ਕੀ ਹੈ ਯੈਲੋ ਜਰਨਲਿਜ਼ਮ? ਪ੍ਰਦਰਸ਼ਨ ਦੀ ਸੱਚਾਈ ਦਿਖਾਉਣ ‘ਤੇ ਪਾਕਿਸਤਾਨ ਨੇ ਅਲ ਜਜ਼ੀਰਾ ‘ਤੇ ਲਗਾਈ ਪਾਬੰਦੀ!

Updated On: 

05 Aug 2026 12:47 PM IST

Pakistan: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਪਾਕਿਸਤਾਨ ਨੇ ਅਲ ਜਜ਼ੀਰਾ ਸਮੇਤ ਕਈ ਡਿਜੀਟਲ ਨਿਊਜ਼ ਪਲੇਟਫਾਰਮਾਂ 'ਤੇ ਯੈਲੋ ਪੱਤਰਕਾਰੀ (Yellow Journalism) ਦਾ ਆਰੋਪ ਲਗਾਉਂਦੇ ਹੋਏ ਪਾਬੰਦੀ ਲਗਾ ਦਿੱਤੀ ਹੈ।

ਕੀ ਹੈ ਯੈਲੋ ਜਰਨਲਿਜ਼ਮ? ਪ੍ਰਦਰਸ਼ਨ ਦੀ ਸੱਚਾਈ ਦਿਖਾਉਣ ਤੇ ਪਾਕਿਸਤਾਨ ਨੇ ਅਲ ਜਜ਼ੀਰਾ ਤੇ ਲਗਾਈ ਪਾਬੰਦੀ!

ਪ੍ਰਦਰਸ਼ਨ ਦੀ ਸੱਚਾਈ ਦਿਖਾਉਣ 'ਤੇ ਪਾਕਿਸਤਾਨ ਨੇ ਅਲ ਜਜ਼ੀਰਾ 'ਤੇ ਲਗਾਈ ਪਾਬੰਦੀ!

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੁਰੱਖਿਆ ਬਲਾਂ ਦੀ ਕਾਰਵਾਈ ‘ਤੇ ਸਵਾਲ ਉੱਠ ਰਹੇ ਹਨ। ਪਾਕਿਸਤਾਨ ‘ਤੇ ਸੱਚਾਈ ਛੁਪਾਉਣ ਦੇ ਆਰੋਪ ਵੀ ਲੱਗ ਰਹੇ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟ ਅਲ ਜਜ਼ੀਰਾ ਸਮੇਤ ਕਈ ਡਿਜੀਟਲ ਨਿਊਜ਼ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੁਸਲਿਮ ਭਾਈਚਾਰੇ ਅਤੇ ਇਸਲਾਮਿਕ ਦੇਸ਼ਾਂ ਨਾਲ ਜੁੜੇ ਮੁੱਦੇ ਉਠਾਉਣ ਵਾਲੇ ਪਲੇਟਫਾਰਮ ਅਲ ਜਜ਼ੀਰਾ ‘ਤੇ ਰੋਕ ਲਗਾਉਣ ਦੀਆਂ ਖ਼ਬਰਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ, ਪਾਕਿਸਤਾਨ ਨੇ ਅਧਿਕਾਰਤ ਤੌਰ ‘ਤੇ ਇਸ ਪਾਬੰਦੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਸ ਦੌਰਾਨ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ (I&B) ਮੰਤਰਾਲੇ ਨੇ ਅਲ ਜਜ਼ੀਰਾ ਦੀ ਰਿਪੋਰਟਿੰਗ ਦੀ ਆਲੋਚਨਾ ਕੀਤੀ ਹੈ। ਮੰਤਰਾਲੇ ਨੇ ਮੀਡੀਆ ਸੰਗਠਨ ‘ਤੇ ਚੋਣਾਂ ਅਤੇ ਵੋਟਿੰਗ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਆਰੋਪ ਲਗਾਇਆ ਹੈ। ਮੰਤਰਾਲੇ ਨੇ ਲਿਖਿਆ, ਅਸੀਂ ਅੱਜ ਮੁਜ਼ੱਫ਼ਰਾਬਾਦ ਦੇ ਚੁਣੇ ਹੋਏ ਪੋਲਿੰਗ ਕੇਂਦਰਾਂ ਤੋਂ ਅਲ ਜਜ਼ੀਰਾ ਦੀ ਚੁਣੀਂਦੀ ਰਿਪੋਰਟਿੰਗ ਦਾ ਨੋਟਿਸ ਲਿਆ ਹੈ। ਚੈਨਲ ਨੇ ਸੋਚ-ਸਮਝ ਕੇ ਚੁਣੇ ਗਏ ਸਮੇਂ ਅਤੇ ਚੁਣੇ ਹੋਏ ਲੋਕਾਂ ਦੇ ਯੋਜਨਾਬੱਧ ਬਿਆਨਾਂ ਰਾਹੀਂ ਚੋਣਾਂ ਅਤੇ ਵੋਟਿੰਗ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਤਰਾਲੇ ਨੇ ਬ੍ਰਾਡਕਾਸਟਰ ‘ਤੇ ਯੈਲੋ ਜਰਨਲਿਜ਼ਮ ਵਿੱਚ ਸ਼ਾਮਲ ਹੋਣ ਦਾ ਆਰੋਪ ਵੀ ਲਗਾਇਆ ਹੈ। ਉਸ ਨੇ ਕਿਹਾ ਕਿ ਅਲ ਜਜ਼ੀਰਾ ਦੀਆਂ ਖ਼ਬਰਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਚੋਣ ਪ੍ਰਕਿਰਿਆ ਦੀ ਗਲਤ ਤਸਵੀਰ ਪੇਸ਼ ਕੀਤੀ ਹੈ। ਹੁਣ ਸਵਾਲ ਇਹ ਹੈ ਕਿ ਯੈਲੋ ਜਰਨਲਿਜ਼ਮ (Yellow Journalism) ਕੀ ਹੁੰਦੀ ਹੈ ਅਤੇ ਇਹ ਸ਼ਬਦ ਕਿੱਥੋਂ ਆਇਆ?

ਕੀ ਹੈ ਯੈਲੋ ਜਰਨਲਿਜ਼ਮ?

ਯੈਲੋ ਜਰਨਲਿਜ਼ਮ ਪੱਤਰਕਾਰਤਾ ਦੀ ਉਹ ਸ਼ੈਲੀ ਹੈ, ਜਿਸ ਵਿੱਚ ਸਹੀ ਅਤੇ ਸੰਤੁਲਿਤ ਰਿਪੋਰਟਿੰਗ ਦੀ ਬਜਾਏ ਸਨਸਨੀਖੇਜ਼ ਖ਼ਬਰਾਂ ਅਤੇ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਭਾਵਨਾਤਮਕ ਪ੍ਰਭਾਵ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਸ ਦਾ ਮਕਸਦ ਪਾਠਕਾਂ ਜਾਂ ਦਰਸ਼ਕਾਂ ਨੂੰ ਸੱਚਾਈ ਦੱਸਣ ਦੀ ਬਜਾਏ ਵੱਧ ਤੋਂ ਵੱਧ ਧਿਆਨ ਖਿੱਚਣਾ ਹੁੰਦਾ ਹੈ, ਭਾਵੇਂ ਇਸ ਲਈ ਤੱਥਾਂ ਨਾਲ ਸਮਝੌਤਾ ਹੀ ਕਿਉਂ ਨਾ ਕਰਨਾ ਪਵੇ।

ਇਹ ਸ਼ਬਦ ਕਿੱਥੋਂ ਆਇਆ?

ਯੈਲੋ ਜਰਨਲਿਜ਼ਮ ਦਾ ਸਬੰਧ 1890 ਦੇ ਦਹਾਕੇ ਦੇ ਅਮਰੀਕਾ ਨਾਲ ਹੈ। ਉਸ ਸਮੇਂ ਨਿਊਯਾਰਕ ਸ਼ਹਿਰ ਵਿੱਚ ਦੋ ਵੱਡੇ ਅਖ਼ਬਾਰ ਮਾਲਕ ਸਨ। ਜੋਸਫ਼ ਪੁਲਿਤਜ਼ਰ (New York World) ਅਤੇ ਵਿਲੀਅਮ ਰੈਂਡੋਲਫ਼ ਹਰਸਟ (New York Journal)। ਦੋਵਾਂ ਵਿਚਕਾਰ ਅਖ਼ਬਾਰਾਂ ਦੀ ਸਰਕੂਲੇਸ਼ਨ ਵਧਾਉਣ ਲਈ ਭਾਰੀ ਮੁਕਾਬਲਾ ਸੀ। ਇਸ ਦੌਰਾਨ ਦੋਵੇਂ ਅਖ਼ਬਾਰ ਵੱਧ ਤੋਂ ਵੱਧ ਸਨਸਨੀਖੇਜ਼ ਖ਼ਬਰਾਂ ਪ੍ਰਕਾਸ਼ਿਤ ਕਰਨ ਲੱਗੇ। ਉਸੇ ਸਮੇਂ ਦੋਵਾਂ ਅਖ਼ਬਾਰਾਂ ਵਿੱਚ ਇੱਕ ਲੋਕਪ੍ਰਿਯ ਕਾਮਿਕ ਕਿਰਦਾਰ ਛਪਦਾ ਸੀ, ਜਿਸ ਨੂੰ “ਯੈਲੋ ਕਿਡ” (Yellow Kid) ਕਿਹਾ ਜਾਂਦਾ ਸੀ। ਇਸੇ ਕਿਰਦਾਰ ਦੇ ਨਾਮ ਤੋਂ ਇਸ ਸਨਸਨੀਖੇਜ਼ ਪੱਤਰਕਾਰਤਾ ਸ਼ੈਲੀ ਨੂੰ “ਯੈਲੋ ਜਰਨਲਿਜ਼ਮ” ਨਾਮ ਮਿਲਿਆ।

ਯੈਲੋ ਜਰਨਲਿਜ਼ਮ ਦੀ ਸਭ ਤੋਂ ਮਸ਼ਹੂਰ ਉਦਾਹਰਨ

ਇਸ ਦਾ ਸਭ ਤੋਂ ਚਰਚਿਤ ਉਦਾਹਰਨ ਸਾਲ 1898 ਦੀ ਸਪੇਨਿਸ਼-ਅਮਰੀਕੀ ਜੰਗ ਹੈ। ਕਿਹਾ ਜਾਂਦਾ ਹੈ ਕਿ ਦੋਵਾਂ ਅਖ਼ਬਾਰਾਂ ਦੀ ਭੜਕਾਊ ਰਿਪੋਰਟਿੰਗ ਨੇ ਅਮਰੀਕੀ ਲੋਕਾਂ ਦੀ ਰਾਏ ਨੂੰ ਜੰਗ ਦੇ ਹੱਕ ਵਿੱਚ ਮੋੜਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ।

ਪਾਕਿਸਤਾਨ ਵਿੱਚ ਕੀ ਹਨ ਹਾਲਾਤ?

ਇਸ ਦੌਰਾਨ ਹਿਊਮਨ ਰਾਈਟਸ ਕੌਂਸਲ ਆਫ਼ ਪਾਕਿਸਤਾਨ ਅਧਿਕ੍ਰਿਤ ਜੰਮੂ-ਕਸ਼ਮੀਰ (HRC-PoJK) ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਮੁਤਾਬਕ PoJK ਵਿੱਚ ਹੁਣ ਤੱਕ ਕੁੱਲ 80 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 27 ਜੁਲਾਈ ਤੋਂ ਪਹਿਲਾਂ 33 ਆਮ ਨਾਗਰਿਕਾਂ ਦੀ ਮੌਤ ਹੋਈ ਸੀ, ਜਦਕਿ 27 ਜੁਲਾਈ ਤੋਂ ਬਾਅਦ ਰਾਵਲਕੋਟ, ਮੀਰਪੁਰ ਅਤੇ ਮੁਜ਼ੱਫਰਾਬਾਦ ਵਿੱਚ ਹੋਈ ਹਿੰਸਾ ਦੌਰਾਨ 43 ਹੋਰ ਲੋਕਾਂ ਦੀ ਜਾਨ ਗਈ। ਮ੍ਰਿਤਕਾਂ ਵਿੱਚ 4 ਪੁਲਿਸ ਕਰਮਚਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਆਉਣ ਵਾਲੇ ਸਮੇਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹੋਰ ਪਾਬੰਦੀਆਂ ਲਗਾ ਸਕਦਾ ਹੈ। ਟੀਵੀ ਅਤੇ ਪ੍ਰਿੰਟ ਮੀਡੀਆ ਪਹਿਲਾਂ ਹੀ ਕਈ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ ਸੋਸ਼ਲ ਮੀਡੀਆ ਕੁਝ ਗਿਣਤੀ ਦੇ ਬਚੇ ਹੋਏ ਮੰਚਾਂ ਵਿੱਚੋਂ ਇੱਕ ਹੈ, ਜਿੱਥੇ ਆਮ ਲੋਕ ਖੁੱਲ੍ਹ ਕੇ ਚਰਚਾ ਕਰ ਸਕਦੇ ਹਨ ਅਤੇ ਆਪਣੀ ਅਸਹਿਮਤੀ ਜ਼ਾਹਰ ਕਰ ਸਕਦੇ ਹਨ।

ਵੀਡੀਓ ਰਾਹੀਂ ਗੰਭੀਰ ਆਰੋਪ

ਜਾਇੰਟ ਅਵਾਮੀ ਐਕਸ਼ਨ ਕਮੇਟੀ (JAAC) ਨੇ ਵੀ ਇੱਕ ਵੀਡੀਓ ਜਾਰੀ ਕਰਕੇ ਕਈ ਗੰਭੀਰ ਦੋਸ਼ ਲਗਾਏ ਹਨ। ਕਮੇਟੀ ਦੇ ਦਾਅਵੇ ਮੁਤਾਬਕ, ਇਸ ਵੀਡੀਓ ਵਿੱਚ ਸੁਰੱਖਿਆ ਬਲਾਂ ਦੇ ਵਿਚਕਾਰ ਸਾਦੇ ਕੱਪੜਿਆਂ ਵਿੱਚ ਮੌਜੂਦ ਇੱਕ ਵਿਅਕਤੀ ਪ੍ਰਦਰਸ਼ਨਕਾਰੀਆਂ ਦੀ ਭੀੜ ‘ਤੇ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। JAAC ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਨਿਹੱਥੇ ਨਾਗਰਿਕਾਂ ਨੂੰ ਘਸੀਟ ਕੇ ਸੜਕਾਂ ‘ਤੇ ਲਿਆਂਦਾ ਗਿਆ ਅਤੇ ਉਨ੍ਹਾਂ ਨਾਲ ਬੇਰਹਿਮੀ ਕੀਤੀ ਗਈ।

Follow Us