ਗਾਬਾ ਕਤਲਕਾਂਡ: ਹਥਿਆਰ ਰਿਕਵਰੀ ਦੌਰਾਨ ਮੁਲਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼, ਐਨਕਾਊਂਟਰ ਚ ਹੋਇਆ ਜ਼ਖ਼ਮੀ
ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਮੁਲਜ਼ਮਾਂ ਨੂੰ ਬਾਹਰ ਲੈ ਗਈ ਸੀ। ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਅਪਰਾਧ ਕਰਨ ਤੋਂ ਪਹਿਲਾਂ, ਮੁਲਜ਼ਮ ਨੇ ਇਲਾਕੇ ਦੀ ਜਾਸੂਸੀ ਕੀਤੀ ਸੀ ਤੇ ਹਥਿਆਰਾਂ ਨੂੰ ਇੱਕ ਖਾਸ ਜਗ੍ਹਾ 'ਤੇ ਲੁਕਾ ਦਿੱਤਾ ਸੀ।
ਬਹੁਚਰਚਿਤ ਗਾਬਾ ਕਤਲ ਕਾਂਡ ਦੀ ਜਾਂਚ ਦੌਰਾਨ ਐਤਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੁਲਿਸ ਹਿਰਾਸਤ ‘ਚ ਮੌਜੂਦ ਦੋ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਵਿਸ਼ਨੂ ਠਾਕੁਰ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ‘ਚ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ‘ਤੇ ਹੀ ਦੁਬਾਰਾ ਕਾਬੂ ਕਰ ਲਿਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਇਲਾਕੇ ਦੀ ਰੇਕੀ ਕੀਤੀ ਸੀ ਤੇ ਹਥਿਆਰ ਇੱਕ ਥਾਂ ਲੁਕਾ ਕੇ ਰੱਖੇ ਸਨ।
ਜਾਣਕਾਰੀ ਅਨੁਸਾਰ ਗਾਬਾ ਕਤਲ ਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਪੁੱਛਗਿੱਛ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਸੀ। ਇਸ ਦੌਰਾਨ ਉਸ ਨੇ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੇ ਪੁਲਿਸ ਪਾਰਟੀ ਲਈ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਚੱਲੀ ਗੋਲੀ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਨੇ ਤੁਰੰਤ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਇੱਕ ਵੱਡਾ ਖ਼ਤਰਾ ਟਲ ਗਿਆ ਅਤੇ ਸਥਿਤੀ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਮੱਖੂ ਦੇ ਕਾਰੋਬਾਰੀ ਗੁਰਚਰਨ ਸਿੰਘ ਗਾਬਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਪੁਲਿਸ ਨੇ ਦੋ ਕਥਿਤ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਫਿਰੋਜ਼ਪੁਰ ਤੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ ਗਾਬਾ ਦੇ ਕਤਲ ‘ਚ ਸ਼ਾਮਲ ਦੋ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਵਿਸ਼ਨੂੰ ਕੁਮਾਰ ਤੇ ਰਾਹੁਲ ਮਹਾਵਰ ਵਜੋਂ ਹੋਈ ਸੀ, ਦੋਵੇਂ ਰਾਜਸਥਾਨ ਦੇ ਰਹਿਣ ਵਾਲੇ ਹਨ। ਹੁਣ ਹਿਰਾਸਤ ‘ਚ ਮੁਲਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼ ਦੀ ਘਟਨਾ ਤੋਂ ਬਾਅਦ ਇਹ ਮਾਮਲਾ ਮੁੜ ਚਰਚਾ ‘ਚ ਆ ਗਿਆ ਹੈ।
