾਕਿਸਤਾਨ ਅਸਮਾਨ ਰਾਹੀਂ ਭੇਜ ਰਿਹਾ ਨਸ਼ਾ, NIA ਰਿਪੋਰਟ ਵਿੱਚ ਹੋਇਆ ਵੱਡਾ ਖੁਲਾਸਾ, ਪੰਜਾਬ ਸਰਕਾਰ ਨੇ ਵੀ ਬਣਾਈ ਖਾਸ ਯੋਜਨਾ
Pakistani Drone: ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਦਹਿਸ਼ਤ ਫੈਲਾਉਣ ਤੋਂ ਇਲਾਵਾ ਇਹ ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨ ਦੀ ਵਰਤੋਂ ਕਰਕੇ ਅਸਮਾਨ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਕਰ ਰਿਹਾ ਹੈ।

ਪੰਜਾਬ ਦਾ ਸਰਹੱਦੀ ਇਲਾਕਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਲਈ ਇੱਕ ਸੁਰੱਖਿਅਤ ਖੇਤਰ ਬਣ ਗਿਆ ਹੈ। ਪਿਛਲੇ ਸਾਲ ਸਰਹੱਦੀ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ 380 ਤੋਂ ਵੱਧ ਡਰੋਨ ਫੜੇ ਗਏ ਸਨ।ਹੁਣ ਪੰਜਾਬ ਵਿੱਚ ਲੁਕੇ ਹੋਏ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾਵਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ।
ਤਰਨਤਾਰਨ ਪੁਲਿਸ ਨੇ ਕੱਲ੍ਹ ਐਫਬੀਆਈ ਅਤੇ ਯੂਐਸਏ ਏਜੰਸੀਆਂ ਦੇ ਮੋਸਟ ਵਾਂਟੇਡ ਅਪਰਾਧੀ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਸੂਬੇ ਦੇ ਸਰਹੱਦੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਉਹ ਹੁਣ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਮੁੱਖ ਹੈਂਡਲਰਾਂ ਨੂੰ ਫੜਨ ਦੀ ਯੋਜਨਾ ਬਣਾ ਰਹੇ ਹਨ ਜੋ ਪਾਕਿਸਤਾਨ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਤੋਂ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾ ਰਹੇ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ਹਿਨਾਜ਼ ਸਿੰਘ ਦੀ ਗ੍ਰਿਫ਼ਤਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕੋਲੰਬੀਆ ਤੋਂ ਵੱਡੇ ਪੱਧਰ ‘ਤੇ ਭਾਰਤ ਹੀ ਨਹੀਂ ਸਗੋਂ ਅਮਰੀਕਾ ਤੇ ਕੈਨੇਡਾ ਵਿੱਚ ਵੀ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ, ਇਸ ਲਈ ਪੰਜਾਬ ਵਿੱਚ ਵੀ ਉਸ ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਮਰੀਕੀ ਏਜੰਸੀ ਨੇ ਉੱਥੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸ਼ੌਨ ਭਿੰਡਰ ਦੇ ਨਿਰਦੇਸ਼ਾਂ ‘ਤੇ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਤੱਕ ਡਰੱਗ ਰੈਕੇਟ ਚਲਾ ਰਹੇ ਸਨ।
ISI ਪੰਜਾਬ ਵਿੱਚ ਚਲਾ ਰਿਹਾ ਡਰੱਗਜ਼ ਮਾਡਿਊਲ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਤੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਲਗਾਤਾਰ ਪੰਜਾਬ ਭੇਜੀਆਂ ਜਾ ਰਹੀਆਂ ਹਨ। ਕਈ ਮਾਮਲਿਆਂ ਵਿੱਚ ਪੁਲਿਸ ਨੂੰ ਇਨਪੁਟ ਮਿਲੇ ਹਨ ਕਿ ਪਾਕਿਸਤਾਨੀ ਖੁਫੀਆ ਏਜੰਸੀ ਨਾ ਸਿਰਫ਼ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੈ, ਸਗੋਂ ਪੰਜਾਬ ਵਿੱਚ ਕਈ ਵੱਡੇ ਡਰੱਗ ਮਾਡਿਊਲ ਵੀ ਚਲਾ ਰਹੀ ਹੈ। ਇਸ ਲਈ ਇਹ ਪੂਰਾ ਮਾਡਿਊਲ ਪਾਕਿਸਤਾਨ, ਅਮਰੀਕਾ, ਕੈਨੇਡਾ, ਗ੍ਰੀਸ, ਜਰਮਨੀ ਅਤੇ ਕੋਲੰਬੀਆ ਵਿੱਚ ਬੈਠੇ ਅੱਤਵਾਦੀ ਸੰਗਠਨਾਂ ਦੇ ਆਗੂਆਂ ਅਤੇ ਗੈਂਗਸਟਰਾਂ ਰਾਹੀਂ ਚਲਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਪੁਲਿਸ ਨੂੰ ਆਪਣੀ ਹਾਲੀਆ ਰਿਪੋਰਟ ਵਿੱਚ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਐਨਆਈਏ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਆਈਐਸਆਈ ਤੇ ਅੱਤਵਾਦੀ ਸੰਗਠਨ ਪੰਜਾਬ ਵਿੱਚ ਡਰੱਗ ਸਿੰਡੀਕੇਟ ਰਾਹੀਂ ਕਮਾਏ ਪੈਸੇ ਤੋਂ ਆਪਣੀਆਂ ਅੱਤਵਾਦੀ ਯੋਜਨਾਵਾਂ ਅਤੇ ਨਾਰਕੋ ਅੱਤਵਾਦ ਮਾਡਿਊਲਾਂ ਨੂੰ ਫੰਡ ਦੇ ਰਹੇ ਹਨ।
ਇਹ ਵੀ ਪੜ੍ਹੋ
ਪੰਜਾਬ ਵਿੱਚ ਕਈ ਹੈਂਡਲਰ ਲੁਕੇ ਹੋਏ ਹਨ – ਐਫਬੀਆਈ ਰਿਪੋਰਟ
ਕੋਲੰਬੀਆ ਤੋਂ ਅਮਰੀਕਾ ਤੇ ਕੈਨੇਡਾ ਤੱਕ ਫੈਲੇ ਕੋਕੀਨ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਅਮਰੀਕੀ ਏਜੰਸੀ ਵੱਲੋਂ ਫੜੇ ਗਏ ਪੰਜ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਈਆਂ ਹਨ। 7 ਮਾਰਚ ਨੂੰ ਐਫਬੀਆਈ ਦੁਆਰਾ ਭਾਰਤੀ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਇੱਕ ਰਿਪੋਰਟ ਵਿੱਚ ਸ਼ੌਨ ਭਿੰਡਰ ਤੋਂ ਇਲਾਵਾ ਲਗਭਗ 3 ਹੋਰ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਕਿੰਗਪਿਨ ਭੇਜੇ ਗਏ ਹਨ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਇਸ ਐਫਬੀਆਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਇੱਕ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ। ਜਲਦੀ ਹੀ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਕੰਮ ਕਰ ਰਹੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਕਈ ਨਾਮ ਸਾਹਮਣੇ ਆਉਣਗੇ।