Good News: ਸਰਕਾਰੀ ਸਕੂਲਾਂ ਵਿੱਚ ਨਾਨ ਟੀਚਿੰਗ ਸਟਾਫ਼ ਦੀਆਂ 5200 ਖਾਲੀ ਅਸਾਮੀਆਂ ਨੂੰ ਛੇਤੀ ਭਰਨ ਜਾ ਰਹੀ ਸਰਕਾਰ
Non Teaching Staff Recruitment: ਇਸ ਵਾਰ ਕੈਬਨਿਟ ਮੰਤਰੀਆਂ ਨੇ ਮੁਲਾਜ਼ਮ ਜਥੇਬੰਦੀਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਵਿਭਾਗ ਵੱਲੋਂ ਨਾਨ-ਟੀਚਿੰਗ ਸਟਾਫ਼ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਪੱਕਾ ਭਰੋਸਾ ਦਿੱਤਾ ਗਿਆ ਸੀ।

Non Teaching Staff Recruitment: ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਦੇ ਪੱਧਰ ਨੂੰ ਸੁਧਾਰਣ ਲਈ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ। ਸਰਕਾਰ ਨੇ ਜਿੱਥੇ ਪਿਛਲੇ ਦਿਨੀਂ ਅਧਿਆਪਕਾਂ ਦੀ ਭਰਤੀਆਂ ਅਤੇ ਪੱਕੇ ਕਰਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਸੀ, ਉੱਥੇ ਹੀ ਹੁਣ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਗੈਰ-ਅਧਿਆਪਕ ਅਸਾਮੀਆਂ ਨੂੰ ਵੀ ਭਰਨ ਜਾ ਰਹੀ ਹੈ। ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ 5200 ਦੇ ਕਰੀਬ ਨਾਨ-ਟੀਚਿੰਗ ਸਟਾਫ਼ ਦੀ ਭਰਤੀ ਕੀਤੀ ਜਾਵੇਗੀ।
ਇਸ ਦੇ ਲਈ ਸਿੱਖਿਆ ਵਿਭਾਗ ਨੇ ਇਕ ਏਜੰਡਾ ਤਿਆਰ ਕੀਤਾ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕਿਹੜੇ-ਕਿਹੜੇ ਜ਼ਿਲਿਆਂ ਦੇ ਸਕੂਲਾਂ ‘ਚ ਨਾਨ-ਟੀਚਿੰਗ ਸਟਾਫ ਦੀਆਂ ਕਿੰਨੀਆਂ ਅਸਾਮੀਆਂ ਖਾਲੀ ਹਨ। ਇਨ੍ਹਾਂ ਵੇਰਵਿਆਂ ਅਨੁਸਾਰ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਇਸ ਏਜੰਡੇ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਰੱਖਿਆ ਜਾਵੇਗਾ ਅਤੇ ਉਮੀਦ ਹੈ ਕਿ ਸਰਕਾਰ ਇਸ ਏਜੰਡੇ ‘ਤੇ ਮੋਹਰ ਲਾ ਦੇਵੇਗੀ ਅਤੇ ਉਸ ਤੋਂ ਬਾਅਦ ਸਾਰੇ ਸਕੂਲਾਂ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।