ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
ਅੱਠਵੀਂ ਪਾਤਸ਼ਾਹੀ, ਬਾਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਅਤੇ ਦਇਆ ਦਾ ਸੰਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਹੱਦ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ 'ਤੇ ਅੰਮ੍ਰਿਤਸਰ ਸਮੇਤ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।
ਅੱਠਵੀਂ ਪਾਤਸ਼ਾਹੀ, ਬਾਲ ਰੂਪ ਵਿੱਚ ਮਨੁੱਖਤਾ ਦੀ ਸੇਵਾ ਅਤੇ ਦਇਆ ਦਾ ਸੰਦੇਸ਼ ਦੇਣ ਵਾਲੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਹੱਦ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਮੌਕੇ ‘ਤੇ ਅੰਮ੍ਰਿਤਸਰ ਸਮੇਤ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ, ਜਿੱਥੇ ਆਈਆਂ ਸੰਗਤਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦਾ ਆਨੰਦ ਮਾਣਿਆ।
ਇਸ ਸ਼ੁਭ ਅਵਸਰ ‘ਤੇ ਦੇਸ਼ ਅਤੇ ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ, ਅਮਨ-ਸ਼ਾਂਤੀ ਅਤੇ ਭਲੇ ਲਈ ਅਰਦਾਸ ਕੀਤੀ। ਪ੍ਰਕਾਸ਼ ਪੁਰਬ ਦੇ ਸਨਮੁੱਖ ਸਾਰਾ ਪਰਿਸਰ ਅਲੌਕਿਕ ਧਾਰਮਿਕ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਅਤੇ ਚਾਰੇ ਪਾਸੇ “ਵਾਹਿਗੁਰੂ” ਦੇ ਜਾਪ ਨਾਲ ਪੂਰਾ ਵਾਤਾਵਰਨ ਗੂੰਜਾਇਮਾਨ ਹੈ।
ਦੀਪਮਾਲਾ ਅਤੇ ਆਤਿਸ਼ਬਾਜ਼ੀ ਹੋਵੇਗੀ ਖ਼ਾਸ ਆਕਰਸ਼ਣ
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਦੇਵੀਦਾਸਪੁਰਾ ਨੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਗੁਰੂ ਸਾਹਿਬ ਜੀ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ, ਨਿਮਰਤਾ, ਦਇਆ ਅਤੇ ਪਰਉਪਕਾਰ ਦਾ ਜੋ ਮਾਰਗ ਦਰਸਾਇਆ ਹੈ, ਸਾਨੂੰ ਸਾਰਿਆਂ ਨੂੰ ਉਸ ‘ਤੇ ਚੱਲਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗੁਰਪੁਰਬ ਦੀ ਖੁਸ਼ੀ ‘ਚ ਰਾਤ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ ਵਿਖੇ ਵਿਸ਼ੇਸ਼ ਦੀਪਮਾਲਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਨਮੋਹਕ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ, ਜੋ ਇਸ ਪਾਵਨ ਦਿਹਾੜੇ ਦੀ ਖ਼ੁਸ਼ੀ ਅਤੇ ਸ਼ੋਭਾ ਨੂੰ ਹੋਰ ਦੁਗਣਾ ਕਰੇਗੀ।
ਸਮੁੱਚੀ ਮਾਨਵਤਾ ਲਈ ਕੀਤੀ ਅਰਦਾਸ
ਗੁਰਪੁਰਬ ਦੇ ਇਸ ਮਹਾਨ ਅਵਸਰ ‘ਤੇ ਵੱਡੀ ਗਿਣਤੀ ‘ਚ ਸ਼ਾਮਲ ਹੋ ਰਹੀਆਂ ਸੰਗਤਾਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀਆਂ ਹਨ। ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਚਰਨਾਂ ‘ਚ ਸੀਸ ਨਵਾ ਕੇ ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ ਜਾ ਰਹੀ ਹੈ। ਰਾਤ ਵੇਲੇ ਦੀਪਮਾਲਾ ਨਾਲ ਜਗਮਗਾਉਂਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਅਤੇ ਮਨਮੋਹਕ ਦ੍ਰਿਸ਼ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗਾ।