ਗੁਰਦਾਸਪੁਰ ਸੀਟ ਤੇ ਆਹਮੋ-ਸਾਹਮਣੇ ਕਾਂਗਰਸ ਤੇ AAP, ਵਿਧਾਇਕ ਪਾਹੜਾ ਅਤੇ ਰਮਨ ਬਹਿਲ ਵਿਚਾਲੇ ਤਿੱਖੀ ਸਿਆਸੀ ਜੰਗ
ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਗੁਰਦਾਸਪੁਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਜ਼ੋਰ ਫੜ ਗਈਆਂ ਹਨ। ਵੋਟਰਾਂ ਵੱਲੋਂ ਪੁਰਾਣੇ ਚੋਣ ਵਾਅਦਿਆਂ, ਅਧੂਰੇ ਪਏ ਪ੍ਰਾਜੈਕਟਾਂ ਅਤੇ ਮੌਜੂਦਾ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਸਿਆਸੀ ਧਿਰਾਂ ਕੋਲੋਂ ਲੇਖਾ-ਜੋਖਾ ਮੰਗਿਆ ਜਾ ਰਿਹਾ ਹੈ।
ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਗੁਰਦਾਸਪੁਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਜ਼ੋਰ ਫੜ ਗਈਆਂ ਹਨ। ਵੋਟਰਾਂ ਵੱਲੋਂ ਪੁਰਾਣੇ ਚੋਣ ਵਾਅਦਿਆਂ, ਅਧੂਰੇ ਪਏ ਪ੍ਰਾਜੈਕਟਾਂ ਅਤੇ ਮੌਜੂਦਾ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਸਿਆਸੀ ਧਿਰਾਂ ਕੋਲੋਂ ਲੇਖਾ-ਜੋਖਾ ਮੰਗਿਆ ਜਾ ਰਿਹਾ ਹੈ। ਸੂਬੇ ਵਿੱਚ ਜਿੱਥੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਹੈ, ਉੱਥੇ ਹੀ ਗੁਰਦਾਸਪੁਰ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕਾਬਜ਼ ਹਨ ਅਤੇ ਸਥਾਨਕ ਨਗਰ ਕੌਂਸਲ ਦੀ ਵਾਗਡੋਰ ਵੀ ਕਾਂਗਰਸ ਦੇ ਹੱਥ ਹੈ। ਇਸ ਸਿਆਸੀ ਸਮੀਕਰਨ ਦਰਮਿਆਨ ਹਲਕੇ ਦੇ ਵਸਨੀਕ ਮੈਡੀਕਲ ਕਾਲਜ, ਸੈਨਿਕ ਸਕੂਲ ਅਤੇ ਸ਼ਹਿਰ ਦੇ ਵਿਗੜ ਰਹੇ ਕੂੜਾ ਪ੍ਰਬੰਧਨ ਵਰਗੇ ਤਿੰਨ ਪ੍ਰਮੁੱਖ ਵਿਸ਼ਿਆਂ ਤੇ ਠੋਸ ਜਵਾਬ ਤਲਾਸ਼ ਰਹੇ ਹਨ।
ਦਹਾਕਿਆਂ ਪੁਰਾਣੀ ਮੈਡੀਕਲ ਕਾਲਜ ਦੀ ਮੰਗ ਅਜੇ ਵੀ ਅਧੂਰੀ
ਗੁਰਦਾਸਪੁਰ ਜ਼ਿਲ੍ਹੇ ਅੰਦਰ ਮੈਡੀਕਲ ਕਾਲਜ ਸਥਾਪਤ ਕਰਨ ਦੀ ਮੰਗ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ। ਸਾਲ 2017 ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਦਾਸਪੁਰ ਲਈ ਮੈਡੀਕਲ ਕਾਲਜ ਅਤੇ ਸੈਨਿਕ ਸਕੂਲ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਸੈਨਿਕ ਸਕੂਲ ਪਿੰਡ ਡੱਲਾ ਗੋਰੀਆਂ ਵਿਖੇ ਪ੍ਰਸਤਾਵਿਤ ਸੀ। ਹਾਲਾਂਕਿ, ਉਸ ਵੇਲੇ ਲੋਕ ਸਭਾ ਜ਼ਿਮਨੀ ਚੋਣ ਦੇ ਚੋਣ ਜ਼ਾਬਤੇ ਕਾਰਨ ਦੋਵਾਂ ਪ੍ਰਾਜੈਕਟਾਂ ਦੀ ਸਰਕਾਰੀ ਕਾਗ਼ਜ਼ੀ ਕਾਰਵਾਈ ਵਿਚਕਾਰ ਹੀ ਅਟਕ ਗਈ। ਬਾਅਦ ਦੇ ਸਾਲਾਂ ਵਿੱਚ ਮੋਹਾਲੀ, ਕਪੂਰਥਲਾ, ਹੁਸ਼ਿਆਰਪੁਰ ਅਤੇ ਮਾਲੇਰਕੋਟਲਾ ਵਰਗੇ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਮਨਜ਼ੂਰ ਹੋ ਗਏ, ਪਰ ਸਰਹੱਦੀ ਖੇਤਰ ਗੁਰਦਾਸਪੁਰ ਦੀ ਝੋਲੀ ਅਜੇ ਵੀ ਖ਼ਾਲੀ ਰਹੀ।
ਸਾਲ 2022 ਵਿੱਚ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਦਸੰਬਰ 2023 ਵਿੱਚ ਹੋਈ ਵਿਸ਼ਾਲ ਰੈਲੀ ਦੌਰਾਨ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਇਸੇ ਤਰ੍ਹਾਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਅੱਗੇ ਤੋਰੀ ਗਈ ਸੈਨਿਕ ਸਕੂਲ ਦੀ ਯੋਜਨਾ ਵੀ ਅੱਧ-ਵਿਚਾਲੇ ਲਟਕੀ ਹੋਈ ਹੈ। ਦੂਜੇ ਪਾਸੇ, ਸ਼ਹਿਰ ਅੰਦਰ ਠੋਸ ਰਹਿੰਦ-ਖੂੰਹਦ ਅਤੇ ਕੂੜੇ ਦੇ ਢੇਰਾਂ ਦਾ ਮਾਮਲਾ ਗੰਭੀਰ ਰੂਪ ਅਖ਼ਤਿਆਰ ਕਰ ਚੁੱਕਾ ਹੈ। ਨਗਰ ਕੌਂਸਲ ਉੱਤੇ ਕੂੜਾ ਪ੍ਰਬੰਧਨ ਵਿੱਚ ਨਾਕਾਮ ਰਹਿਣ ਦੇ ਇਲਜ਼ਾਮ ਲੱਗ ਰਹੇ ਹਨ, ਜਿਸ ਕਾਰਨ ਇਹ ਮਾਮਲਾ ਵੱਡਾ ਚੋਣ ਮੁੱਦਾ ਬਣ ਗਿਆ ਹੈ। ਵਿਧਾਇਕ ਪਾਹੜਾ ਨੇ ਇਸ ਸਮੱਸਿਆ ਨੂੰ ਵਿਧਾਨ ਸਭਾ ਦੇ ਇਜਲਾਸ ਦੌਰਾਨ ਵੀ ਉਠਾਇਆ ਸੀ, ਪਰ ਸਮੱਸਿਆ ਦਾ ਪੁਖ਼ਤਾ ਹੱਲ ਨਹੀਂ ਨਿਕਲ ਸਕਿਆ।
ਚੁਣੌਤੀਆਂ ਦੇ ਬਾਵਜੂਦ ਕਾਂਗਰਸੀ ਵਿਧਾਇਕ ਪਾਹੜਾ ਦਾ ਸਿਆਸੀ ਦਬਦਬਾ ਕਾਇਮ
ਇਨ੍ਹਾਂ ਸਮੱਸਿਆਵਾਂ ਅਤੇ ਵਿਰੋਧੀ ਲਹਿਰ ਦੇ ਬਾਵਜੂਦ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਜ਼ਮੀਨੀ ਸਿਆਸੀ ਪਕੜ ਬਰਕਰਾਰ ਨਜ਼ਰ ਆਉਂਦੀ ਹੈ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਗੁਰਦਾਸਪੁਰ ਨਗਰ ਕੌਂਸਲ ਦੀ ਜ਼ਿਮਨੀ ਚੋਣ ਜਿੱਤੀ। ਇਸ ਤੋਂ ਬਾਅਦ, ਬਿਨਾਂ ਸਰਕਾਰੀ ਪੁਸ਼ਤਪਨਾਹੀ ਦੇ, ਉਨ੍ਹਾਂ ਨੇ ਨਗਰ ਕੌਂਸਲ ਦੀਆਂ ਆਮ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਪ੍ਰਧਾਨਗੀ ਦਾ ਤਾਜ ਮੁੜ ਕਾਂਗਰਸ ਦੇ ਸਿਰ ਸਜਿਆ।
ਇਹ ਨਤੀਜੇ ਦਰਸਾਉਂਦੇ ਹਨ ਕਿ ਸੱਤਾ-ਵਿਰੋਧੀ ਹਾਲਾਤਾਂ ਦੌਰਾਨ ਵੀ ਸਥਾਨਕ ਵੋਟਰਾਂ ਦਾ ਭਰੋਸਾ ਉਨ੍ਹਾਂ ਉੱਤੇ ਬਣਿਆ ਰਿਹਾ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਹੜਾ ਨੇ 43,743 ਵੋਟਾਂ ਹਾਸਲ ਕਰਕੇ 7,335 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ, ਹਾਲਾਂਕਿ 2017 ਦੇ ਮੁਕਾਬਲੇ ਉਨ੍ਹਾਂ ਦੇ ਵੋਟ ਬੈਂਕ ਵਿੱਚ ਕਰੀਬ 23,966 ਵੋਟਾਂ ਦੀ ਕਮੀ ਜ਼ਰੂਰ ਆਈ ਸੀ।
ਇਹ ਵੀ ਪੜ੍ਹੋ
‘ਆਪ’ ਹਲਕਾ ਇੰਚਾਰਜ ਰਮਨ ਬਹਿਲ ਦੀ ਸਰਗਰਮੀ ਅਤੇ ਵੋਟ ਬੈਂਕ ਵਿੱਚ ਵਾਧਾ
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ 2022 ਦੀਆਂ ਚੋਣਾਂ ਹਾਰਨ ਦੇ ਬਾਵਜੂਦ ਹਲਕੇ ਵਿੱਚ ਲਗਾਤਾਰ ਡਟੇ ਹੋਏ ਹਨ ਅਤੇ ਜਨਤਕ ਰਾਬਤਾ ਵਧਾ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਦੀ ਇਮਾਰਤ ਵਿੱਚ ਸ਼ਹਿਰੀ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਸ਼ੁਰੂ ਕਰਵਾਇਆ ਗਿਆ। ਬਹਿਲ ਉਸ ਸਮੇਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸਨ।
ਉਨ੍ਹਾਂ ਨੇ ਸ਼ਹਿਰ ਵਿੱਚੋਂ ਲੰਘਦੇ ਗੰਦੇ ਨਾਲੇ ਨੂੰ ਪੱਕਾ ਕਰਵਾ ਕੇ ਆਲੇ-ਦੁਆਲੇ ਦੇ ਖੇਤਰ ਨੂੰ ਵਿਕਸਤ ਕਰਨ ਦਾ ਪ੍ਰਾਜੈਕਟ ਵੀ ਅਮਲ ਵਿੱਚ ਲਿਆਂਦਾ। ਇਨ੍ਹਾਂ ਕਾਰਜਾਂ ਸਦਕਾ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਦੀ ਪੂਰੀ ਹਮਾਇਤ ਹਾਸਲ ਰਹੀ ਹੈ। 2022 ਵਿੱਚ ਬਹਿਲ ਨੇ 29,500 ਵੋਟਾਂ ਹਾਸਲ ਕੀਤੀਆਂ ਸਨ, ਜੋ ਕਿ 2017 ਵਿੱਚ ਪਾਰਟੀ ਨੂੰ ਮਿਲੀਆਂ ਮਹਿਜ਼ 6,949 ਵੋਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸਨ, ਜੋ ਹਲਕੇ ਵਿੱਚ ‘ਆਪ’ ਦੇ ਤੇਜ਼ੀ ਨਾਲ ਵਧ ਰਹੇ ਵੋਟ ਆਧਾਰ ਦੀ ਗਵਾਹੀ ਭਰਦਾ ਹੈ।
ਦੋਵਾਂ ਧਿਰਾਂ ਦੇ ਆਗੂਆਂ ਵੱਲੋਂ ਦੋਸ਼ਾਂ-ਜਵਾਬੀ ਦੀ ਝੜੀ
ਵਿਕਾਸ ਕਾਰਜਾਂ ਦੇ ਰੁਕਣ ਨੂੰ ਲੈ ਕੇ ਦੋਵਾਂ ਧੜਿਆਂ ਵਿਚਾਲੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੈਡੀਕਲ ਕਾਲਜ ਅਤੇ ਸੈਨਿਕ ਸਕੂਲ ਦੀ ਮਨਜ਼ੂਰੀ ਲਈ ਪੂਰਾ ਜ਼ੋਰ ਲਾਇਆ, ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਕੋਈ ਸੰਜੀਦਾ ਕਦਮ ਨਹੀਂ ਚੁੱਕਿਆ। ਪਾਹੜਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਕੂੜਾ ਡੰਪਿੰਗ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ, ਪਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹ ਇਸ ਵੇਲੇ ਨਿੱਜੀ ਪੱਧਰ ਤੇ ਯਤਨ ਕਰਕੇ ਕੂੜੇ ਦੇ ਨਿਪਟਾਰੇ ਲਈ ਨਵੀਂ ਥਾਂ ਦਾ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅੱਜ ਹਲਕੇ ਅੰਦਰ ਗੈਂਗਸਟਰਵਾਦ ਅਤੇ ਨਸ਼ਿਆਂ ਦੀ ਹੋਮ ਡਿਲੀਵਰੀ ਆਮ ਲੋਕਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਚੁੱਕੀ ਹੈ।
ਦੂਜੇ ਪਾਸੇ, ਰਮਨ ਬਹਿਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਰਾਣਾ ਹਸਪਤਾਲ ਮੁੜ ਚਾਲੂ ਕਰਵਾਉਣ ਅਤੇ ਗੰਦੇ ਨਾਲਿਆਂ ਦਾ ਸੁਧਾਰ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਆਪਣੇ ਵਾਅਦੇ ਨਿਭਾਏ ਹਨ। ਉਨ੍ਹਾਂ ਵਿਧਾਇਕ ਪਾਹੜਾ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਲੋਕ-ਭਲਾਈ ਦੀਆਂ ਯੋਜਨਾਵਾਂ ਵਿੱਚ ਜਾਣਬੁੱਝ ਕੇ ਅੜਿੱਕੇ ਡਾਹ ਰਹੇ ਹਨ। ਬਹਿਲ ਨੇ ਕੂੜੇ ਦੀ ਗੰਭੀਰ ਸਮੱਸਿਆ ਲਈ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਨੂੰ ਸਿੱਧੇ ਤੌਰ ਤੇ ਕਸੂਰਵਾਰ ਠਹਿਰਾਉਂਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ।


