ਸਹੀ ਢੰਗ ਨਾਲ ਨਹੀਂ ਕਰ ਰਹੇ ਕੰਮ, ਪੰਜਾਬ ਦੇ ਲੋਕ ਨਾਰਾਜ਼….ਵੜਿੰਗ ਦੇ ਅਸਤੀਫਾ ਦੇਣ ਦੇ ਪੱਖ ‘ਚ MP ਘੁਬਾਇਆ

Updated On: 

30 Jul 2026 16:42 PM IST

ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਰਾਜਾ ਵੜਿੰਗ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕ ਵੜਿੰਗ ਤੋਂ ਨਾਰਾਜ਼ ਹਨ। ਵੜਿੰਗ ਦੇ ਹੱਕ 'ਚ ਕਾਂਗਰਸ ਆਗੂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਪ੍ਰਧਾਨ ਦਾ ਅਸਤੀਫ਼ਾ ਮੰਗਣਾ ਅਨੁਸ਼ਾਸਨਹੀਣਤਾ ਹੈ।

ਸਹੀ ਢੰਗ ਨਾਲ ਨਹੀਂ ਕਰ ਰਹੇ ਕੰਮ, ਪੰਜਾਬ ਦੇ ਲੋਕ ਨਾਰਾਜ਼....ਵੜਿੰਗ ਦੇ ਅਸਤੀਫਾ ਦੇਣ ਦੇ ਪੱਖ ਚ MP ਘੁਬਾਇਆ

ਪੰਜਾਬ ਵਿੱਚ ਕਰੀਬ 7 ਮਹੀਨਿਆਂ ਬਾਅਦ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਧੜੇਬੰਦੀ ਲਗਾਤਾਰ ਜਾਰੀ ਹੈ। ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਰਾਜਾ ਵੜਿੰਗ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਦੇ ਲੋਕ ਵੜਿੰਗ ਤੋਂ ਨਾਰਾਜ਼ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੇ ਕਿਹਾ ਹੈ ਕਿ ਨਵੇਂ ਲੋਕਾਂ ਨੂੰ ਟਿਕਟ ਦੇਣੀ ਚਾਹੀਦੀ ਹੈ। ਜਿਸ ਕਾਰਨ ਲੋਕਾਂ ਵਿੱਚ ਕਾਫੀ ਨਾਰਾਜ਼ਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਹੈ। ਉੱਥੇ ਹੀ ਕਾਂਗਰਸ ਆਗੂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਪ੍ਰਧਾਨ ਦਾ ਅਸਤੀਫ਼ਾ ਮੰਗਣਾ ਅਨੁਸ਼ਾਸਨਹੀਣਤਾ ਹੈ।

ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਦਿੱਲੀ ਵਿੱਚ ਇੱਕ ਗੁਪਤ ਮੀਟਿੰਗ ਹੋਈ। ਜਿਸ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਸ਼ਾਮਲ ਹੋਏ। ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਖ਼ਾਨਾਜ਼ੰਗੀ ਨੂੰ ਖਤਮ ਕਰਨ ਦੇ ਲਈ ਡਿਜ਼ਾਈਨਬਾਕਸਡ ਕੰਪਨੀ ਦੇ ਨਰੇਸ਼ ਅਰੋੜਾ ਨੇ ਕਰਵਾਈ ਸੀ।

ਉਥੇ ਕਾਂਗਰਸ ਨਾਲ ਜੁੜੇ ਸੂਤਰ ਇਹ ਵੀ ਦੱਸਦੇ ਹਨ ਕਿ, ਰਾਜਾ ਵੜਿੰਗ ਨੇ ਮੀਟਿੰਗ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ, ਪਰ ਸਾਰਿਆਂ ਨੂੰ ਉਨ੍ਹਾਂ ਨਾਲ ਹਾਈਕਮਾਨ ਕੋਲ ਆਉਣਾ ਚਾਹੀਦਾ ਹੈ। ਚੰਨੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਖਾਸ ਵਿਅਕਤੀ ਨਾਲ ਕੋਈ ਇਤਰਾਜ਼ ਨਹੀਂ ਹੈ। ਇਹ ਮੁੱਦਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ, ਸਗੋਂ ਪੰਜਾਬ ਦੀ ਜਨਤਾ ਦੀ ਰਾਏ ਅਤੇ ਪਾਰਟੀ ਦੇ ਭਵਿੱਖ ਦਾ ਹੈ। ਹਾਲਾਂਕਿ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਕੋਈ ਅਹੁਦਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ, “ਸਾਡੀ ਇੱਕੋ ਇੱਕ ਤਰਜੀਹ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਹੈ।”

ਜਾਣੋ ਕੌਣ ਹਨ ਨਰੇਸ਼ ਅਰੋੜਾ, ਕਾਂਗਰਸ ਹਾਈਕਮਾਨ ਨੇ ਦਿੱਤੀ ਜ਼ਿੰਮੇਵਾਰੀ

ਨਰੇਸ਼ ਅਰੋੜਾ ਉਹ ਰਣਨੀਤੀਕਾਰ ਹਨ ਜਿਨ੍ਹਾਂ ਨੇ ਕਰਨਾਟਕ ਵਿੱਚ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਵਿਚਕਾਰ ਚੋਣ ਤੋਂ ਪਹਿਲਾਂ ਸਮਝੌਤਾ ਕਰਵਾਇਆ ਸੀ। ਜਿਸ ਨਾਲ ਉੱਥੇ ਕਾਂਗਰਸ ਦੀ ਸਰਕਾਰ ਬਣੀ ਸੀ। ਹਾਈਕਮਾਨ ਨੇ ਪੰਜਾਬ ਵਿੱਚ ਦੋਵਾਂ ਧੜਿਆਂ ਵਿਚਕਾਰ ਸੁਲ੍ਹਾ ਕਰਵਾਉਣ ਲਈ ਨਰੇਸ਼ ਅਰੋੜਾ ਨੂੰ ਜ਼ਿੰਮੇਵਾਰੀ ਦਿੱਤੀ ਹੈ। ਨਰੇਸ਼ ਅਰੋੜਾ ਜਲਦੀ ਹੀ ਪੰਜਾਬ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਕਰਨਾਟਕ ਫਾਰਮੂਲਾ ਸਮਝਾਉਣਗੇ।

ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਅੱਜ ਯਾਨੀ 30 ਜੁਲਾਈ ਨੂੰ ਚੰਡੀਗੜ੍ਹ ਪਹੁੰਚਣਗੇ ਅਤੇ ਕੱਲ੍ਹ ਤੋਂ 9 ਦਿਨਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧੜੇਬੰਦੀ ਦੇ ਜ਼ਮੀਨੀ ਹਕੀਕਤ ਅਤੇ ਪ੍ਰਭਾਵ ਦਾ ਮੁਲਾਂਕਣ ਕਰਨਗੇ ਅਤੇ ਹਾਈਕਮਾਨ ਨੂੰ ਅੰਤਿਮ ਰਿਪੋਰਟ ਸੌਂਪਣਗੇ। ਬਘੇਲ ਦੇ ਦੌਰੇ ਤੋਂ ਬਾਅਦ ਪਾਰਟੀ ਹਾਈਕਮਾਨ ਧੜੇਬੰਦੀ ‘ਤੇ ਇੱਕ ਵੱਡਾ ਫੈਸਲਾ ਲਵੇਗੀ।

Follow Us