MP ਅੰਮ੍ਰਿਤਪਾਲ ਨੇ ਮੁੜ ਕੀਤਾ ਹਾਈ ਕੋਰਟ ਦਾ ਰੁਖ, ਬਜਟ ਸੈਸ਼ਨ ‘ਚ ਭਾਗ ਲੈਣ ਦੀ ਮੰਗ; ਪਟੀਸ਼ਨ ਬਾਰੇ ਵਕੀਲ ਨੇ ਦਿੱਤਾ ਵੱਡਾ ਅਪਡੇਟ
Amritpal Singh Petition: ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਸਾਂਸਦ ਨੇ ਪਿਛਲੀ ਵਾਰ ਸਰਦ ਰੁੱਤ ਸੈਸ਼ਨ ਵੇਲੇ ਵੀ ਪਟੀਸ਼ਨ ਦਾਇਰ ਕੀਤੀ ਸੀ। ਉਸ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨਾ ਪੇਸ਼ ਹੋਣ ਕਾਰਨ ਤੇ ਵਕੀਲਾਂ ਦੀ ਹੜਤਾਲ ਹੋਣ ਕਾਰਨ ਇਹ ਪਟੀਸ਼ਨ ਬਿਨਾਂ ਮਤਲਬ ਦੀ ਹੋ ਗਈ ਸੀ।
ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਮੁੜ ਹਾਈਕੋਰਟ ਦਾ ਰੁਖ ਕੀਤਾ ਹੈ। ਦਰਅਸਲ, ਸੰਸਦ ਦਾ ਬਜਟ ਸੈਸ਼ਨ ਆਉਣ ਵਾਲਾ ਹੈ ਤੇ ਸਾਂਸਦ ਅੰਮ੍ਰਿਤਪਾਲ ਨੇ ਬਜਟ ਸੈਸ਼ਨ ‘ਚ ਹਿੱਸਾ ਲੈਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਨੂੰ ਲੈ ਕੇ ਕੱਲ੍ਹ ਹਾਈਕੋਰਟ ‘ਚ ਸੁਣਵਾਈ ਹੋਵੇਗੀ।
ਜਾਣਕਾਰੀ ਦਿੰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਸਾਂਸਦ ਨੇ ਪਿਛਲੀ ਵਾਰ ਸਰਦ ਰੁੱਤ ਸੈਸ਼ਨ ਵੇਲੇ ਵੀ ਪਟੀਸ਼ਨ ਦਾਇਰ ਕੀਤੀ ਸੀ। ਉਸ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨਾ ਪੇਸ਼ ਹੋਣ ਕਾਰਨ ਤੇ ਵਕੀਲਾਂ ਦੀ ਹੜਤਾਲ ਹੋਣ ਕਾਰਨ ਇਹ ਪਟੀਸ਼ਨ ਬਿਨਾਂ ਮਤਲਬ ਦੀ ਹੋ ਗਈ ਸੀ।
ਉਨ੍ਹਾਂ ਨੇ ਦੱਸਿਆ ਕਿ 18 ਦਸੰਬਰ ਨੂੰ ਵਕੀਲਾਂ ਦੀ ਹੜਤਾਲ ਖ਼ਤਮ ਹੋਈ ਸੀ ਤੇ 19 ਦਸੰਬਰ ਨੂੰ ਸੈਸ਼ਨ ਦਾ ਆਖ਼ਰੀ ਦਿਨ ਸੀ। ਉਸ ਸਮੇਂ ਮਾਣਯੋਗ ਅਦਾਲਤ ਨੇ ਸਾਨੂੰ ਨਿਰਦੇਸ਼ ਦਿੱਤੇ ਸਨ ਕਿ ਮੁੜ ਤੋਂ ਜਦੋਂ ਦੁਬਾਰਾ ‘ਕਾਊਸ ਆਫ਼ ਐਕਸ਼ਨ’ ਯਾਨੀ ਕਿ ਸੰਸਦ ਦਾ ਸੈਸ਼ਨ ਦੁਬਾਰਾ ਆਵੇਗਾ। ਉਸ ਸਮੇਂ ਤੁਸੀਂ ਦੁਬਾਰਾ ਮਾਣਯੋਗ ਅਦਾਲਤ ਦਾ ਰੁਖ ਕਰ ਸਕਦੇ ਹੋ। ਉਨ੍ਹਾਂ ਨੇ ਕਿਹਾ ਉਸੇ ਨਿਰਦੇਸ਼ ਦੇ ਅਧੀਨ ਅਸੀਂ ਮਾਣਯੋਗ ਅਦਾਲਤ ਦਾ ਰੁਖ ਕਰ ਰਹੇ ਹਾਂ।


