ਕੀ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜ਼ੇ ਕਰਨਗੇ 2027 ਦਾ ਫੈਸਲਾ? ਜਾਣੋ ਵੱਖ-ਵੱਖ ਪਾਰਟੀਆਂ ਨੂੰ ਜਿੱਤ ਨਾਲ ਕੀ ਹੋਵੇਗਾ ਹਾਸਲ
Ludhiana West By Election: ਇਸ ਜ਼ਿਮਨੀ ਚੋਣ 'ਚ ਜਿੱਤ ਦੀ ਪਰਿਭਾਸ਼ਾ ਹਰ ਪਾਰਟੀ ਲਈ ਅਲੱਗ ਹੋਵੇਗੀ, ਜੋ ਪਾਰਟੀ 'ਚ ਇੱਕ ਸਕਾਰਾਤਮਕ ਸੋਚ ਪੈਦਾ ਕਰੇਗੀ, ਕਿਸੇ ਪਾਰਟੀ ਨੂੰ ਪੁਨਰਗੰਠਨ ਲਈ ਸਕਾਰਾਤਮਕ ਸੋਚ ਮਿਲੇਗੀ, ਕਿਸੇ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਦੇ ਨਾਲ ਕੇਂਦਰੀ ਰਾਜਨੀਤੀ ਦਾ ਮੌਕਾ ਤੇ ਕਿਸੇ ਨੂੰ ਸਰਕਾਰ ਦੇ ਵਿਰੋਧ 'ਚ ਮਦਦ ਦਾ ਏਜੰਡਾ... ਹਰ ਇੱਕ ਲਈ ਪਰਿਭਾਸ਼ਾ ਅਲੱਗ ਹੈ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਿੰਗ ਹੋਈ। ਵੀਆਈਪੀ ਉਮੀਦਵਾਰਾਂ ਦੀ ਇਸ ਚੋਣ ਜੰਗ ‘ਚ ਉਮੀਦ ਕੀਤੀ ਜਾ ਰਹੀ ਸੀ ਕਿ ਵੋਟ ਪ੍ਰਤੀਸ਼ਤ ਕਿਤੇ ਨਾ ਕਿਤੇ ਵੱਧ ਰਹੇਗਾ, ਪਰ ਇਸ ਤੋਂ ਉਲਟ ਵੋਟ ਫ਼ੀਸਦ ਕਾਫ਼ੀ ਘੱਟ 51.33 ਫ਼ੀਸਦ ਰਿਹਾ, ਜੋ ਕਿ ਪਿਛਲੇ ਵਾਰ ਦੇ ਕੁੱਲ ਵੋਟ ਫ਼ੀਸਦ ਤੋਂ ਕਰੀਬ 13 ਫ਼ੀਸਦੀ ਘੱਟ ਹੈ। ਨਤੀਜ਼ੇ 23 ਜੂਨ ਨੂੰ ਆਉਣਗੇ ਤੇ ਕੋਈ ਇੱਕ ਉਮੀਦਵਾਰ ਦੇ ਨਾਂ ‘ਤੇ ਜਿੱਤ ਦੀ ਮੋਹਰ ਲੱਗੇਗੀ। ਪਰ, ਕੀ ਇਸ ਜ਼ਿਮਨੀ ਚੋਣ ਦਾ ਅਸਰ 2027 ਵਿਧਾਨਸਭਾ ਚੋਣਾਂ ‘ਤੇ ਵੀ ਪਵੇਗਾ… ਇਹ ਕਹਿਣਾ ਸਹੀ ਨਹੀਂ ਹੋਵੇਗਾ। ਪੰਜਾਬ ਦੀਆਂ 117 ਵਿਧਾਨਸਭਾ ਸੀਟਾਂ ਦੀ ਰਾਜਨੀਤੀ, ਇੱਕ ਜ਼ਿਮਨੀ ਚੋਣ ਨਹੀਂ ਤੈਅ ਕਰ ਸਕਦੀ, ਪਰ ਇਸ ਜ਼ਿਮਨੀ ਚੋਣ ਨਤੀਜ਼ੇ ਨਾਲ ਕਈ ਪਾਰਟੀਆਂ ਨੂੰ ਫ਼ਿਲਹਾਲ ਦੇ ਲਈ ਤੇ 2027 ਚੋਣਾਂ ਲਈ ਬਹੁੱਤ ਕੁੱਝ ਹਾਸਲ ਹੋਵੇਗਾ।
ਜ਼ਿਮਨੀ ਚੋਣ ਦੇ ਨਤੀਜ਼ਿਆਂ ਦਾ ਅਸਰ
ਇਸ ਜ਼ਿਮਨੀ ਚੋਣ ‘ਚ ਜਿੱਤ ਦੀ ਪਰਿਭਾਸ਼ਾ ਹਰ ਪਾਰਟੀ ਲਈ ਅਲੱਗ ਹੋਵੇਗੀ, ਜੋ ਪਾਰਟੀ ‘ਚ ਇੱਕ ਸਕਾਰਾਤਮਕ ਸੋਚ ਪੈਦਾ ਕਰੇਗੀ। ਕਿਸੇ ਪਾਰਟੀ ਨੂੰ ਪੁਨਰਗਠਨ ਲਈ ਸਕਾਰਾਤਮਕ ਸੋਚ ਮਿਲੇਗੀ, ਕਿਸੇ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਦੇ ਨਾਲ ਕੇਂਦਰੀ ਰਾਜਨੀਤੀ ਦਾ ਮੌਕਾ ਤੇ ਕਿਸੇ ਨੂੰ ਸਰਕਾਰ ਦੇ ਵਿਰੋਧ ਦਾ ਏਜੰਡਾ… ਹਰ ਇੱਕ ਲਈ ਪਰਿਭਾਸ਼ਾ ਅਲੱਗ ਹੈ। ਇਹ ਇੱਕ ਜਿੱਤ ਫ਼ਿਲਹਾਲ ਦੇ ਲਈ ਹਰ ਇੱਕ ਲਈ ਅਲੱਗ-ਅਲੱਗ ਮਹੱਤਵ ਰੱਖਦੀ ਹੈ।
ਪੰਜਾਬ ‘ਚ ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਲਈ ਇਹ ਚੋਣ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਇਸ ਚੋਣ ਨਾਲ ਉਸ ਦਾ ਬਹੁੱਤ ਕੁੱਝ ਦਾਅ ਤੇ ਲੱਗਿਆ ਹੋਇਆ ਹੈ।
ਆਮ ਆਦਮੀ ਪਾਰਟੀ ਦਾ ਬਹੁੱਤ ਕੁੱਝ ਦਾਅ ‘ਤੇ ਲੱਗਾ
ਪੰਜਾਬ ਦੀ ਸੱਤਾ ਧਿਰ, ਆਮ ਆਦਮੀ ਪਾਰਟੀ ਲਈ ਇਸ ਚੋਣ ‘ਚ ਬਹੁੱਤ ਕੁੱਝ ਦਾਅ ‘ਤੇ ਲੱਗਿਆ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਜੇਕਰ ਉਹ ਜਿੱਤ ਹਾਸਲ ਕਰਦੇ ਹਨ ਤਾਂ ਉਨ੍ਹਾਂ ਨੂੰ ਰਾਜ ਸਭਾ ਸੀਟ ਛੱਡਣੀ ਪਵੇਗੀ।
ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਨੂੰ ਵਿਧਾਨਸਭਾ ‘ਚ ਭੇਜ ਕੇ ਰਾਜ ਸਭਾ ਰਾਹੀਂ ਆਮ ਆਦਮੀ ਪਾਰਟੀ ਕੇਂਦਰ ਦੀ ਰਾਜਨੀਤੀ ‘ਚ ਇੱਕ ਵੱਡੇ ਚਿਹਰੇ ਨੂੰ ਉਤਾਰਨਾ ਚਾਹੁੰਦੀ ਹੈ। ਇਹ ਨਾਂ ਹੋਰ ਕੋਈ ਨਹੀਂ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਰਾਜ ਸਭਾ ‘ਚ ਜਾ ਕੇ ਪਾਰਟੀ ਦੀ ਨੁਮਾਇੰਦਗੀ ਕਰ ਸਕਣਗੇ ਤੇ ਕੇਂਦਰੀ ਰਾਜਨੀਤੀ ‘ਚ ਵੀ ਐਕਟਿਵ ਹੋ ਸਕਣਗੇ। ਇਸ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਤੋਂ ਬਾਅਦ ਇਹ ਜਿੱਤ ਹੋਰ ਵੀ ਮਹੱਤਵਪੂਰਨ ਹੋ ਗਈ ਹੈ।
ਇਹ ਵੀ ਪੜ੍ਹੋ
ਇਸ ਸਭ ਤੋਂ ਇਲਾਵਾ ਕੰਮ ਦੇ ਆਧਾਰ ‘ਤੇ ਵੋਟ ਮੰਗਣ ਵਾਲੀ ਆਮ ਆਦਮੀ ਪਾਰਟੀ ਲਈ, ਇਹ ਇੱਕ ਸੰਦੇਸ਼ ਭੇਜਣ ਦਾ ਵੀ ਮੌਕਾ ਹੋਵੇਗਾ ਕਿ ਲੋਕ ਸਰਕਾਰ ਦੇ ਕੰਮ ਤੋਂ ਖੁਸ਼ ਹਨ ਤੇ ਲੋਕਾਂ ਦੇ ਮੰਨ ‘ਚ ਸਰਕਾਰ ਤੋਂ ਹੋਰ ਵੀ ਉਮੀਦ ਹੈ।
ਕਾਂਗਰਸ ਨੂੰ ਜਿੱਤ ਨਾਲ ਮਿਲੇਗੀ ਮਜ਼ਬੂਤੀ
ਉੱਥੇ ਹੀ ਪੰਜਾਬ ਵਿਧਾਨਸਭਾ ਦੀ ਵਿਰੋਧੀ ਧਿਰ ਯਾਨੀ ਕਾਂਗਰਸ ਪਾਰਟੀ, ਇਸ ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਜਿੱਤ ਦਰਜ ਕਰਦੀ ਹੈ ਤਾਂ ਉਸ ਕੋਲ ਸੱਤਾ ਧਿਰ ਨੂੰ ਘੇਰਣ ਦਾ ਵੱਡਾ ਮੌਕਾ ਹੋਵੇਗਾ ਤੇ ਆਮ ਆਦਮੀ ਪਾਰਟੀ ਲਈ ਇਹ ਇੱਕ ਵੱਡਾ ਝਟਕਾ ਵੀ ਸਾਬਤ ਹੋਵੇਗਾ। ਕਾਂਗਰਸ ਇਸ ਜਿੱਤ ਨਾਲ ਬਦਲਾਅ ਦਾ ਏਜੰਡਾ ਲੋਕਾਂ ਅੱਗੇ ਪੇਸ਼ ਕਰ ਸਕੇਗੀ। ਉਸ ਕੋਲ ਸਰਕਾਰ ਨੂੰ ਘੇਰਣ ਦਾ ਮੌਕਾ ਹੋਵੇਗਾ ਕਿ ਲੋਕ ਆਮ ਆਦਮੀ ਪਾਰਟੀ ਦੇ ਰਾਜ ਤੋਂ ਖੁਸ਼ ਨਹੀਂ ਹਨ ਤੇ ਇਹ ਪ੍ਰਚਾਰ ਉਹ ਅੱਗੇ 2027 ਵਿਧਾਨਸਭਾ ਤੱਕ ਲਾ ਕੇ ਜਾ ਸਕਦੇ ਹਨ।
ਭਾਜਪਾ ਲਈ ਜਿੱਤ ਦਾ ਮਤਲਬ
ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਤੇ ਸ਼੍ਰੋਮਣੀ ਅਕਾਲੀ ਦੱਲ ਦਾ ਗਠਜੋੜ ਟੁੱਟ ਗਿਆ ਸੀ। ਇਸ ਤੋਂ ਬਾਅਦ ਭਾਜਪਾ ਦੇ ਹਾਲਾਤ ਪੰਜਾਬ ‘ਚ ਸਹੀਂ ਨਹੀਂ ਰਹੇ। 2022 ਵਿਧਾਨਸਭਾ ਚੋਣਾਂ ‘ਚ ਭਾਜਪਾ ਸਿਰਫ਼ 2 ਸੀਟਾਂ ‘ਤੇ ਜਿੱਤ ਹਾਸਲ ਕਰ ਸਕੀ, ਜਦਕਿ 2024 ਲੋਕ ਸਭਾ ਚੋਣ ‘ਚ ਪਾਰਟੀ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ ਸੀ। ਲੁਧਿਆਣਾ ਪੱਛਮੀ ਚੋਣ ‘ਚ ਜਿੱਤ ਨਾਲ ਭਾਜਪਾ ਦਾ ਮਨੋਬਲ ਵਧੇਗਾ। ਇਸ ਨਾਲ ਪਾਰਟੀ ਇਹ ਵੀ ਸੰਦੇਸ਼ ਦੇ ਸਕਦੀ ਹੈ ਕਿ ਹੁਣ ਉਹ ਪੰਜਾਬ ਦੀ ਰਾਜਨੀਤੀ ‘ਚ ਕਿਸੇ ਦੇ ਸਾਥ ਤੋਂ ਬਿਨਾਂ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ।
ਇਸ ਤੋਂ ਇਲਾਵਾ ਭਾਜਪਾ ਆਮ ਆਦਮੀ ਪਾਰਟੀ ਦੀ ਰਾਜ ਸਭਾ ਸੀਟ ‘ਤੇ ਅਰਵਿੰਦ ਕੇਜ਼ਰੀਵਾਲ ਵਾਲੇ ਐਂਗਲ ‘ਤੇ ਵੀ ਨਜ਼ਰ ਰੱਖ ਰਹੀ ਹੈ। ਭਾਜਪਾ ਦੀ ਕੋਸ਼ਿਸ਼ ਹੋਵੇਗੀ ਕਿ ਅਰਵਿੰਦ ਕੇਜਰੀਵਾਲ ਨੂੰ ਕਿਸੇ ਤਰ੍ਹਾਂ ਦਿੱਲੀ ਤੇ ਕੇਂਦਰ ਦੀ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਭਾਜਪਾ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਤੇ ਇਸ ਦਾ ਅਸਰ ਚੋਣ ਪ੍ਰਚਾਰ ‘ਚ ਵੀ ਦੇਖਣ ਨੂੰ ਮਿਲਿਆ। ਭਾਜਪਾ ਲਈ ਸਟਾਰ ਪ੍ਰਚਾਰਕ ਜਿਵੇਂ ਕਿ ਦਿੱਲੀ ਦੇ ਸੀਐਮ ਰੇਖਾ ਗੁਪਤਾ ਤੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਜੀਵਨ ਗੁਪਤਾ ਲਈ ਪ੍ਰਚਾਰ ਕਰਦੇ ਨਜ਼ਰ ਆਏ। ਇਸ ਪਿੱਛੇ ਇਹ ਹੀ ਮਕਸਦ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਵਾਪਸੀ ਕਰਨ ਦਾ ਇੱਕ ਵੀ ਮੌਕਾ ਨਾ ਦਿੱਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਉਮੀਦ
ਸ਼੍ਰੋਮਣੀ ਅਕਾਲੀ ਦਲ ਲਈ ਇਹ ਜਿੱਤ ਬਹੁੱਤ ਕੁੱਝ ਬਦਲ ਸਕਦੀ ਹੈ। ਪਾਰਟੀ ‘ਚ ਕਈ ਆਗੂਆਂ ਦੀ ਬਗਾਵਤ ਦੇ ਚੱਲਦਿਆਂ ਅਕਾਲੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਹਾਲਾਂਕਿ, ਪਾਰਟੀ ਹੁਣ ਫ਼ਿਰ ਆਪਣਾ ਪੁਨਰਗਠਨ ਕਰ ਰਹੀ ਹੈ ਤੇ ਕਈ ਬਾਗੀ ਆਗੂਆਂ ਨੂੰ ਪਾਰਟੀ ‘ਚ ਵਾਪਸੀ ਵੀ ਕਰਵਾ ਚੁੱਕੀ ਹੈ। ਤਾਜ਼ਾ ਮਾਮਲਾ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦਾ ਹੈ, ਜੋ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਪਾਰਟੀ ‘ਚ ਮੁੜ ਵਾਪਸ ਆਏ। ਇਹ ਜ਼ਿਮਨੀ ਚੋਣ ਦੀ ਜਿੱਤ ਅਕਾਲੀ ਦਲ ਦੇ ਪੁਨਰਗਠਨ ਨੂੰ ਮਜ਼ਬੂਤੀ ਦੇਵੇਗੀ ਤੇ ਇਹ ਜਿੱਤ ਪਾਰਟੀ ‘ਚ ਇੱਕ ਨਵੀਂ ਉਮੀਦ ਦੀ ਲਹਿਰ ਦਾ ਕੰਮ ਵੀ ਕਰ ਸਕਦੀ ਹੈ। ਇਸ ਦੇ ਨਾਲ ਜ਼ਿਮਨੀ ਚੋਣ ਦੀ ਜਿੱਤ ਪਾਰਟੀ ਵਰਕਰਾਂ ‘ਚ ਵੀ ਜੋਸ਼ ਭਰੇਗੀ।


