Aqil Akhtar Death: ਹੁਣ CBI ਕਰੇਗੀ ਜਾਂਚ…ਮਾਂ, ਪਿਤਾ, ਭੈਣ ਤੇ ਪਤਨੀ, ਅਕੀਲ ਦੇ ਪਰਿਵਾਰ ਵਿਰੁੱਧ FIR
Aqil Akhtar Death Mystery: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਹੁਣ ਸੀਬੀਆਈ ਜਾਂਚ ਅਧੀਨ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ, ਅਕੀਲ ਅਖਤਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸਦੇ ਪਰਿਵਾਰ 'ਤੇ ਕਤਲ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਸੀਬੀਆਈ ਨੇ ਹੁਣ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਪੀਡਬਲਯੂਡੀ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਅਜੇ ਵੀ ਰਹੱਸ ਬਣਿਆ ਹੋਇਆ ਹੈ। ਸ਼ੁਰੂ ‘ਚ ਅਕੀਲ ਅਖਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦੀ ਖ਼ਬਰ ਸੀ। ਇਸ ਤੋਂ ਬਾਅਦ, ਉਸ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ‘ਚ ਉਸ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ‘ਤੇ ਉਸ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹੁਣ 6 ਨਵੰਬਰ, 2025 ਨੂੰ ਅਕੀਲ ਅਖਤਰ ਦੇ ਕਤਲ ਦੇ ਸਬੰਧ ‘ਚ ਐਫਆਈਆਰ ਦਰਜ ਕੀਤੀ ਹੈ।
ਅਕੀਲ ਅਖਤਰ ਦੀ ਮੌਤ 16 ਅਕਤੂਬਰ, 2025 ਨੂੰ ਹੋਈ ਸੀ। ਸ਼ੁਰੂਆਤੀ ਜਾਂਚ ‘ਚ ਇਹ ਮਾਮਲਾ ਸ਼ੱਕੀ ਪਾਇਆ ਗਿਆ। ਇਹ ਦੱਸਿਆ ਗਿਆ ਸੀ ਕਿ ਪਰਿਵਾਰ ‘ਚ ਲੰਬੇ ਸਮੇਂ ਤੋਂ ਤਣਾਅ ਸੀ। 27 ਅਗਸਤ ਨੂੰ, ਅਕੀਲ ਅਖਤਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਪਿਤਾ ਦਾ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ, ਭੈਣ ਤੇ ਪੂਰਾ ਪਰਿਵਾਰ ਉਸ ਨੂੰ ਮਾਰਨ ਜਾਂ ਝੂਠੇ ਕੇਸ ‘ਚ ਫਸਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।
ਹਰਿਆਣਾ ਸਰਕਾਰ ਨੇ ਕੀਤੀ ਸਿਫ਼ਾਰਸ਼
ਇਸ ਘਟਨਾ ਤੋਂ ਬਾਅਦ, ਹਰਿਆਣਾ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕੀਤੀ, ਜੋ ਕਿ ਸ਼ੁਰੂ ‘ਚ ਐਫਆਈਆਰ ਨੰਬਰ 131 ਮਿਤੀ 20 ਅਕਤੂਬਰ, 2025 ਦੇ ਤਹਿਤ ਪੁਲਿਸ ਸਟੇਸ਼ਨ ਮਨਸਾ ਦੇਵੀ ਕੰਪਲੈਕਸ, ਜ਼ਿਲ੍ਹਾ ਪੰਚਕੂਲਾ ਵਿਖੇ ਦਰਜ ਕੀਤੀ ਗਈ ਸੀ। ਕੇਂਦਰ ਸਰਕਾਰ (ਡੀਓਪੀਟੀ) ਦੀ ਨੋਟੀਫਿਕੇਸ਼ਨ ਤੋਂ ਬਾਅਦ, ਸੀਬੀਆਈ ਨੇ ਰਸਮੀ ਤੌਰ ‘ਤੇ ਇੱਕ ਐਫਆਈਆਰ ਦਰਜ ਕੀਤੀ ਹੈ, ਜਿਸ ‘ਚ ਸੀਆਰਪੀਸੀ 2023 ਦੀ ਧਾਰਾ 103(1) ਤੇ 61 ਦੇ ਤਹਿਤ ਦੋਸ਼ ਲਗਾਏ ਗਏ ਹਨ।
ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਐਫਆਈਆਰ
ਇਸ ਐਫਆਈਆਰ ‘ਚ ਨਾਮਜ਼ਦ ਦੋਸ਼ੀਆਂ ‘ਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਪੰਜਾਬ ਦੀ ਸਾਬਕਾ ਪੀਡਬਲਯੂਡੀ ਮੰਤਰੀ ਰਜ਼ੀਆ ਸੁਲਤਾਨਾ, ਮ੍ਰਿਤਕ ਅਕੀਲ ਅਖਤਰ ਦੀ ਪਤਨੀ ਤੇ ਅਕੀਲ ਅਖਤਰ ਦੀ ਭੈਣ ਸ਼ਾਮਲ ਹਨ। ਸੀਬੀਆਈ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਂਚ ਹੁਣ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ, ਜਿਸ ਨੇ ਚਾਰ ਪਰਿਵਾਰਕ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।