Fazilka ‘ਚ ਨਵੀਂ ਟਰੱਕ ਆਪਰੇਟਰ ਯੂਨੀਅਨ ਬਣਨ ਦੇ ਕਾਰਨ ਵਧਿਆ ਤਣਾਅ ਦਾ ਮਾਹੌਲ
ਫ਼ਾਜ਼ਿਲਕਾ ਟਰੱਕ ਆਪ੍ਰੇਟਰ ਯੂਨੀਅਨ ਦੇ ਟਰੱਕ ਦੇ ਡਰਾਈਵਰ ਨਾਲ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕਰ ਕੇ ਉਨਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਫਿਲਹਾਲ ਐੱਸਐੱਸਪੀ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਗਈ ਹੈ।

ਫਾਜਿਲਕਾ। ਫ਼ਾਜ਼ਿਲਕਾ ਟਰੱਕ ਆਪ੍ਰੇਟਰ ਯੂਨੀਅਨ ਅਤੇ ਨਵੀਂ ਹੋਂਦ ਵਿਚ ਆਈ ਅਰਨੀਵਾਲਾ ਟਰੱਕ ਆਪ੍ਰੇਟਰ ਯੂਨੀਅਨ ‘ਚ ਵਿਵਾਦ ਕਾਰਨ ਟਰੱਕ ਆਪ੍ਰੇਟਰਾਂ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਬੁੱਧਵਾਰ ਦੇਰ ਸ਼ਾਮ ਅਰਨੀਵਾਲਾ ਨੇੜੇ ਸਥਿਤ ਜੂਸ ਫ਼ੈਕਟਰੀ ਤੋਂ ਜੂਸ ਲੱਦ ਕੇ ਜ਼ੀਰਕਪੁਰ ਜਾ ਰਹੇ ਫ਼ਾਜ਼ਿਲਕਾ (Fazilka) ਟਰੱਕ ਆਪ੍ਰੇਟਰ ਯੂਨੀਅਨ ਦੇ ਟਰੱਕ ਦੇ ਡਰਾਈਵਰ ਨਾਲ ਕੁੱਝ ਵਿਅਕਤੀਆਂ ਵਲੋਂ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਿਸਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਫਿਲਹਾਲ ਐੱਸਐੱਸਪੀ ਨੇ ਜਾਂਚ ਕਰਵਾਉਣ ਦੀ ਗੱਲ ਆਖੀ ਹੈ।
‘ਵਿਵਾਦ ਲਈ ਨਵੀਂ ਟਰੱਕ ਯੂਨੀਅਨ ਜਿੰਮੇਵਾਰ’
ਇਸ ਮੌਕੇ ਸਿਵਲ ਹਸਪਤਾਲ ਵਿਖੇ ਪੁੱਜੇ ਟਰੱਕ ਆਪ੍ਰੇਟਰਾਂ ਨੇ ਇਸ ਦੇ ਪਿੱਛੇ ਅਰਨੀਵਾਲਾ ਵਿਖੇ ਬਣੀ ਨਵੀਂ ਟਰੱਕ ਯੂਨੀਅਨ ਨੂੰ ਜ਼ਿੰਮੇਵਾਰ ਦੱਸਿਆ। ਆਪ੍ਰੇਟਰਾਂ ਦਾ ਕਹਿਣਾ ਸੀ ਕਿ ਅਰਨੀਵਾਲਾ ਵਿਖੇ ਕੁੱਝ ਲੋਕ ਨਾਜਾਇਜ਼ ਤੌਰ ਅਤੇ ਧੱਕੇਸ਼ਾਹੀ ਨਾਲ ਫ਼ਾਜ਼ਿਲਕਾ ਟਰੱਕ ਆਪ੍ਰੇਟਰ ਯੂਨੀਅਨ (Truck Operators Union) ਦੇ ਟਰੱਕਾਂ ਨੂੰ ਮਾਲ ਲੋਡ ਨਹੀਂ ਕਰਨ ਦੇ ਰਹੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਜੂਸ ਫ਼ੈਕਟਰੀ ਵਿਚੋਂ ਮਾਲ ਢੋਹਣ ਲਈ ਜ਼ੋਰਾਵਰ ਵਿਲਡਰ ਨਾਲ ਸਮਝੌਤਾ ਹੋਇਆ ਸੀ। ਉਕਤ ਵਪਾਰੀ ਜੂਸ ਢੋਣ ਲਈ ਫ਼ਾਜ਼ਿਲਕਾ ਤੋਂ ਟਰੱਕ ਭਾੜੇ ਤੇ ਮੰਗਵਾਉਂਦਾ ਹੈ ਅਤੇ ਜਦ ਟਰੱਕ ਜੂਸ ਫ਼ੈਕਟਰੀ ਤੋਂ ਮਾਲ ਲੋਡ ਕਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਅਤੇ ਟਰੱਕਾਂ ਦੀ ਭੰਨਤੋੜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ
ਇਸ ਸਬੰਧੀ ਉਹ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਚੁੱਕੇ ਹਨ ਪਰ ਕਥਿਤ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਸੇ ਵਿਵਾਦ ਨਾ ਸਬੰਧਿਤ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸੁਮਿਤ ਸ਼ਰਮਾ ਨੇ ਦੱਸਿਆ ਕਿ ਉਹ ਅਰਨੀਵਾਲਾ ਵਿਖੇ ਸਥਿਤ ਜੂਸ ਫ਼ੈਕਟਰੀ ਤੋਂ ਆਪਣੇ ਟਰੱਕ ਵਿਚ ਜੂਸ ਲੋਡ ਕਰ ਕੇ ਜ਼ੀਰਕਪੁਰ ਨੂੰ ਨਿਕਲਿਆ ਹੀ ਸੀ ਕਿ ਕਰੀਬ ਅੱਧਾ ਕਿੱਲੋਮੀਟਰ ਤੇ ਹੀ ਉਸ ਨੂੰ ਅਰਨੀਵਾਲਾ ਵਿਖੇ ਨਵੀਂ ਹੋਂਦ ਵਿਚ ਆਈ ਟਰੱਕ ਆਪ੍ਰੇਟਰ ਯੂਨੀਅਨ ਦੇ ਮੈਂਬਰਾਂ ਨੇ ਉਸ ਦਾ ਟਰੱਕ ਰੋਕ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਮੋਬਾਈਲ ਤੇ ਇੱਥੋਂ ਮਾਲ ਨਾ ਲੱਦਣ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ