Punjab Board Result 2025: ਪ੍ਰੀਖਿਆ ‘ਚ ਫੇਲ ਹੋਣ ‘ਤੇ ਬੱਚੇ ਨਾ ਚੁੱਕ ਲੈਣ ਆਤਮਘਾਤੀ ਕਦਮ, ਸਬਰ ਨਾਲ ਕੰਮ ਲੈਣ ਮਾਪੇ
Punjab Board Result 2025 Failure: 12ਵੀਂ ਜਮਾਤ ਵਿੱਚ ਫੇਲ ਹੋਏ ਲੁਧਿਆਣਾ ਦੇ ਇੱਕ 17 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ। ਜਿਸਤੋਂ ਬਾਅਦ ਕਈ ਗੰਭੀਰ ਸਵਾਲ ਖੜੇ ਹੋ ਗਏ ਹਨ ਕਿ ਅਜਿਹੇ ਬੱਚਿਆਂ ਦੀ ਮਾਨਸਿਕ ਸਥਿਤੀ ਨੂੰ ਮਾਪੇ ਕਿਸ ਤਰ੍ਹਾਂ ਨਾਲ ਸਮਝਣ। ਉਨ੍ਹਾਂ ਨੂੰ ਕਿਵੇਂ ਸਭ ਕੁਝ ਭੁੱਲ ਕੇ ਅੱਗੇ ਵੱਧਣ ਲਈ ਪ੍ਰੇਰਿਤ ਕਰਨ । ਅਜਿਹੇ ਬੱਚਿਆਂ ਨਾਲ ਇਸ ਵੇਲ੍ਹੇ ਖਾਸ ਤਰ੍ਹਾਂ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈ। ਮਾਪਿਆਂ ਨੂੰ ਸਬਰ ਨਾਲ ਕੰਮ ਲੈਣ ਦੀ ਜਰੂਰਤ ਹੁੰਦੀ ਹੈ...ਅਜਿਹੇ ਹੀ ਕੁਝ ਸਵਾਲਾਂ ਦਾ ਜਵਾਬ ਤਲਾਸ਼ਦੀ ਪੜ੍ਹੋ ਸਾਡੀ ਇਹ ਖਾਸ ਰਿਪੋਰਟ...

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਅਤੇ 10ਵੀਂ ਦੇ ਨਤੀਜਾ ਐਲਾਨ ਦਿੱਤੇ ਹਨ। ਜਿਨ੍ਹਾਂ ਚ ਬਹੁਤ ਸਾਰੇ ਬੱਚਿਆਂ ਨੇ ਰੈਂਕ ਲਿਆਂਦੀ ਤਾਂ ਹਜਾਰਾਂ ਬੱਚੇ ਨੱਕੇ ਤੇ ਵੀ ਪਾਸ ਹੋਏ ਹਨ। ਪਰ ਕੁਝ ਬੱਚੇ ਅਜਿਹੇ ਵੀ ਹਨ, ਜਿਹੜੇ ਇਨ੍ਹਾਂ ਜਮਾਤਾਂ ਵਿੱਚ ਕੁਝ ਵੀ ਕਰ ਸਕੇ ਯਾਨੀ ਫੇਲ ਹੋ ਗਏ ਹਨ। ਪਾਸ ਬੱਚੇ ਤਾਂ ਆਪਣੀ ਕਾਮਯਾਬੀ ਦਾ ਜਸ਼ਨ ਮਣਾ ਰਹੇ ਹਨ, ਉਨ੍ਹਾ ਦੇ ਮਾਪੇ ਉਨ੍ਹਾਂ ਦੀ ਖੁਸ਼ੀ ਵਿੱਚ ਡੁੱਬੇ ਹੋਏ ਹਨ। ਪਰ ਇਸ ਦੌਰਾਨ ਜਿਹੜੇ ਬੱਚੇ ਫੇਲ ਹੋਏ ਹਨ, ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਅਜਿਹੇ ਬੱਚਿਆਂ ਨੂੰ ਜਿੱਥੇ ਮਾਪਿਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਂ ਉੱਥੇ ਹੀ ਸਕੂਲ ਅਤੇ ਅਗਲੀ ਕਲਾਸ ਚ ਪਹੁੰਚੇ ਸਾਥੀਆਂ ਅੱਗੇ ਵੀ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਇਹੀ ਨਹੀਂ ਪਾਸ ਹੋਏ ਕੁਝ ਬੱਚੇ ਉਨ੍ਹਾਂ ਦੇ ਫੇਲ ਹੋਣ ਦਾ ਮਜ਼ਾਕ ਵੀ ਉਡਾ ਰਹੇ ਹਨ।
ਪਰ ਅਜਿਹੇ ਬੱਚਿਆਂ ਨਾਲ ਇਸ ਵੇਲ੍ਹੇ ਨਰਾਜ਼ਗੀ ਦਿਖਾਉਣ ਜਾ ਉਨ੍ਹਾਂ ਦਾ ਮਜ਼ਾਕ ਉਡਾਉਣਾ ਉਨ੍ਹਾਂ ਨੂੰ ਤਣਾਅ, ਡਿਪਰੈਸ਼ਨ ਅਤੇ ਇਸ ਤੋਂ ਵੀ ਵੱਡਾ ਕਦਮ ਚੁੱਕਣ ਨੂੰ ਮਜਬੂਰ ਕਰ ਸਕਦਾ ਹੈ। ਅਜਿਹੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਖਾਸ ਦੇਖਭਾਲ ਦੀ ਲੌੜ ਹੈ। ਇਹ ਗੱਲ ਅਸੀਂ ਇੰਝ ਹੀ ਨਹੀਂ ਕਹਿ ਰਹੇ ਹਾਂ। ਸ਼ੁੱਕਰਵਾਰ ਨੂੰ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ, ਜਿਸਨੇ ਹਰ ਕਿਸੇ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ। 12ਵੀਂ ਵਿੱਚ ਫੇਲ ਹੋਏ 17 ਸਾਲ ਦੇ ਬੱਚੇ ਨੇ ਫਾਹਾ ਲਾ ਕੇ ਆਪਣੀ ਜਾਣ ਲੈ ਲਈ। ਫੇਲ ਹੋਣ ਤੋਂ ਬਾਅਦ ਇਸ ਬੱਚੇ ਨੂੰ ਮਾਪਿਆਂ ਅਤੇ ਦੋਸਤਾਂ ਦੀ ਐਕਸਟਰਾ ਕੇਅਰ ਦੀ ਲੋੜ ਸੀ। ਹੋ ਸਕਦਾ ਹੈ ਦੋਸਤਾਂ ਨੇ ਉਸਦਾ ਮਜ਼ਾਕ ਉਡਾਇਆ ਹੋਵੇ ਜਾਂ ਮਜਾਕ ਬਣਨ ਦੇ ਡਰ ਤੋਂ ਉਸਨੇ ਇਹ ਆਤਮਘਾਤੀ ਕਦਮ ਚੁੱਕਿਆ ਹੋਵੇ। ਹੋ ਸਕਦਾ ਹੈ ਮਾਪਿਆਂ ਨੇ ਗੁੱਸੇ ਵਿੱਚ ਕੁਝ ਅਜਿਹੀਆਂ ਗੱਲਾਂ ਕਹਿ ਦਿੱਤੀਆਂ ਹੋਣ, ਜਿਸਨੂੰ ਉਹ ਮਾਸੂਮ ਦਿਲ ਤੇ ਲਾ ਬੈਠਾ ਅਤੇ ਇਨ੍ਹਾਂ ਖਤਰਨਾਕ ਕਦਮ ਚੁੱਕਣ ਦਾ ਫੈਸਲਾ ਕਰ ਬੈਠਾ।
ਫੇਲ ਜਾਂ ਪਾਸ ਹੋਣ ਨਾਲ ਨਹੀਂ ਹੋ ਸਕਦਾ ਹਿੰਮਤ ਦਾ ਫੈਸਲਾ
ਕਿਸੇ ਵੀ ਵਿਦਿਆਰਥੀ ਦੀ ਹਿੰਮਤ ਦਾ ਅੰਦਾਜ਼ਾ ਪ੍ਰੀਖਿਆ ਵਿੱਚ ਟਾਪ ਕਰਨ, ਘੱਟ ਨੰਬਰ ਲਿਆਉਣ ਜਾਂ ਫੇਲ੍ਹ ਹੋਣ ਨਾਲ ਨਹੀਂ ਲਗਾਇਆ ਜਾ ਸਕਦਾ। ਇਸਨੂੰ ਇਕ ਉਦਾਹਰਣ ਦੇ ਜਰੀਏ ਸਮਝਦੇ ਹਾਂ… ਜਿਵੇਂ ਖੰਭ ਤਾਂ ਸਾਰੇ ਪੰਛੀਆਂ ਦੇ ਹੁੰਦੇ ਹਨ, ਪਰ ਇੱਕ ਚਿੜੀ ਬਾਜ਼ ਜਿੰਨੀ ਉੱਚੀ ਉਡਾਣ ਨਹੀਂ ਭਰ ਸਕਦੀ, ਪਰ ਉਹ ਹੇਠਾਂ ਉਡਾਰੀਆਂ ਮਾਰਦੇ ਹੋਏ ਵੀ ਆਪਣੇ ਘੌਂਸਲੇ ਤੱਕ ਪਹੁੰਚ ਜਾਂਦੀ ਹੈ। ਪਰ ਤੁਸੀਂ ਆਪਣੇ ਘਰ ਦੇ ਵਿਹੜੇ ਵਿੱਚ ਚਿੜੀ ਨੂੰ ਹੀ ਦੇਖਣਾ ਚਾਹੋਗੇ, ਬਾਜ਼ ਨੂੰ ਨਹੀਂ। ਇਹੀ ਗੱਲ ਫੇਲ ਹੋਏ ਬੱਚਿਆਂ ਤੇ ਢੁੱਕਦੀ ਹੈ। ਬੇਸ਼ੱਕ ਉਹ ਬਾਜ ਵਾਂਗ ਉੱਚਾ ਨਹੀਂ ਉੱਡ ਸਕਦਾ… ਪਰ ਚਿੜੀ ਵਾਂਗ ਹੇਠਾਂ ਉੱਡਦੇ ਹੋਏ ਵੀ ਉਹ ਆਪਣੀ ਮਜ਼ਿੰਲ ਤੇ ਪਹੁੰਚ ਸਕਦਾ ਹੈ। ਖਰਾਬ ਨਤੀਜਾ ਆਉਣ ਕਰਕੇ ਬੱਚਾ ਪਹਿਲਾਂ ਹੀ ਬਹੁਤ ਡਿਪਰੈਸ਼ਨ ਵਿੱਚ ਹੁੰਦਾ ਹੈ। ਉਸ ਤੇ ਜੇਕਰ ਤੁਸੀਂ ਉਸ ਨਾਲ ਗਲਤ ਵਿਵਹਾਰ ਕੀਤਾ ਜਾਂ ਉਸ ਉੱਤੇ ਪ੍ਰੈਸ਼ਰ ਬਣਾਇਆ, ਤਾਂ ਕੌਣ ਜਾਣਦਾ ਹੈ ਕਿ ਉਹ ਕਿਹੜਾ ਕਦਮ ਚੁੱਕ ਲਵੇ।
ਵਿਦਿਆਰਥੀਆਂ ਨੂੰ ਰੱਖਣਾ ਹੋਵੇਗਾ ਹੌਸਲਾ
ਆਪਣਾ ਕਲੀਨਿਕ ਚਲਾਉਣ ਵਾਲੇ ਮਨੋਚਿਕਿਤਸਕ ਡਾ. ਨਿਹਾਲ ਮਲਿਕ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹਿੰਦੇ ਹਨ। ਕਿਸੇ ਵੀ ਪ੍ਰੀਖਿਆ ਵਿੱਚ ਪਾਸ ਜਾਂ ਫੇਲ੍ਹ ਹੋਣ ਦਾ ਚੱਕਰ ਤਾਂ ਚੱਲਦਾ ਰਹੇਗਾ। ਜੇਕਰ ਤੁਸੀਂ ਕਿਸੇ ਪ੍ਰੀਖਿਆ ਵਿੱਚ ਫੇਲ ਹੋ ਜਾਂਦੇ ਹੋ, ਤਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਹਾਡੀ ਤਿਆਰੀ ਵਿੱਚ ਜਰੂਰ ਕੁਝ ਕਮੀ ਰਹਿ ਗਈ ਹੋਵੇਗੀ। ਇਸ ਲਈ, ਅਗਲੇ ਸਾਲ ਲਈ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਬਾਰੇ ਸੋਚੇ ਅਤੇ ਪੂਰੀ ਤਨਦੇਹੀ ਨਾਲ ਅਗਲੇ ਸਾਲ ਦੀ ਤਿਆਰੀ ਵਿੱਚ ਜੁਟ ਜਾਓ। ਪੂਰੀ ਲਗਨ ਅਤੇ ਮੇਹਨਤ ਨਾਲ ਪੜਾਈ ਕਰੋਗੇ। ਦੂਜੇ ਪਾਸੇ, ਜਿਨ੍ਹਾਂ ਵਿਦਿਆਰਥੀਆਂ ਨੂੰ ਘੱਟ ਅੰਕ ਮਿਲੇ ਹਨ, ਉਹ ਅਗਲੀਆਂ ਜਮਾਤਾਂ ਵਿੱਚ ਦਾਖਲਾ ਲੈ ਕੇ ਬੋਰਡ ਪ੍ਰੀਖਿਆ ਵਿੱਚ ਕੀਤੀਆਂ ਗਲਤੀਆਂ ਨੂੰ ਸੁਧਾਰਣ।
ਮਾਪੇ ਨਾ ਗੁਆਉਣ ਆਪਾ
ਜੇਕਰ ਪ੍ਰੀਖਿਆਵਾਂ ਵਿੱਚ ਘੱਟ ਨੰਬਰ ਆਉਣ ਤੇ ਮਾਪਿਆਂ ਦਾ ਤੁਹਾਡੇ ਪ੍ਰਤੀ ਵਿਵਹਾਰ ਅਚਾਨਕ ਬਦਲ ਗਿਆ ਹੈ, ਤਾਂ ਇਸਨੂੰ ਦਿਲ ‘ਤੇ ਨਾ ਲਓ। ਮਾਪੇ ਕੁਝ ਸਮੇਂ ਲਈ ਨਰਾਜ਼ ਜਰੂਰ ਹੋ ਸਕਦੇ ਹਨ, ਪਰ ਉਹ ਦਿਲੋਂ ਤੁਹਾਡਾ ਬੁਰਾ ਨਹੀਂ ਚਾਹ ਸਕਦੇ। ਤੁਹਾਡੇ ਨਾਲ-ਨਾਲ ਉਹ ਵੀ ਮੇਹਨਤ ਕਰਦੇ ਹਨ ਤੁਹਾਨੂੰ ਅੱਗੇ ਲੈ ਜਾਉਣ ਲਈ। ਜਿੰਦਗੀ ਵਿੱਚ ਤੁਹਾਨੂੰ ਅੱਗੇ ਜਾਂਦੇ ਵੇਖ ਉਨ੍ਹਾਂ ਤੋਂ ਵੱਧ ਹੋਰ ਕਿਸੇ ਨੂੰ ਖੁਸ਼ੀ ਨਹੀਂ ਹੋ ਸਕਦੀ ਹੈ। ਇਸੇ ਤਰ੍ਹਾਂ, ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਬੱਚੇ ਦੀ ਮਾਨਸਿਕ ਉਦਾਸੀ ਨੂੰ ਦੂਰ ਕਰਨ। ਕਿਉਂਕਿ ਜਦੋਂ ਉਮੀਦ ਟੁੱਟਦੀ ਹੈ, ਤਾਂ ਇਹ ਸਭ ਤੋਂ ਵੱਧ ਮਨ ਨੂੰ ਹੀ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਔਖੇ ਸਮੇਂ ਵਿੱਚ ਆਪਣੇ ਬੱਚਿਆਂ ਦੇ ਨਾਲ ਖੜ੍ਹੇ ਹੋ, ਤਾਂ ਯਕੀਨਨ ਉਹ ਤੁਹਾਨੂੰ ਭਵਿੱਖ ਵਿੱਚ ਬਿਹਤਰ ਨਤੀਜੇ ਦੇਣਗੇ। ਨਤੀਜੇ ਨੂੰ ਲੈ ਕੇ ਬੱਚੇ ਪ੍ਰਤੀ ਆਪਣੇ ਵਿਵਹਾਰ ਨੂੰ ਬਦਲਣਾ ਕਿਤੇ ਨਾ ਕਿਤੇ ਉਸਦੀ ਪੂਰੀ ਜ਼ਿੰਦਗੀ ‘ਤੇ ਅਸਰ ਪਾ ਸਕਦਾ ਹੈ। ਸੰਵੇਦਨਸ਼ੀਲ ਬੱਚੇ ਇਸ ਨਾਜ਼ੁਕ ਪਲ ‘ਤੇ ਆਤਮਘਾਤੀ ਕਦਮ ਚੁੱਕ ਸਕਦੇ ਹਨ। ਇਸ ਲਈ, ਬੱਚਿਆਂ ‘ਤੇ ਨਤੀਜੇ ਦਾ ਦਬਾਅ ਨਾ ਆਉਣ ਦਿਓ।
ਇਹ ਵੀ ਪੜ੍ਹੋ
ਘੱਟ ਨੰਬਰ ਆਉਣ ‘ਤੇ ਵੀ ਹਾਸਿਲ ਕੀਤੀ ਕਾਮਯਾਬੀ
ਡਾ. ਮਲਿਕ ਕਹਿੰਦੇ ਹਨ ਕਿ ਜੇਕਰ ਤੁਸੀਂ ਵਿਦਿਆਰਥੀ ਹੋ ਅਤੇ ਤਿਆਰੀ ਤੋਂ ਬਾਅਦ ਵੀ ਤੁਹਾਡੇ ਚੰਗੇ ਅੰਕ ਨਹੀਂ ਆਏ ਹਨ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਦੇਖੋਗੇ, ਤਾਂ ਤੁਹਾਨੂੰ ਬਹੁਤ ਸਾਰੇ ਸਫਲ ਲੋਕ ਮਿਲਣਗੇ ਜਿਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਵਿੱਚ ਔਸਤ ਅੰਕ ਪ੍ਰਾਪਤ ਕੀਤੇ ਸਨ। ਪਰ ਘੱਟ ਅੰਕਾਂ ਨੇ ਉਨ੍ਹਾਂ ਦਾ ਰਸਤਾ ਨਹੀਂ ਰੋਕਿਆ। ਸਗੋਂ, ਉਨ੍ਹਾਂ ਦੀ ਸੋਚ ਅਤੇ ਬੁੱਧੀ ਨੇ ਬਹੁਤ ਸਾਰੇ ਟੌਪਰਸ ਨੂੰ ਆਪਣੇ ਕੋਲ ਨੌਕਰੀ ‘ਤੇ ਰੱਖਿਆ ਹੈ। ਬਹੁਤ ਸਾਰੇ ਅਜਿਹੇ ਹਨ ਜੋ IAS ਅਤੇ IPS ਬਣ ਕੇ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਲਈ, ਜੇਕਰ ਤੁਸੀਂ ਘੱਟ ਅੰਕ ਪ੍ਰਾਪਤ ਕੀਤੇ ਹਨ ਜਾਂ ਤੁਸੀਂ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ ਹੋ, ਤਾਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਕਿਉਂਕਿ ਤੁਹਾਡੀ ਜ਼ਿੰਦਗੀ ਤੋਂ ਵੱਡਾ ਕੁਝ ਵੀ ਨਹੀਂ ਹੈ।
ਤੁਹਾਡਾ ਇੱਕ ਗਲਤ ਕਦਮ ਅਤੇ ਸਮਝੋ ਸਭ ਤਬਾਹ … ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਤਮਘਾਤੀ ਕਦਮ ਚੁੱਕਦੇ ਹੋ, ਤਾਂ ਇਸਦਾ ਨਾ ਤਾਂ ਤੁਹਾਡੇ ਸਮਾਜ ‘ਤੇ ਕੋਈ ਅਸਰ ਪਵੇਗਾ ਅਤੇ ਨਾ ਹੀ ਉਨ੍ਹਾਂ ਲੋਕਾਂ ‘ਤੇ ਜੋ ਅੱਜ ਤੁਹਾਡੇ ਬਾਰੇ ਬੁਰਾ-ਭਲਾ ਕਹਿ ਰਹੇ ਹਨ। ਇਸ ਤੋਂ ਪ੍ਰਭਾਵਿਤ ਹੋਵੇਗਾ ਤਾਂ ਸਿਰਫ਼ ਤੁਹਾਡਾ ਪਰਿਵਾਰ , ਇਸ ਲਈ ਆਪਣੀ ਅਸਫਲਤਾ ਨੂੰ ਬੁਰੇ ਸੁਪਣੇ ਵਾਂਗ ਭੁੱਲ ਜਾਓ ਅਤੇ ਭਵਿੱਖ ਲਈ ਤਿਆਰੀ ਸ਼ੁਰੂ ਕਰ ਦਿਓ। ਆਪਣੇ ਮਨ ਵਿੱਚੋਂ ਤਣਾਅ ਦੂਰ ਕਰਨ ਲਈ, ਆਪਣੇ ਮਾਪਿਆਂ ਜਾਂ ਭੈਣ-ਭਰਾਵਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੋ। ਇਕੱਲੇ ਸਮਾਂ ਨਾ ਬਿਤਾਓ। ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹੋ ਅਤੇ ਕੁਝ ਦਿਨ ਤੱਕ ਫੁੱਲ ਰੈਸਟ ਕਰੋ।