ਝੋਟੇ ਨੂੰ ਕਲਾਕਾਰ ਦੀ ਅਨੋਖੀ ਸ਼ਰਧਾਂਜਲੀ, ਤਿਆਰ ਕੀਤਾ 7 ਫੁੱਟ 3 ਇੰਚ ਦਾ ਬੁੱਤ
ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ 7 ਫੁੱਟ 3 ਇੰਚ ਉੱਚਾ ਮੈਟਲ ਦਾ ਬੁੱਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਭੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਉਹ ਆਪਣੇ ਪਰਿਵਾਰ ਦੀ ਨਿੱਜੀ ਕਲੈਕਸ਼ਨ 'ਚ ਸਥਾਪਤ ਕਰਨਗੇ।
ਨਸ਼ਿਆਂ ਵਿਰੁੱਧ ਲੜਾਈ ਲੜਦਿਆਂ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਤੇ ਉਨ੍ਹਾਂ ਦਾ ਪਰਿਵਾਰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਕਲਾਕਾਰ ਤੇ ਉਨ੍ਹਾਂ ਦਾ ਪਰਿਵਾਰ ਪਰਵਿੰਦਰ ਸਿੰਘ ਝੋਟਾ ਦੇ ਦੋ ਬੁੱਤ ਤਿਆਰ ਕਰ ਰਹੇ ਹਨ। ਇਨ੍ਹਾਂ ‘ਚੋਂ ਇੱਕ 7 ਫੁੱਟ 3 ਇੰਚ ਉੱਚਾ ਮੈਟਲ (ਧਾਤ) ਦਾ ਬੁੱਤ ਹੋਵੇਗਾ, ਜਦਕਿ ਦੂਜਾ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ।
ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ 7 ਫੁੱਟ 3 ਇੰਚ ਉੱਚਾ ਮੈਟਲ ਦਾ ਬੁੱਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਭੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਉਹ ਆਪਣੇ ਪਰਿਵਾਰ ਦੀ ਨਿੱਜੀ ਕਲੈਕਸ਼ਨ ‘ਚ ਸਥਾਪਤ ਕਰਨਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਕਈ ਲੋਕਾਂ ਦੇ ਫੋਨ ਆਏ ਸਨ, ਜੋ ਪਰਵਿੰਦਰ ਦਾ ਬੁੱਤ ਬਣਵਾਉਣਾ ਚਾਹੁੰਦੇ ਸਨ। ਕਈ ਲੋਕਾਂ ਨੇ ਇਸ ਕੰਮ ਲਈ ਪੈਸੇ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਕਿਸਾਨੀ ਕਿੱਤੇ ਤੋਂ ਹੋਣ ਵਾਲੀ ਕਮਾਈ ਨਾਲ ਹੀ ਦੋਵੇਂ ਬੁੱਤ ਤਿਆਰ ਕਰਨਗੇ।
ਉਨ੍ਹਾਂ ਦੱਸਿਆ ਕਿ ਬੁੱਤ ਬਣਾਉਣ ਦਾ ਕੰਮ ਸ਼ੁਰੂ ਹੋਏ ਤਿੰਨ ਦਿਨ ਹੋ ਚੁੱਕੇ ਹਨਅਤੇ ਅਗਲੇ ਇੱਕ-ਦੋ ਦਿਨਾਂ ਵਿੱਚ ਮੈਟਲ ਦਾ ਬੁੱਤ ਤਿਆਰ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਇਸ ਨੂੰ ਜਲਦ ਹੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਭੇਟ ਕੀਤਾ ਜਾਵੇਗਾ। ਮਨਜੀਤ ਸਿੰਘ ਗਿੱਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਇਹ ਪਹਿਲ ਪਰਵਿੰਦਰ ਸਿੰਘ ਝੋਟਾ ਪ੍ਰਤੀ ਉਨ੍ਹਾਂ ਦੇ ਸਤਿਕਾਰ ਅਤੇ ਸ਼ਰਧਾ ਨੂੰ ਦਰਸਾਉਂਦੀ ਹੈ।