CM Vs Governor: ‘ਮੁੱਖ ਮੰਤਰੀ ਜਿਸ ਸਕੂਲ ‘ਚ ਪੜੇ ਹਨ, ਮੈਂ ਉਸਦਾ ਹੈੱਡਮਾਸਟਰ ਰਹਿ ਚੁੱਕਾ ਹੈ’, ਸੀਐੱਮ ਮਾਨ ਦੇ ਇਲਜ਼ਾਮਾਂ ‘ਤੇ ਗਵਰਨਰ ਦਾ ਜਵਾਬ
Governor Reply on CM Allegations: ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀਆਂ ਦੇ ਚਾਂਸਲਰਾਂ ਦੀ ਪਾਵਰ ਹੁਣ ਮੁੱਖ ਮੰਤਰੀ ਕੋਲ ਹੋਵੇਗੀ। ਹਾਲਾਂਕਿ ਰਾਜਪਾਲ ਦੀ ਮਨਜੂਰੀ ਤੋਂ ਬਾਅਦ ਹੀ ਬਿਲ ਹੋਂਦ ਵਿੱਚ ਆਵੇਗਾ।

ਚੰਡੀਗੜ੍ਹ ਨਿਊਜ਼: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਤੇ ਲਗਾਏ ਗਏ ਕਈ ਤਰ੍ਹਾਂ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਰਾਜਪਾਲ ਨੇ ਬੁੱਧਵਾਰ ਨੂੰ ਮੀਡੀਆ ਰਾਹੀਂ ਉਨ੍ਹਾਂ ਨੂੰ ਜਵਾਬ ਦਿੱਤੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮਾਨ ਸਰਕਾਰ ਤੇ ਤਿੱਖੇ ਪਲਟਵਾਰ ਵੀ ਕੀਤੇ।
ਮੁੱਖ ਮੰਤਰੀ ਮਾਨ ਵੱਲੋਂ ਉਨ੍ਹਾਂ ਦਾ ਹੈਲੀਕਾਪਟਰ ਇਸਤੇਮਾਲ ਕਰਨ ਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਉਹ ਅੱਜ ਤੋਂ ਬਾਅਦ ਮੁੱਖ ਮੰਤਰੀ ਦਾ ਹੈਲੀਕਾਪਟਰ ਇਸਤੇਮਾਲ ਨਹੀਂ ਕਰਨਗੇ। ਉਨ੍ਹਾਂ ਨੇ ਪਹਿਲਾਂ ਵੀ ਕਦੇ ਨਿੱਜੀ ਕੰਮ ਲਈ ਹੈਲੀਕਾਪਟਰ ਨਹੀਂ ਵਰਦਿਆ ਹੈ। ਹੁਣ ਤੋਂ ਉਹ ਸਰਕਾਰੀ ਦੌਰਿਆਂ ‘ਤੇ ਸੜਕੀ ਮਾਰਗ ਰਾਹੀਂ ਹੀ ਜਾਇਆ ਕਰਨਗੇ, ਭਾਵੇਂ ਇਸ ਵਿੱਚ ਕਿੰਨਾ ਵੀ ਸਮਾਂ ਕਿਉਂ ਨਾ ਲੱਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇੱਕ ਗਰਿਮਾ ਹੁੰਦੀ ਹੈ, ਜਿਸਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਪਰ ਮੁੱਖ ਮੰਤਰੀ ਨੇ ਆਪਣੇ ਅਹੁਦੇ ਦਾ ਵੀ ਧਿਆਨ ਨਹੀਂ ਰੱਖਿਆ।
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਰਾਜਪਾਲ ਤੇ ਕਈ ਤਰ੍ਹਾਂ ਦੇ ਵੱਡੇ ਸਵਾਲ ਚੁੱਕੇ ਗਏ ਸਨ। ਨਾਲ ਹੀ ਸੂਬਾ ਸਰਕਾਰ ਨੇ ਪੰਜਾਬ ਯੂਨੀਵਰਸਿਟੀਜ਼ ਲਾਅ (ਸੋਧ) ਬਿਲ-2023 ਵੀ ਪਾਸ ਕਰ ਦਿੱਤਾ, ਜਿਸ ਮੁਤਾਬਕ, ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਵੀਸੀ ਮੁੱਖ ਮੰਤਰੀ ਹੋਵੇਗਾ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ (ਵੀਸੀ) ਦੀ ਨਿਯੁਕਤੀ ਤੇ ਰਾਜਪਾਲ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ।
ਹਰਿਆਣਾ ਦਾ ਪੱਖ ਪੂਰਣ ‘ਤੇ ਇਲਜ਼ਾਮ ‘ਤੇ ਰਾਜਪਾਲ ਦਾ ਜਵਾਬ
ਰਾਜਪਾਲ ਨੇ ਕਿਹਾ ਕਿ ਮੇਰੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੈਂ ਚੁਣੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਿਹਾ। ਇਹ ਸਾਰੇ ਇਲਜ਼ਾਮ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਰਕਾਰ ਨੂੰ ਚੰਗੀ ਤਰ੍ਹਾਂ ਚਲਾਉਣਾ ਹੋਣਾ ਚਾਹੀਦਾ ਹੈ। ਰਾਜਪਾਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਮਾਮਲੇ ‘ਤੇ ਵੀ ਮੇਰੇ ‘ਤੇ ਇਲਜਾਮ ਲਗਾਇਆ ਗਿਆ ਕਿ ਮੈਂ ਹਰਿਆਣਾ ਦਾ ਪੱਖ ਪੂਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਚਲਾਉਣ ਲਈ ਬਣਦਾ ਹਿੱਸਾ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਚਲਾਉਣ ਲਈ ਪੰਜਾਬ ਨੇ ਬੀਤੇ ਪੰਜ ਸਾਲਾਂ ਤੋਂ ਆਪਣੇ ਹਿੱਸੇ ਦਾ ਕੋਈ ਪੈਸਾ ਨਹੀਂ ਦਿੱਤਾ, ਜਦਕਿ ਯੂਟੀ ਪ੍ਰਸ਼ਾਸਨ ਨੇ ਆਪਣਾ ਪੂਰਾ ਪੈਸਾ ਅਦਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕੁੱਲ 696 ਕਰੋੜ ਦੀ ਰਕਮ ਚੋਂ 203 ਕਰੋੜ ਹੀ ਦਿੱਤਾ ਹੈ, ਜਦਕਿ 493 ਕਰੋੜ ਹਾਲੇ ਵੀ ਬਕਾਇਆ ਹੈ। ਇਸ ਲਈ ਉਨ੍ਹਾਂ ਨੇ ਇਹ ਮੀਟਿੰਗ ਸੱਦੀ ਅਤੇ ਸੀਐੱਮ ਮਾਨ ਨੂੰ ਆਪਣੇ ਹਿੱਸੇ ਦਾ ਪੈਸਾ ਦੇਣ ਲਈ ਕਿਹਾ। ਜਿਸ ਤੇ ਉਨ੍ਹਾਂ ਨੇ ਮੇਰੇ ਉੱਤੇ ਹਰਿਆਣਾ ਦਾ ਪੱਖ ਪੂਰਣ ਦਾ ਇਲਜ਼ਾਮ ਲਗਾ ਦਿੱਤਾ। ਮੈਂ ਤਾਂ ਸਿਰਫ਼ ਦੋਵੇਂ ਸੂਬਿਆਂ ਵਿਚਾਲੇ ਦੇ ਵਿਵਾਦ ਨੂੰ ਹੱਲ ਕਰਨ ਲਈ ਮੀਟਿੰਗ ਬੁਲਾਈ ਸੀ, ਪਰ ਉਨ੍ਹਾਂ ਨੇ ਉਲਟਾ ਮੇਰੇ ਤੇ ਹੀ ਇਲਜਾਮ ਲਗਾ ਦਿੱਤੇ, ਜੋ ਕਿਧਰੋਂ ਵੀ ਸਹੀ ਨਹੀਂ ਹੈ।
ਇਹ ਵੀ ਪੜ੍ਹੋ
ਮੇਰੀ ਚਿੱਠੀਆਂ ਦਾ ਜਵਾਬ ਤਾਂ ਦੇਣਾ ਹੀ ਪਵੇਗਾ – ਗਵਰਨਰ
ਰਾਜਪਾਲ ਨੇ ਕਿਹਾ ਕਿ ਮੈਂ ਮੀਡੀਆ ਰਾਹੀਂ ਦੇਖਿਆ ਕਿ ਉਨ੍ਹਾਂ ਨੇ ਮੇਰਾ ਬਹੁਤ ਮਜ਼ਾਕ ਉਡਾਇਆ। ਉਨ੍ਹਾਂ ਨੇ ਮੇਰੇ ਪੱਤਰਾਂ ਨੂੰ ‘ਲਵ ਲੈਟਰ’ ਕਹਿ ਕੇ ਸੰਬੋਧਿਤ ਕੀਤਾ। ਇਹ ਭਾਸ਼ਾ ਕਿਸੇ ਵੀ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਦਾ ਹੱਕ ਹੈ ਕਿ ਉਹ ਕਿਸੇ ਵੀ ਮੁੱਦੇ ‘ਤੇ ਸਰਕਾਰ ਤੋਂ ਜਵਾਬ ਤਲਬ ਕਰ ਸਕਦੇ ਹਨ ਅਤੇ ਸਰਕਾਰ ਨੂੰ ਉਸ ਦਾ ਜਵਾਬ ਦੇਣਾ ਹੀ ਹੋਵੇਗਾ। ਇਨ੍ਹਾਂ ਨੂੰ ਲਵ ਲੈਟਰ ਕਹਿ ਕੇ ਸੀਐੱਮ ਮਾਨ ਇਨ੍ਹਾਂ ਦਾ ਜਵਾਬ ਦੇਣ ਤੋਂ ਭੱਜ ਨਹੀਂ ਸਕਦੇ। ਸੰਵਿਧਾਨ ਮੁਤਾਬਕ, ਉਨ੍ਹਾਂ ਨੂੰ ਮੇਰੇ ਸਵਾਲਾਂ ਦਾ ਜਵਾਬ ਤਾਂ ਦੇਣਾ ਹੀ ਹੋਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਚਿੱਠੀਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਜਿਸ ਭਾਸ਼ਾ ਦੀ ਵਰਤੋਂ ਕੀਤੀ ਹੈ, ਉਹ ਕਿਸੇ ਵੀ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਮੈਂ ਸੁਪਰੀਮ ਕੋਰਟ ਦੀ ਹੁਕਮਾਂ ਮੁਤਾਬਕ ਹੀ ਚਿੱਠੀਆਂ ਲਿੱਖੀਆਂ ਹਨ। ਉਹ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੀ ਇਹ ਚਿੱਠੀਆਂ ਲਿੱਖ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਜਿਹੜੇ ਸਕੂਲ ਵਿੱਚ ਪੜ੍ਹੇ ਹਨ, ਉਹ ਉਸ ਸਕੂਲ ਦੇ ਹੈੱਡ ਮਾਸਟਰ ਰਹਿ ਚੁੱਕੇ ਹਨ। ਇਸ ਲਈ ਉਹ ਉਨ੍ਹਾਂ ਦੀਆਂ ਸਾਰੀਆਂ ਚਾਲਾਕੀਆਂ ਸਮਝਦੇ ਹਨ।
ਵਿਧਾਨਸਭਾ ‘ਚ ਪਾਸ ਕੀਤੇ ਬਿਲ ਪਾਸ ਕਰਨ ਦੇ ਮੁੱਦੇ ‘ਤੇ ਜਵਾਬ
ਰਾਜਪਾਲ ਪੁਰੋਹਿਤ ਨੂੰ ਇਹ ਸਵਾਲ ਪੁੱਛਣ ਤੇ ਕਿ ਕੀ ਉਹ ਮੰਗਲਵਾਰ ਨੂੰ ਵਿਧਾਨਸਭਾ ‘ਚ ਪਾਸ ਕੀਤੇ ਚਾਰੋਂ ਬਿਲ ਪਾਸ ਕਰਨਗੇ। ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਉਹ ਸੰਵਿਧਾਨ ਦੇ ਮੁਤਾਬਕ, ਇਨ੍ਹਾਂ ਬਿਲਾਂ ਦਾ ਅਧਿਐਨ ਕਰਨਗੇ। ਜੇਕਰ ਇਹ ਪਾਸ ਕਰਨ ਲਾਇਕ ਹੋਣਗੇ ਤਾਂ ਜਰੂਰ ਪਾਸ ਕਰਨਗੇ, ਪਰ ਜੇਕਰ ਇਨ੍ਹਾਂ ਨੂੰ ਸੰਵਿਧਾਨ ਮੁਤਾਬਕ ਨਾ ਪਾਇਆ ਗਿਆ ਤਾਂ ਮੈਂ ਇਨ੍ਹਾਂ ਬਿਲਾਂ ਨੂੰ ਵਾਪਸ ਕਰ ਦੇਣਗੇ।
ਮੁੱਖ ਮੰਤਰੀ ਨੇ ਲਗਾਏ ਸਨ ਰਾਜਪਾਲ ‘ਤੇ ਪੱਖਪਾਤ ਦੇ ਇਲਜ਼ਾਮ
ਜਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਪੰਜਾਬ ਵਿਧਾਨਸਭਾ ਦੇ ਇਜਲਾਸ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਦੇ ਉਲਟ ਪੰਜਾਬ ਦੇ ਰਾਜਪਾਲ ਅਕਸਰ ਹਰਿਆਣਾ ਦਾ ਪੱਖ ਪੂਰਦੇ ਦਿਖਾਈ ਦਿੰਦੇ ਹਨ। ਭਗਵੰਤ ਮਾਨ ਨੇ ਇਲਜਾਮ ਲਗਾਇਆ ਸੀ ਪੰਜਾਬ ਦੇ ਰਾਜਪਾਲ ਹੋਣ ਦੇ ਬਾਵਜੂਦ ਉਹ ਕੇਂਦਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ