Hiroshima Day 2026: ਕੀ ਹੀਰੋਸ਼ਿਮਾ ‘ਤੇ ਪਰਮਾਣੂ ਬੰਬ ਡਿੱਗਣ ਤੋਂ ਬਾਅਦ ਜਾਪਾਨ ਨੇ ਸਰੰਡਰ ਕੀਤਾ ਸੀ? ਜਾਣੋ ਪੂਰੀ ਕਹਾਣੀ

Published: 

06 Aug 2026 12:08 PM IST

Hiroshima Day 2026: ਹੀਰੋਸ਼ੀਮਾ ਦਿਵਸ ਮੌਕੇ ਜਾਣੋ ਕੀ ਪਰਮਾਣੂ ਬੰਬ ਡਿੱਗਣ ਤੋਂ ਬਾਅਦ ਜਾਪਾਨ ਨੇ ਸੱਚਮੁੱਚ ਆਤਮ ਸਮਰਪਣ ਕਰ ਦਿੱਤਾ ਸੀ ਜਾਂ ਇਸ ਦੇ ਪਿੱਛੇ ਸੋਵੀਅਤ ਸੰਘ ਦੀ ਜੰਗ ਵਿੱਚ ਐਂਟਰੀ ਵਰਗੇ ਹੋਰ ਵੱਡੇ ਕਾਰਨ ਵੀ ਸਨ?

Hiroshima Day 2026: ਕੀ ਹੀਰੋਸ਼ਿਮਾ ਤੇ ਪਰਮਾਣੂ ਬੰਬ ਡਿੱਗਣ ਤੋਂ ਬਾਅਦ ਜਾਪਾਨ ਨੇ ਸਰੰਡਰ ਕੀਤਾ ਸੀ? ਜਾਣੋ ਪੂਰੀ ਕਹਾਣੀ

ਜਪਾਨ 'ਚ ਪਰਮਾਣੂ ਬੰਬ ਨੇ ਕੀ-ਕੀ ਬਦਲਿਆ?

ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਦੀ ਯਾਦ ਦਿਵਾਉਂਦਾ ਹੈ। 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ‘ਤੇ ਪਰਮਾਣੂ ਬੰਬ ਸੁੱਟਿਆ ਸੀ। ਇਸ ਤੋਂ ਤਿੰਨ ਦਿਨ ਬਾਅਦ, 9 ਅਗਸਤ ਨੂੰ ਨਾਗਾਸਾਕੀ ‘ਤੇ ਦੂਜਾ ਪਰਮਾਣੂ ਬੰਬ ਸੁੱਟਿਆ ਗਿਆ। ਇਨ੍ਹਾਂ ਹਮਲਿਆਂ ਤੋਂ ਕੁਝ ਹੀ ਦਿਨਾਂ ਬਾਅਦ ਜਾਪਾਨ ਨੇ ਦੂਜੇ ਵਿਸ਼ਵ ਯੁੱਧ ਵਿੱਚ ਆਤਮ ਸਮਰਪਣ ਕਰਨ ਦਾ ਫ਼ੈਸਲਾ ਕੀਤਾ।

ਇਸ ਲਈ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਹੀਰੋਸ਼ੀਮਾ ਅਤੇ ਨਾਗਾਸਾਕੀ ‘ਤੇ ਸੁੱਟੇ ਗਏ ਪਰਮਾਣੂ ਬੰਬਾਂ ਨੇ ਜਾਪਾਨ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ। ਆਓ, ਇਸ ਹੀਰੋਸ਼ੀਮਾ ਦਿਵਸ ਮੌਕੇ ਜਾਣਦੇ ਹਾਂ ਕਿ ਆਖ਼ਰ ਜਾਪਾਨ ਦੇ ਆਤਮ ਸਮਰਪਣ ਦੀ ਅਸਲ ਕਹਾਣੀ ਕੀ ਸੀ?

ਦੂਜੇ ਵਿਸ਼ਵ ਯੁੱਧ ਦਾ ਆਖ਼ਰੀ ਦੌਰ

1945 ਤੱਕ ਜਰਮਨੀ ਹਾਰ ਚੁੱਕਾ ਸੀ ਅਤੇ ਯੂਰਪ ਵਿੱਚ ਜੰਗ ਖ਼ਤਮ ਹੋ ਗਈ ਸੀ। ਪਰ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਜਾਪਾਨ ਅਜੇ ਵੀ ਅਮਰੀਕਾ, ਬ੍ਰਿਟੇਨ, ਚੀਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੰਗ ਲੜ ਰਿਹਾ ਸੀ। ਜਾਪਾਨ ਦੀ ਫੌਜੀ ਸਥਿਤੀ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਉਸ ਦੀ ਜਲ ਸੈਨਾ ਲਗਭਗ ਤਬਾਹ ਹੋ ਚੁੱਕੀ ਸੀ ਅਤੇ ਉਸ ਦੇ ਕਈ ਸ਼ਹਿਰ ਭਿਆਨਕ ਹਵਾਈ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਸਨ। ਇਸ ਦੇ ਨਾਲ ਹੀ ਖੁਰਾਕ, ਈਂਧਨ ਅਤੇ ਕੱਚੇ ਮਾਲ ਦੀ ਵੀ ਭਾਰੀ ਕਮੀ ਸੀ। ਅਮਰੀਕਾ ਨੇ ਜਾਪਾਨ ਦੀ ਸਮੁੰਦਰੀ ਨਾਕਾਬੰਦੀ ਵੀ ਕਰ ਦਿੱਤੀ ਸੀ। ਇਨ੍ਹਾਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਜਾਪਾਨ ਦੀ ਸਰਕਾਰ ਤੁਰੰਤ ਆਤਮ ਸਮਰਪਣ ਕਰਨ ਲਈ ਤਿਆਰ ਨਹੀਂ ਸੀ। ਫੌਜ ਦੇ ਕੁਝ ਪ੍ਰਭਾਵਸ਼ਾਲੀ ਅਧਿਕਾਰੀ ਆਖ਼ਰੀ ਸਾਹ ਤੱਕ ਲੜਨ ਦੇ ਹੱਕ ਵਿੱਚ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਅਮਰੀਕਾ ਜਾਪਾਨ ਦੀ ਮੁੱਖ ਧਰਤੀ ‘ਤੇ ਹਮਲਾ ਕਰੇਗਾ, ਤਾਂ ਉਸ ਨੂੰ ਵੀ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ। ਸ਼ਾਇਦ ਉਸ ਤੋਂ ਬਾਅਦ ਅਮਰੀਕਾ ਜਾਪਾਨ ਨਾਲ ਹੋਰ ਬਿਹਤਰ ਸ਼ਰਤਾਂ ‘ਤੇ ਗੱਲਬਾਤ ਕਰਨ ਲਈ ਮਜਬੂਰ ਹੋ ਜਾਵੇ।

ਹੀਰੋਸ਼ੀਮਾ ਤੋਂ ਬਾਅਦ, ਅਮਰੀਕਾ ਨੇ ਨਾਗਾਸਾਕੀ ‘ਤੇ ਪਰਮਾਣੂ ਬੰਬ ਸੁੱਟਿਆ। ਫੋਟੋ: ਗੈਟੀ ਇਮੇਜਸ

ਪੌਟਸਡਾਮ ਘੋਸ਼ਣਾ ਅਤੇ ਜਾਪਾਨ ਦੀ ਦੁਵਿਧਾ

26 ਜੁਲਾਈ 1945 ਨੂੰ ਅਮਰੀਕਾ, ਬ੍ਰਿਟੇਨ ਅਤੇ ਚੀਨ ਨੇ ਜਾਪਾਨ ਦੇ ਸਾਹਮਣੇ ਪੌਟਸਡਾਮ ਘੋਸ਼ਣਾ (Potsdam Declaration) ਰੱਖੀ। ਇਸ ਵਿੱਚ ਜਾਪਾਨ ਤੋਂ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਕਰਨ ਦੀ ਮੰਗ ਕੀਤੀ ਗਈ। ਨਾਲ ਹੀ ਚੇਤਾਵਨੀ ਦਿੱਤੀ ਗਈ ਕਿ ਜੇ ਜਾਪਾਨ ਨੇ ਇਸ ਨੂੰ ਸਵੀਕਾਰ ਨਾ ਕੀਤਾ, ਤਾਂ ਉਸ ਨੂੰ ਤੁਰੰਤ ਅਤੇ ਪੂਰਨ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ। ਜਾਪਾਨ ਨੇ ਇਸ ਘੋਸ਼ਣਾ ਨੂੰ ਸਵੀਕਾਰ ਨਹੀਂ ਕੀਤਾ। ਉਸ ਸਮੇਂ ਜਾਪਾਨੀ ਨੇਤ੍ਰਿਤਵ ਦੇ ਅੰਦਰ ਵੀ ਮਤਭੇਦ ਸਨ। ਕੁਝ ਨੇਤਾ ਜੰਗ ਖ਼ਤਮ ਕਰਨਾ ਚਾਹੁੰਦੇ ਸਨ, ਜਦਕਿ ਕੁਝ ਦਾ ਮੰਨਣਾ ਸੀ ਕਿ ਸੋਵੀਅਤ ਸੰਘ ਦੀ ਮਦਦ ਨਾਲ ਸ਼ਾਂਤੀ ਵਾਰਤਾ ਕਰਵਾਈ ਜਾ ਸਕਦੀ ਹੈ। ਉਸ ਵੇਲੇ ਸੋਵੀਅਤ ਸੰਘ ਅਤੇ ਜਾਪਾਨ ਵਿਚਕਾਰ ਰਸਮੀ ਤੌਰ ‘ਤੇ ਜੰਗ ਨਹੀਂ ਚੱਲ ਰਹੀ ਸੀ। ਜਾਪਾਨ ਨੂੰ ਉਮੀਦ ਸੀ ਕਿ ਸੋਵੀਅਤ ਨੇਤਾ ਜੋਸੇਫ ਸਟਾਲਿਨ ਅਮਰੀਕਾ ਅਤੇ ਜਾਪਾਨ ਵਿਚਕਾਰ ਵਿਚੋਲੀਆ ਬਣ ਸਕਦੇ ਹਨ। ਪਰ ਇਹੀ ਉਮੀਦ ਜਾਪਾਨ ਦੀ ਸਭ ਤੋਂ ਵੱਡੀ ਰਣਨੀਤਿਕ ਗਲਤੀ ਸਾਬਤ ਹੋਈ।

ਹੀਰੋਸ਼ੀਮਾ ‘ਤੇ ਪਹਿਲਾ ਪਰਮਾਣੂ ਬੰਬ

6 ਅਗਸਤ 1945 ਦੀ ਸਵੇਰ ਨੂੰ ਅਮਰੀਕਾ ਦੇ ਬੀ-29 ਬੰਬਵਰਸ਼ਕ ਜਹਾਜ਼ ‘ਏਨੋਲਾ ਗੇ’ (Enola Gay) ਨੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਤੇ ‘ਲਿਟਲ ਬੁਆਏ’ (Little Boy) ਨਾਮ ਦਾ ਪਰਮਾਣੂ ਬੰਬ ਸੁੱਟਿਆ। ਕੁਝ ਹੀ ਪਲਾਂ ਵਿੱਚ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਹੋ ਗਿਆ। ਹਜ਼ਾਰਾਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਹੁਤ ਸਾਰੇ ਲੋਕ ਸੜਨ, ਗੰਭੀਰ ਸੱਟਾਂ ਅਤੇ ਰੇਡੀਏਸ਼ਨ ਦੇ ਪ੍ਰਭਾਵ ਕਾਰਨ ਬਾਅਦ ਵਿੱਚ ਮਾਰੇ ਗਏ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 1945 ਦੇ ਅੰਤ ਤੱਕ ਮਰਨ ਵਾਲਿਆਂ ਦੀ ਗਿਣਤੀ ਲਗਭਗ 1.40 ਲੱਖ ਤੱਕ ਪਹੁੰਚ ਗਈ ਸੀ। ਹਾਲਾਂਕਿ ਸਹੀ ਗਿਣਤੀ ਦੱਸਣਾ ਮੁਸ਼ਕਲ ਹੈ, ਕਿਉਂਕਿ ਹਮਲੇ ਦੌਰਾਨ ਕਈ ਰਿਕਾਰਡ ਨਸ਼ਟ ਹੋ ਗਏ ਸਨ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਬਾਅਦ ਵਿੱਚ ਰੇਡੀਏਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਹੋਈ। ਹੀਰੋਸ਼ੀਮਾ ਇੱਕ ਮਹੱਤਵਪੂਰਨ ਫੌਜੀ ਸ਼ਹਿਰ ਵੀ ਸੀ, ਜਿੱਥੇ ਫੌਜੀ ਹੈੱਡਕੁਆਰਟਰ ਅਤੇ ਸੈਨਿਕ ਸਪਲਾਈ ਨਾਲ ਜੁੜੇ ਕਈ ਕੇਂਦਰ ਸਨ। ਪਰ ਇਸ ਦੇ ਨਾਲ ਹੀ ਉੱਥੇ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਵੀ ਰਹਿੰਦੇ ਸਨ। ਇਸ ਹਮਲੇ ਦੀ ਸਭ ਤੋਂ ਵੱਡੀ ਕੀਮਤ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਆਮ ਮਜ਼ਦੂਰਾਂ ਨੂੰ ਆਪਣੀ ਜਾਨ ਗੁਆ ਕੇ ਚੁਕਾਉਣੀ ਪਈ।

ਹਮਲੇ ਤੋਂ ਬਾਅਦ ਤਬਾਹੀ ਦਾ ਦ੍ਰਿਸ਼। ਫੋਟੋ: ਗੈਟੀ ਇਮੇਜਸ

ਕੀ ਹੀਰੋਸ਼ੀਮਾ ਤੋਂ ਬਾਅਦ ਜਾਪਾਨ ਨੇ ਤੁਰੰਤ ਆਤਮ ਸਮਰਪਣ ਕਰ ਦਿੱਤਾ ਸੀ?

ਹੀਰੋਸ਼ੀਮਾ ‘ਤੇ ਪਰਮਾਣੂ ਹਮਲੇ ਤੋਂ ਤੁਰੰਤ ਬਾਅਦ ਜਾਪਾਨ ਨੇ ਆਤਮ ਸਮਰਪਣ ਨਹੀਂ ਕੀਤਾ। ਇਹ ਤੱਥ ਅਕਸਰ ਜਨਤਕ ਚਰਚਾ ਵਿੱਚ ਨਜ਼ਰਅੰਦਾਜ਼ ਹੋ ਜਾਂਦਾ ਹੈ। ਹਮਲੇ ਤੋਂ ਬਾਅਦ ਸ਼ੁਰੂਆਤੀ ਸਮੇਂ ਵਿੱਚ ਜਾਪਾਨੀ ਸਰਕਾਰ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਸਕੀ, ਕਿਉਂਕਿ ਸੰਚਾਰ ਪ੍ਰਣਾਲੀ ਠੱਪ ਹੋ ਚੁੱਕੀ ਸੀ ਅਤੇ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਕੁਝ ਜਾਪਾਨੀ ਨੇਤਾਵਾਂ ਨੂੰ ਇਹ ਸਮਝਣ ਵਿੱਚ ਵੀ ਸਮਾਂ ਲੱਗਿਆ ਕਿ ਇਹ ਕੋਈ ਆਮ ਬੰਬਾਰੀ ਨਹੀਂ, ਸਗੋਂ ਇੱਕ ਨਵੇਂ ਅਤੇ ਬੇਹੱਦ ਵਿਨਾਸ਼ਕਾਰੀ ਪਰਮਾਣੂ ਹਥਿਆਰ ਨਾਲ ਕੀਤਾ ਗਿਆ ਹਮਲਾ ਸੀ। ਇਸ ਦੇ ਬਾਵਜੂਦ ਜਾਪਾਨ ਦੀ ਸਰਵੋਚ ਜੰਗੀ ਕੌਂਸਲ ਵਿੱਚ ਤੁਰੰਤ ਕੋਈ ਸਹਿਮਤੀ ਨਹੀਂ ਬਣੀ। ਕੁਝ ਸੀਨੀਅਰ ਫੌਜੀ ਅਧਿਕਾਰੀਆਂ ਦਾ ਮੰਨਣਾ ਸੀ ਕਿ ਅਮਰੀਕਾ ਕੋਲ ਸ਼ਾਇਦ ਅਜਿਹੇ ਸਿਰਫ਼ ਇੱਕ ਜਾਂ ਦੋ ਹੀ ਪਰਮਾਣੂ ਬੰਬ ਹੋਣਗੇ, ਇਸ ਲਈ ਉਹ ਜੰਗ ਜਾਰੀ ਰੱਖਣ ਦੇ ਹੱਕ ਵਿੱਚ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਕੱਲਾ ਹੀਰੋਸ਼ੀਮਾ ਹਮਲਾ ਜਾਪਾਨ ਦੇ ਤੁਰੰਤ ਆਤਮ ਸਮਰਪਣ ਦਾ ਕਾਰਨ ਨਹੀਂ ਬਣਿਆ ਸੀ। ਹਾਲਾਂਕਿ, ਇਸ ਹਮਲੇ ਨੇ ਜਾਪਾਨੀ ਨੇਤ੍ਰਿਤਵ ਨੂੰ ਗੰਭੀਰ ਸੰਕਟ ਅਤੇ ਦਬਾਅ ਵਿੱਚ ਜ਼ਰੂਰ ਧੱਕ ਦਿੱਤਾ ਸੀ।

ਸੋਵੀਅਤ ਸੰਘ ਦਾ ਜੰਗ ਵਿੱਚ ਦਾਖਲਾ

8 ਅਗਸਤ 1945 ਨੂੰ ਸੋਵੀਅਤ ਸੰਘ ਨੇ ਜਾਪਾਨ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ। 9 ਅਗਸਤ ਨੂੰ ਸੋਵੀਅਤ ਫੌਜ ਨੇ ਮੰਚੂਰੀਆ ਵਿੱਚ ਜਾਪਾਨ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਵੱਡਾ ਹਮਲਾ ਸ਼ੁਰੂ ਕਰ ਦਿੱਤਾ। ਇਹ ਘਟਨਾ ਜਾਪਾਨ ਲਈ ਵੱਡਾ ਝਟਕਾ ਸਾਬਤ ਹੋਈ। ਜਿਸ ਸੋਵੀਅਤ ਸੰਘ ਨੂੰ ਜਾਪਾਨ ਅਮਰੀਕਾ ਨਾਲ ਸ਼ਾਂਤੀ ਵਾਰਤਾਂ ਲਈ ਵਿਚੋਲਾ ਬਣਾਉਣਾ ਚਾਹੁੰਦਾ ਸੀ, ਉਹੀ ਹੁਣ ਉਸ ਦਾ ਵਿਰੋਧੀ ਬਣ ਗਿਆ ਸੀ। ਮੰਚੂਰੀਆ ਵਿੱਚ ਜਾਪਾਨ ਦੀ ਕਵਾਂਟੁੰਗ ਫੌਜ ਤਾਇਨਾਤ ਸੀ, ਜਿਸ ਨੂੰ ਕਦੇ ਜਾਪਾਨ ਦੀਆਂ ਸਭ ਤੋਂ ਤਾਕਤਵਰ ਫੌਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਪਰ 1945 ਤੱਕ ਇਹ ਫੌਜ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਸੋਵੀਅਤ ਫੌਜ ਨੇ ਤੇਜ਼ੀ ਨਾਲ ਅੱਗੇ ਵੱਧਦਿਆਂ ਜਾਪਾਨੀ ਠਿਕਾਣਿਆਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸੋਵੀਅਤ ਹਮਲੇ ਦਾ ਮਤਲਬ ਇਹ ਸੀ ਕਿ ਹੁਣ ਜਾਪਾਨ ਸਿਰਫ਼ ਅਮਰੀਕਾ ਅਤੇ ਬ੍ਰਿਟੇਨ ਨਾਲ ਹੀ ਨਹੀਂ ਲੜ ਰਿਹਾ ਸੀ, ਸਗੋਂ ਉੱਤਰੀ ਦਿਸ਼ਾ ਤੋਂ ਵੀ ਇੱਕ ਵੱਡੀ ਸੈਨਿਕ ਤਾਕਤ ਦਾ ਸਾਹਮਣਾ ਕਰ ਰਿਹਾ ਸੀ। ਇਸ ਦੇ ਨਾਲ ਹੀ ਜਾਪਾਨੀ ਨੇਤ੍ਰਿਤਵ ਨੂੰ ਇਹ ਡਰ ਵੀ ਸੀ ਕਿ ਸੋਵੀਅਤ ਸੰਘ ਜਾਪਾਨ ਦੇ ਕੁਝ ਹਿੱਸਿਆਂ ‘ਤੇ ਵੀ ਕਬਜ਼ਾ ਕਰ ਸਕਦਾ ਹੈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੋਵੀਅਤ ਸੰਘ ਦੇ ਜੰਗ ਵਿੱਚ ਉਤਰਣ ਨਾਲ ਜਾਪਾਨ ਦੀ ਸ਼ਾਂਤੀ ਵਾਰਤਾ ਦੀ ਰਣਨੀਤੀ ਪੂਰੀ ਤਰ੍ਹਾਂ ਨਾਕਾਮ ਹੋ ਗਈ।

9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਨਾਗਾਸਾਕੀ ਸ਼ਹਿਰ ‘ਤੇ ਦੂਜਾ ਪਰਮਾਣੂ ਬੰਬ ਸੁੱਟਿਆ, ਜਿਸ ਦਾ ਨਾਮ ਫੈਟ ਮੈਨ (Fat Man) ਸੀ। ਇਸ ਹਮਲੇ ਵਿੱਚ ਵੀ ਹਜ਼ਾਰਾਂ ਲੋਕ ਤੁਰੰਤ ਮਾਰੇ ਗਏ, ਜਦਕਿ ਬਹੁਤ ਸਾਰੇ ਲੋਕ ਬਾਅਦ ਵਿੱਚ ਸੱਟਾਂ ਅਤੇ ਰੇਡੀਏਸ਼ਨ ਦੇ ਪ੍ਰਭਾਵ ਕਾਰਨ ਮਰ ਗਏ। ਦਿਲਚਸਪ ਗੱਲ ਇਹ ਹੈ ਕਿ ਉਸ ਦਿਨ ਨਾਗਾਸਾਕੀ ਅਸਲ ਨਿਸ਼ਾਨਾ ਨਹੀਂ ਸੀ। ਅਮਰੀਕੀ ਹਵਾਈ ਫੌਜ ਦਾ ਪਹਿਲਾ ਟੀਚਾ ਕੋਕੁਰਾ ਸ਼ਹਿਰ ਸੀ, ਪਰ ਉੱਥੇ ਮੌਸਮ ਖਰਾਬ ਹੋਣ ਅਤੇ ਧੂੰਆਂ ਵੱਧ ਹੋਣ ਕਾਰਨ ਜਹਾਜ਼ ਨੂੰ ਨਾਗਾਸਾਕੀ ਵੱਲ ਮੋੜਨਾ ਪਿਆ। ਇਹ ਤੱਥ ਜੰਗ ਦੀ ਭਿਆਨਕਤਾ ਨੂੰ ਹੋਰ ਵੀ ਉਜਾਗਰ ਕਰਦਾ ਹੈ, ਕਿਉਂਕਿ ਕੁਝ ਮਿੰਟਾਂ ਦੇ ਫੌਜੀ ਫ਼ੈਸਲੇ ਅਤੇ ਹਾਲਾਤਾਂ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ। ਨਾਗਾਸਾਕੀ ‘ਤੇ ਪਰਮਾਣੂ ਹਮਲੇ ਦੇ ਨਾਲ ਹੀ ਸੋਵੀਅਤ ਫੌਜ ਦਾ ਹਮਲਾ ਵੀ ਤੇਜ਼ ਹੋ ਗਿਆ ਸੀ। ਇਸ ਤਰ੍ਹਾਂ ਜਾਪਾਨੀ ਨੇਤ੍ਰਿਤਵ ਦੇ ਸਾਹਮਣੇ ਇੱਕੋ ਸਮੇਂ ਦੋ ਵੱਡੇ ਸੰਕਟ ਖੜ੍ਹੇ ਹੋ ਗਏ ਸਨ।

ਸਮਰਾਟ ਹੀਰੋਹਿਤੋ ਦੀ ਭੂਮਿਕਾ ਰਹੀ ਅਹਿਮ

ਜਾਪਾਨ ਦੇ ਆਤਮਸਮਰਪਣ ਦੇ ਫ਼ੈਸਲੇ ਵਿੱਚ ਸਮਰਾਟ ਹੀਰੋਹਿਤੋ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ। ਜਾਪਾਨ ਦੀ ਸਰਵੋੱਚ ਜੰਗੀ ਕੌਂਸਲ ਦੇ ਮੈਂਬਰ ਆਤਮਸਮਰਪਣ ਦੀਆਂ ਸ਼ਰਤਾਂ ਨੂੰ ਲੈ ਕੇ ਵੰਡੇ ਹੋਏ ਸਨ। ਕੁਝ ਨੇਤਾ ਜੰਗ ਜਾਰੀ ਰੱਖਣਾ ਚਾਹੁੰਦੇ ਸਨ, ਜਦਕਿ ਕੁਝ ਸ਼ਾਂਤੀ ਦੇ ਹੱਕ ਵਿੱਚ ਸਨ। ਅੰਤ ਵਿੱਚ ਸਮਰਾਟ ਹੀਰੋਹਿਤੋ ਨੇ ਖੁਦ ਦਖ਼ਲ ਦਿੱਤਾ ਅਤੇ ਜੰਗ ਖ਼ਤਮ ਕਰਨ ਦੇ ਹੱਕ ਵਿੱਚ ਆਪਣੀ ਰਾਏ ਦਿੱਤੀ। 14 ਅਗਸਤ 1945 ਨੂੰ ਜਾਪਾਨ ਨੇ ਮਿੱਤਰ ਰਾਸ਼ਟਰਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕਰ ਲਿਆ। 15 ਅਗਸਤ ਨੂੰ ਸਮਰਾਟ ਦਾ ਰੇਡੀਓ ਸੰਦੇਸ਼ ਪ੍ਰਸਾਰਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਜਾਪਾਨੀ ਲੋਕਾਂ ਨੂੰ ਦੱਸਿਆ ਕਿ ਜੰਗ ਖ਼ਤਮ ਕੀਤੀ ਜਾ ਰਹੀ ਹੈ। ਇਹ ਪਹਿਲਾ ਮੌਕਾ ਸੀ ਜਦੋਂ ਬਹੁਤ ਸਾਰੇ ਜਾਪਾਨੀ ਲੋਕਾਂ ਨੇ ਰੇਡੀਓ ‘ਤੇ ਆਪਣੇ ਸਮਰਾਟ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ 2 ਸਤੰਬਰ 1945 ਨੂੰ ਟੋਕਿਓ ਖਾੜੀ ਵਿੱਚ ਅਮਰੀਕੀ ਜੰਗੀ ਜਹਾਜ਼ ਯੂਐੱਸਐੱਸ ਮਿਸੌਰੀ (USS Missouri) ‘ਤੇ ਜਾਪਾਨ ਨੇ ਰਸਮੀ ਤੌਰ ‘ਤੇ ਆਤਮਸਮਰਪਣ ਕਰ ਦਿੱਤਾ।

ਫਿਰ ਅਸਲ ਕਹਾਣੀ ਕੀ ਹੈ?

ਹੀਰੋਸ਼ਿਮਾ ਅਤੇ ਨਾਗਾਸਾਕੀ ‘ਤੇ ਪਰਮਾਣੂ ਬੰਬ ਸੁੱਟੇ ਜਾਣ ਤੋਂ ਬਾਅਦ ਜਾਪਾਨ ਨੇ ਆਤਮਸਮਰਪਣ ਕੀਤਾ, ਪਰ ਇਹ ਕਹਿਣਾ ਪੂਰੀ ਤਰ੍ਹਾਂ ਸਹੀ ਨਹੀਂ ਕਿ ਸਿਰਫ਼ ਅਮਰੀਕੀ ਪਰਮਾਣੂ ਹਮਲਿਆਂ ਕਾਰਨ ਹੀ ਜਾਪਾਨ ਨੇ ਹਥਿਆਰ ਸੁੱਟੇ ਸਨ। ਉਸ ਸਮੇਂ ਤੱਕ ਜਾਪਾਨ ਪਹਿਲਾਂ ਹੀ ਸੈਨਿਕ, ਆਰਥਿਕ ਅਤੇ ਰਾਜਨੀਤਿਕ ਸੰਕਟ ਨਾਲ ਜੂਝ ਰਿਹਾ ਸੀ। ਉਸ ਦੇ ਕਈ ਸ਼ਹਿਰ ਤਬਾਹ ਹੋ ਚੁੱਕੇ ਸਨ, ਸਮੁੰਦਰੀ ਨਾਕਾਬੰਦੀ ਕਾਰਨ ਸਰੋਤ ਲਗਭਗ ਖ਼ਤਮ ਹੋ ਰਹੇ ਸਨ ਅਤੇ ਮਿੱਤਰ ਰਾਸ਼ਟਰਾਂ ਦੀ ਸੈਨਿਕ ਤਾਕਤ ਲਗਾਤਾਰ ਵੱਧ ਰਹੀ ਸੀ।

ਹੀਰੋਸ਼ਿਮਾ ਅਤੇ ਨਾਗਾਸਾਕੀ ‘ਤੇ ਪਰਮਾਣੂ ਹਮਲਿਆਂ ਨੇ ਬੇਮਿਸਾਲ ਤਬਾਹੀ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਇਸੇ ਦੌਰਾਨ ਸੋਵੀਅਤ ਸੰਘ ਦੇ ਜੰਗ ਵਿੱਚ ਸ਼ਾਮਲ ਹੋਣ ਨਾਲ ਜਾਪਾਨ ਦੀ ਇਹ ਉਮੀਦ ਵੀ ਟੁੱਟ ਗਈ ਕਿ ਉਹ ਸੋਵੀਅਤ ਸੰਘ ਰਾਹੀਂ ਸ਼ਾਂਤੀ ਵਾਰਤਾ ਕਰਵਾ ਸਕੇਗਾ। ਇਨ੍ਹਾਂ ਦੋਵਾਂ ਘਟਨਾਵਾਂ ਨੇ ਮਿਲ ਕੇ ਜਾਪਾਨ ਨੂੰ ਆਤਮਸਮਰਪਣ ਵੱਲ ਤੇਜ਼ੀ ਨਾਲ ਧੱਕਿਆ। ਅੱਜ ਵੀ ਇਤਿਹਾਸਕਾਰਾਂ ਵਿੱਚ ਇਸ ਗੱਲ ‘ਤੇ ਚਰਚਾ ਜਾਰੀ ਹੈ ਕਿ ਸਭ ਤੋਂ ਨਿਰਣਾਇਕ ਕਾਰਨ ਕਿਹੜਾ ਸੀ। ਕੁਝ ਇਤਿਹਾਸਕਾਰ ਪਰਮਾਣੂ ਬੰਬਾਂ ਨੂੰ ਸਭ ਤੋਂ ਵੱਡਾ ਕਾਰਨ ਮੰਨਦੇ ਹਨ, ਜਦਕਿ ਕੁਝ ਦੇ ਅਨੁਸਾਰ ਸੋਵੀਅਤ ਸੰਘ ਦਾ ਜੰਗ ਵਿੱਚ ਦਾਖਲਾ ਵੱਧ ਮਹੱਤਵਪੂਰਨ ਸੀ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਘਟਨਾਵਾਂ ਇਕੱਠੇ ਮਿਲ ਕੇ ਉਹ ਨਿਰਣਾਇਕ ਦਬਾਅ ਬਣੀਆਂ, ਜਿਸ ਕਾਰਨ ਜਾਪਾਨ ਨੇ ਆਖ਼ਰਕਾਰ ਆਤਮਸਮਰਪਣ ਕਰਨ ਦਾ ਫ਼ੈਸਲਾ ਕੀਤਾ।

Source:TV9Hindi.com

Follow Us