ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ ‘ਤੇ 2 ਦਿਨ ਵਿੱਚ ਫਸਲ ਕਟਾਈ ਦੇ ਆਦੇਸ਼ ਜਾਰੀ
ਪਹਿਲਗਾਮ ਵਿੱਚ ਹੋਏ ਕਾਇਰਾਨਾ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬ ਨਾਲ ਲੱਗਦੇ ਪਾਕਿਸਤਾਨ ਬਾਰਡਰ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। BSF ਨੇ ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਦੇ ਦੂਜੇ ਪਾਸੇ ਖੇਤੀ ਕਰ ਰਹੇ ਕਿਸਾਨਾਂ ਨੂੰ 2 ਦਿਨਾਂ ਵਿੱਚ ਫਸਲ ਦੀ ਕਟਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ, ਤਾਂ ਉਨ੍ਹਾਂ ਨੂੰ ਵਾੜ ਪਾਰ ਨਹੀਂ ਕਰਨ ਦਿੱਤੀ ਜਾਵੇਗੀ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕਾਇਰਾਨਾ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬ ਨਾਲ ਲੱਗਦੇ ਪਾਕਿਸਤਾਨ ਬਾਰਡਰ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਦੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਹੈ। ਸੀਮਾ ਸੁਰੱਖਿਆ ਬਲ (BSF) ਨੇ ਸਾਰੀਆਂ ਥਾਵਾਂ ‘ਤੇ ਆਪਣੀਆਂ ਤੇਜ਼ ਪ੍ਰਤੀਕਿਰਿਆ ਟੀਮਾਂ (QRT) ਨੂੰ ਸਰਗਰਮ ਕਰ ਦਿੱਤਾ ਹੈ।
ਪਾਕਿਸਤਾਨ ਸਰਹੱਦ ‘ਤੇ ਕੰਡਿਆਲੀ ਤਾਰ ਦੇ ਦੂਜੇ ਪਾਸੇ ਫਸਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਬੀਐਸਐਫ ਨੇ 2 ਦਿਨਾਂ ਵਿੱਚ ਆਪਣੀਆਂ ਫਸਲਾਂ ਦੀ ਕਟਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਵਿਗੜਦੀ ਹੈ, ਤਾਂ ਉਨ੍ਹਾਂ ਨੂੰ ਵਾੜ ਪਾਰ ਨਹੀਂ ਕਰਨ ਦਿੱਤੀ ਜਾਵੇਗੀ। ਹਾਲਾਂਕਿ, ਕਿਸਾਨਾਂ ਨੇ ਹੋਰ ਸਮਾਂ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਸਲਾਂ ਦੀ ਕਟਾਈ 2 ਦਿਨਾਂ ਵਿੱਚ ਨਹੀਂ ਹੋ ਸਕਦੀ।
ਇਸ ਦੌਰਾਨ, ਅੰਮ੍ਰਿਤਸਰ ਦੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਨਾਗਰਿਕਾਂ ਦੇ ਦੇਸ਼ ਛੱਡਣ ਦਾ ਸਿਲਸਿਲਾ ਜਾਰੀ ਹੈ। ਅਟਾਰੀ ਸਰਹੱਦ ਤੋਂ ਪਹਿਲਾਂ ਚੈੱਕ ਪੋਸਟ ‘ਤੇ ਜਾਮ ਹੈ। ਬੀਐਸਐਫ ਦੀਆਂ ਟੀਮਾਂ ਲੋਕਾਂ ਨੂੰ ਜਾਂਚ ਤੋਂ ਬਾਅਦ ਹੀ ਅੱਗੇ ਜਾਣ ਦੇ ਰਹੀਆਂ ਹਨ। ਸਰਕਾਰ ਨੇ ਵਾਪਸੀ ਲਈ 27 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ। ਮੈਡੀਕਲ ਵੀਜ਼ਾ ਵਾਲੇ ਲੋਕਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ।
ਵਪਾਰੀਆਂ ਨੇ ਪਾਕਿਸਤਾਨ ਦਾ ਪੁਤਲਾ ਸਾੜਿਆ
ਅੰਮ੍ਰਿਤਸਰ ਦੇ ਵਪਾਰੀਆਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਬਾਜ਼ਾਰ ਬੰਦ ਰੱਖੇ। ਇਨ੍ਹਾਂ ਵਿੱਚ ਸ਼ਾਸਤਰੀ ਮਾਰਕੀਟ, ਗੱਗੂ ਮੰਡੀ, ਸਰਾਫਾ ਬਾਜ਼ਾਰ, ਕਟੜਾ ਜੈਮਲ ਸਿੰਘ, ਕਟੜਾ ਆਹਲੂਵਾਲੀਆ, ਪ੍ਰਤਾਪ ਬਾਜ਼ਾਰ, ਗੋਇਨਕਾ ਮਾਰਕੀਟ, ਪੁਰਾਣੀ ਮੰਡੀ, ਫੋਕਲ ਪੁਆਇੰਟ ਸ਼ਾਮਲ ਹਨ। 16 ਮਾਰਕੀਟ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਹਾਲ ਗੇਟ ‘ਤੇ ਪਾਕਿਸਤਾਨ ਦਾ ਪੁਤਲਾ ਸਾੜਿਆ।
ਕਦੋਂ ਹੋਇਆ ਸੀ ਹਮਲਾ
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਕਾਇਰਤਾਪੂਰਨ ਕਾਰਵਾਈ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਇਸ ਹਮਲੇ ਦੀ ਪੂਰੀ ਦੁਨੀਆ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦੇ ਵਪਾਰ ਨੂੰ ਰੋਕ ਦਿੱਤਾ ਹੈ ਅਤੇ ਕਈ ਸਮਝੌਤਿਆਂ ਨੂੰ ਵੀ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ