NRI News: ਜਲੰਧਰ ਦਾ ਪ੍ਰਭਜੋਤ ਸਿੰਘ ਮੁਲਤਾਨੀ Wizz Airlines ‘ਚ ਬਣਿਆ ਕੈਪਟਨ
Prabhjot Singh Multani 2003 ਵਿੱਚ ਪਰਿਵਾਰ ਸਣੇ ਇਟਲੀ ਗਿਆ ਸੀ, ਜਿੱਥੇ ਉਸਨੂੰ Wizz ਏਅਰਲਾਈਂਸ ਕੈਪਟਨ ਬਣਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਜੈਸਮੀਨ ਕੌਰ (Jasmeen Kaur) ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ਼-ਨਾਲ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।

NRI News: ਬੁਲੰਦ ਹੌਂਸਲੇ ਅਤੇ ਦ੍ਰਿੜ ਇਰਾਦੇ ਨਾਲ ਇਟਲੀ ਸਮੇਤ ਹੋਰ ਦੇਸ਼ਾਂ ਵਿੱਚ ਪੰਜਾਬੀ ਪ੍ਰਵਾਸੀ ਸਫਲਤਾ ਦੀ ਮਿਸਾਲ ਬਣਦੇ ਰਹਿੰਦੇ ਹਨ। ਹੁਣ ਮੁੜ ਭਾਰਤੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ (35) ਨੇ ਵੀ ਇਟਲੀ ਵਿੱਚ ਮਿਸਾਲ ਕਾਇਮ ਕੀਤੀ ਹੈ। ਮੁਲਤਾਨੀ ਨੂੰ Wizz Airlines ਵਿੱਚ ਕੈਪਟਨ ਨਿਯੁਕਤ ਕੀਤਾ ਗਿਆ ਹੈ। ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਮੁਲਤਾਨੀ 2003 ਵਿੱਚ ਪਰਿਵਾਰ ਸਮੇਤ ਇਟਲੀ (Italy) ਆਇਆ ਸੀ।
ਮਾਪਿਆਂ ਦੇ ਯੋਗਦਾਨ ਨਾਲ ਮਿਲੀ ਮੰਜਿਲ-ਪ੍ਰਭਤੋਜ ਸਿੰਘ
ਆਪਣੇ ਪਿਤਾ ਗੁਰਮੇਲ ਸਿੰਘ ਅਤੇ ਮਾਤਾ ਕੁਲਵੰਤ ਕੌਰ ਦੀ ਹੱਲਾਸ਼ੇਰੀ ਸਦਕਾ ਪ੍ਰਭਜੋਤ ਸਿੰਘ ਮੁਲਤਾਨੀ ਉਨ੍ਹਾਂ ਰਾਹਾਂ ਦਾ ਵਿਦਵਾਨ ਬਣ ਗਿਆ ਜੋ ਉਸ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੇ ਲੈ ਗਿਆ। ਪ੍ਰਭਜੋਤ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਉਸ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਸ ਦੀ ਪ੍ਰੇਰਨਾ ਸਦਕਾ ਉਸ ਨੇ ਸਾਲ 2011 ਤੋਂ ਹਵਾਈ ਜਹਾਜ਼ ਦਾ ਪਾਇਲਟ ਬਣਨ ਦੀ ਪੜ੍ਹਾਈ ਸ਼ੁਰੂ ਕੀਤੀ, ਜਿਸ ਲਈ ਉਹ ਪਹਿਲਾਂ ਅਮਰੀਕਾ, ਫਿਰ ਇੰਗਲੈਂਡ (England) ਅਤੇ ਬਾਅਦ ਵਿਚ ਸਪੇਨ ਵਿਚ ਪੜ੍ਹਾਈ ਕਰਨ ਗਿਆ ਅਤੇ ਅੱਜ ਉਹ ਸਫ਼ਲ ਜਹਾਜ਼ ਦਾ ਮੁਸਾਫ਼ਰ ਬਣ ਚੁੱਕਾ ਹੈ।
ਜੈਸਮੀਨ ਕੌਰ ਜਰਮਨ ਪੁਲਿਸ ‘ਚ ਹੋਈ ਭਰਤੀ
ਇਸ ਤੋਂ ਇਲਾਵਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਜੈਸਮੀਨ ਕੌਰ (Jasmeen Kaur) ਨੇ ਜਰਮਨ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ਼-ਨਾਲ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਵੀ ਚਮਕਾਇਆ ਹੈ। ਮਨਜੀਤ ਸਿੰਘ ਅਤੇ ਬੀਬੀ ਸੁਰਜੀਤ ਕੌਰ ਦੀ ਸਪੁੱਤਰੀ ਜੈਸਮੀਨ ਨੇ ਜਰਮਨ ਬਾਰਡਰ ਪੁਲਿਸ (German Border Poice) ਵਿੱਚ ਆਪਣੀ ਥਾਂ ਬਣਾਈ ਹੈ। ਜੈਸਮੀਨ ਵੱਲੋਂ ਜਰਮਨ ਪੁਲਿਸ ਵਿੱਚ ਭਰਤੀ ਹੋਣ ਦੀ ਖਬਰ ਨਾਲ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਬਣੀ ਹੋਈ ਹੈ। ਜੈਸਮੀਨ ਕੌਰ ਦਾ ਮੇਰਾ ਜਨਮ ਜਰਮਨ ਵਿੱਚ ਹੋਇਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਰਮਨ ਪੁਲਿਸ ਵਿੱਚ ਭਰਤੀ ਹੋਣ ਲਈ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸਨੂੰ ਹੱਲਾਸ਼ੇਰੀ ਦੇ ਕੇ ਅੱਗੇ ਤੋਰਿਆ ਅਤੇ ਹਰ ਕਦਮ ਤੇ ਸਹਿਯੋਗ ਦਿੱਤਾ ।
ਧੀ ਦੀ ਪ੍ਰਾਪਤੀ ਤੇ ਪਰਿਵਾਰ ਚ ਅਥਾਹ ਖੁਸ਼ੀ
ਉੱਧਰ ਜੈਸਮੀਨ ਕੌਰ ਦੇ ਮਾਤਾ-ਪਿਤਾ ਨੇ ਵੀ ਆਪਣੀ ਧੀ ਦੀ ਇਸ ਵਿਲੱਖਣ ਪ੍ਰਾਪਤੀ ਉੱਤੇ ਅਥਾਹ ਖੁਸ਼ੀ ਦਾ ਇਜਹਾਰ ਕੀਤਾ ਹੈ । ਉਨ੍ਹਾਂ ਦੇ ਜੱਦੀ ਪਿੰਡ ਰੁੜਕਾ ਕਲਾਂ ਵਿਖੇ ਰਹਿ ਰਹੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ । ਜੈਸਮੀਨ ਕੌਰ ਦੀ ਦਾਦੀ ਬੀਬੀ ਗੁਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਨੇ ਸਾਰੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ । ਉਨ੍ਹਾਂ ਦਾ ਬੇਟਾ ਵਿਆਹ ਕਰਨ ਬਾਅਦ ਵਿਦੇਸ਼ ਵਿੱਚ ਵਸ ਗਿਆ ਸੀ ਤੇ ਉਥੇ ਹੀ ਜੈਸਮੀਨ ਦਾ ਜਨਮ ਹੋਇਆ।
ਵਿਦੇਸ਼ ਵਿੱਚ ਹੀ ਜੰਮੀ ਪਲੀ ਅਤੇ ਪੜ੍ਹੀ ਹੈ ਜੈਸਮੀਨ
ਉਹਨਾਂ ਦੀ ਪੋਤੀ ਜੈਸਮੀਨ ਵਿਦੇਸ਼ ਵਿੱਚ ਹੀ ਜੰਮੀ ਪਲੀ ਅਤੇ ਪੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈ ਸੰਦੇਸ਼ ਆ ਰਹੇ ਹਨ । ਜੈਸਮੀਨ ਕੌਰ ਦੀ ਦਾਦੀ ਨੇ ਕਿਹਾ ਕਿ ਧੀਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਉਹ ਕਿਸੇ ਵੀ ਪੱਖ ਤੋਂ ਪੁੱਤਰਾਂ ਤੋਂ ਘੱਟ ਨਹੀਂ ਹਨ। ਸਾਡੀ ਧੀ ਨੇ ਪੂਰੀ ਦੁਨੀਆਂ ਵਿੱਚ ਸਾਡਾ ਨਾਮ ਉੱਚਾ ਕੀਤਾ ਹੈ । ਇਸ ਮੌਕੇ ਤੇ ਦਾਦਾ ਗਿਆਨੀ ਪਵਿੱਤਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡੀ ਇਸ ਧੀ ਦੀ ਪ੍ਰਾਪਤੀ ਕਾਰਨ ਪੂਰਾ ਪਿੰਡ ਖੁਸ਼ੀ ਦੇ ਆਲਮ ਵਿੱਚ ਹੈ, ਜਿਸ ਲਈ ਅਸੀਂ ਸਮੂਹ ਨਗਰ ਨਿਵਾਸੀ ਪਰਿਵਾਰ ਨੂੰ ਵਧਾਈ ਦੇ ਰਹੇ ਹਨ ।