ਮੈਂ ਪੰਜਾਬੀ, ਬੋਲੀ ਪੰਜਾਬੀ’ ਮੁਹਿੰਮ : ਮਾਂ ਬੋਲੀ ਦੇ ਹੱਕ ਵਿੱਚ ਵਿਦਿਆਰਥੀਆਂ ਨੇ ਦਿੱਤਾ ਹੋਕਾ
ਬਠਿੰਡਾ ਸ਼ਹਿਰ ਸਮੇਤ 28 ਪਿੰਡਾਂ ਦੇ 5900 ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਰੈਲੀ ਕੱਢ ਕੇ ਲੋਕਾਂ ਨੂੰ ਆਪਣੀ ਮਾਂ ਬੋਲੀ ਅਪਣਾਉਣ ਦਾ ਸੱਦਾ ਦਿੱਤਾ। ਨਾਲ ਹੀ ਦੋ ਰੋਜ਼ਾ ਸੁੰਦਰ ਲਿਖਾਈ ਦੀ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ।

ਬਠਿੰਡਾ। ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਲਈ ‘ਮੈਂ ਪੰਜਾਬੀ, ਬੋਲੀ ਪੰਜਾਬੀ’ ਨਾਮ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 1 ਫਰਵਰੀ ਤੋਂ 21 ਫ਼ਰਵਰੀ ਤੱਕ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਦੇ 14ਵੇਂ ਦਿਨ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ 28 ਪਿੰਡਾਂ ਦੇ ਕਰੀਬ 5900 ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀਆਂ ਕੱਢ ਕੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਹੋਕਾ ਦਿੱਤਾ। ਨਿਜੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਰੈਲੀ ਨੂੰ ਸੋਸ਼ਲ ਐਕਟੀਵਿਸਟ ਡਾ. ਵਿਤੁਲ ਗੁਪਤਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਪੰਜਾਬੀ ਮਾਂ ਬੋਲੀ ਨਾਲ ਹੋਰ ਗੂੜ੍ਹਾ ਕਰਨਾ ਹੋਵੇਗਾ ਰਿਸ਼ਤਾ
ਇਸ ਮੌਕੇ ਪੰਜਾਬੀ ਮਾਂ ਬੋਲੀ ਦੀਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਵਿਤੁਲ ਗੁਪਤਾ ਨੇ ਕਿਹਾ ਕਿ ਜੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇਸ ਲਈ ਪੰਜਾਬੀ ਮਾਂ ਬੋਲੀ ਨਾਲ ਰਿਸ਼ਤਾ ਹੋਰ ਗੂੜ੍ਹਾ ਕਰਨਾ ਪਵੇਗਾ। ਉੱਧਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਬੋਲਦਿਆਂ ਕਿਹਾ ਕਿ ਮੁਹਿੰਮ ਦੀ ਸਫ਼ਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਆਪ-ਮੁਹਾਰੇ ਮਾਂ-ਬੋਲੀ ਦੀ ਪ੍ਰਫੁੱਲਤਾ ਦੇ ਇਸ ਕਾਰਜ ਨਾਲ ਜੁੜ ਰਹੀਆਂ ਹਨ ।
ਕੱਢੀ ਗਈ ਜਾਗਰੁਕਤਾ ਰੈਲੀ
ਇਹ ਰੈਲੀ ਸਥਾਨਕ ਲਿਟਲ ਫਲਾਵਰ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਭੱਟੀ ਰੋਡ, ਬੱਲਾ ਰਾਮ ਨਗਰ, ਹਜੂਰਾ-ਕਪੂਰਾ ਕਲੋਨੀ ਤੋਂ ਹੁੰਦੀ ਹੋਈ ਵਾਪਿਸ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਈ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਰਸਤੇ ਵਿੱਚ ਆਉਂਦੀਆਂ ਦੁਕਾਨਾਂ ਅਤੇ ਹੋਰ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕਰਦੇ ਹੋਏ, ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਅਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ‘ਚ ਲਿਖਣ ਦੀ ਅਪੀਲ ਕੀਤੀ ਅਤੇ ਦੁਕਾਨਦਾਰਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਰੈਲੀ ਤੋਂ ਇਲਾਵਾ ਮੁਹਿੰਮ ਅਧੀਨ ਸੁੰਦਰ ਲਿਖਾਈ ਦੀ ਦੋ ਰੋਜ਼ਾ ਵਰਕਸ਼ਾਪ ਵੀ ਕਰਵਾਈ ਗਈ।