ਪਹਿਲਾਂ ਹੜ੍ਹ… ਹੁਣ ਬਾਰੂਦ ਨੇ ਸਿੱਕਮ ‘ਚ ਵਧਾਇਆ ਤਣਾਅ, ਵਿਸਫੋਟਕ ਨੇ ਬਚਾਅ ਕਾਰਜ ‘ਚ ਪਾਈ ਰੁਕਾਵਟ
ਸਿੱਕਮ ਵਿੱਚ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਬਚਾਅ ਕਾਰਜ ਪੂਰਾ ਨਹੀਂ ਹੋਇਆ ਹੈ। ਅਜੇ ਵੀ 142 ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਦਕਿ ਹੁਣ ਤੱਕ 26 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਵਿਚ ਫ਼ੌਜ ਦੇ ਸੱਤ ਜਵਾਨ ਵੀ ਸ਼ਾਮਲ ਹਨ। ਹੜ੍ਹ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦੇਖਣ ਨੂੰ ਮਿਲ ਰਹੀਆਂ ਹਨ।
ਸਿੱਕਮ ‘ਚ ਬੱਦਲ ਫਟਣ ਅਤੇ ਹੜ੍ਹ ਤੋਂ ਬਾਅਦ ਮਲਬੇ ਹੇਠਾਂ ਦੱਬੇ ਬਾਰੂਦ ਦੇ ਵਿਸਫੋਟ ਨੇ ਬਚਾਅ ਕਾਰਜ ‘ਚ ਲੱਗੀ ਟੀਮ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਗੋਲਾ ਬਾਰੂਦ ਹੋਣ ਕਾਰਨ ਸਰਚ ਟੀਮ ਨੂੰ ਬੜੀ ਮੁਸ਼ਕਲ ਨਾਲ ਅੱਗੇ ਵਧਣਾ ਪੈਂਦਾ ਹੈ। ਦੂਜੇ ਪਾਸੇ ਖ਼ਰਾਬ ਮੌਸਮ ਨੇ ਵੀ ਸਰਚ ਅਪ੍ਰੇਸ਼ਨ ਵਿੱਚ ਰੁਕਾਵਟ ਪਾਈ ਹੈ। ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜਾਂ ‘ਚ ਵੀ ਦੇਰੀ ਹੋ ਰਹੀ ਹੈ। ਇਸ ਘਟਨਾ ‘ਚ ਹੁਣ ਤੱਕ 7 ਜਵਾਨਾਂ ਸਮੇਤ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 142 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬੱਦਲ ਫਟਣ ਅਤੇ ਉਸ ਤੋਂ ਬਾਅਦ ਆਏ ਹੜ੍ਹਾਂ ਕਾਰਨ 25,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਘਟਨਾ ‘ਚ 1200 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਵੱਖ-ਵੱਖ ਖੇਤਰਾਂ ਤੋਂ 2,413 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਹੁਣ ਤੱਕ 6,875 ਲੋਕਾਂ ਨੇ ਸਰਕਾਰ ਵੱਲੋਂ ਲਗਾਏ ਗਏ ਦੋ ਦਰਜਨ ਦੇ ਕਰੀਬ ਕੈਂਪਾਂ ਵਿੱਚ ਸ਼ਰਨ ਲਈ ਹੈ।
ਤਲਾਸ਼ੀ ਮੁਹਿੰਮ ‘ਚ ਲੱਗੀ ਟੀਮ ਨੂੰ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਤੀਸਤਾ ਨਦੀ ਦੇ ਹੜ੍ਹ ਦੇ ਪਾਣੀ ‘ਚ ਕਥਿਤ ਤੌਰ ‘ਤੇ ਵਹਿ ਗਿਆ ਮੋਰਟਾਰ ਦਾ ਗੋਲਾ ਫਟ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਮੋਰਟਾਰ ਗੋਲਾ ਫੌਜ ਦਾ ਸੀ ਜੋ ਬੱਦਲ ਫਟਣ ਅਤੇ ਹੜ੍ਹ ਆਉਣ ਤੋਂ ਬਾਅਦ ਪਾਣੀ ਦੇ ਨਾਲ ਪਹਾੜਾਂ ਤੋਂ ਹੇਠਾਂ ਵਹਿ ਗਿਆ ਸੀ।
ਹੁਣ ਤੱਕ 26 ਲਾਸ਼ਾਂ ਕੱਢੀਆਂ
ਤੀਸਤਾ ਨਦੀ ‘ਚ ਆਏ ਹੜ੍ਹ ਤੋਂ ਤਿੰਨ ਦਿਨਾਂ ਬਾਅਦ ਹੁਣ ਤੱਕ 26 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਫੌਜ ਦੇ ਸੱਤ ਜਵਾਨਾਂ ਦੀਆਂ ਲਾਸ਼ਾਂ ਵੀ ਸ਼ਾਮਲ ਹਨ ਜੋ ਘਟਨਾ ਤੋਂ ਬਾਅਦ ਬਾਰਦਾਂਗ ਇਲਾਕੇ ਵਿੱਚ ਲਾਪਤਾ ਹੋ ਗਏ ਸਨ। ਇਸ ਦੇ ਨਾਲ ਹੀ ਇਕ ਸੈਨਿਕ ਨੂੰ ਬਚਾਇਆ ਗਿਆ ਹੈ, ਜਦਕਿ 15 ਜਵਾਨਾਂ ਦੀ ਭਾਲ ਜਾਰੀ ਹੈ। ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 26 ਵਿਚੋਂ 16 ਲਾਸ਼ਾਂ ਪਾਕਯੋਂਗ ਜ਼ਿਲ੍ਹੇ ਤੋਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਗੰਗਟੋਕ ਵਿਚ ਛੇ ਅਤੇ ਮੰਗਨ ਜ਼ਿਲ੍ਹੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਚੁੰਗਥਾਂਗ ਵਿੱਚ ਸਭ ਤੋਂ ਵੱਧ ਤਬਾਹੀ
ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚੁੰਗਥਾਂਗ ਸ਼ਹਿਰ ਵਿੱਚ ਹੜ੍ਹ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ। ਸ਼ਹਿਰ ਦਾ 80 ਫੀਸਦੀ ਹਿੱਸਾ ਹੜ੍ਹਾਂ ਦੀ ਮਾਰ ਹੇਠ ਹੈ। ਨੈਸ਼ਨਲ ਹਾਈਵੇ-10 ਨੂੰ ਵੀ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹਾਈਵੇ ‘ਤੇ ਕਈ ਥਾਵਾਂ ‘ਤੇ ਸੜਕ ਟੁੱਟ ਗਈ ਹੈ।
ਇਹ ਵੀ ਪੜ੍ਹੋ
ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ਆਇਆ ਹੜ੍ਹ
ਦਰਅਸਲ ਬੁੱਧਵਾਰ ਨੂੰ ਲੋਨਕ ਝੀਲ ‘ਤੇ ਬੱਦਲ ਫਟਣ ਕਾਰਨ ਤੀਸਤਾ ਨਦੀ ‘ਚ ਅਚਾਨਕ ਉਛਾਲ ਆ ਗਿਆ। ਨਦੀ ਵਿੱਚ ਇਕੱਠਾ ਹੋਇਆ ਪਾਣੀ ਚੁੰਗਥਾਂਗ ਡੈਮ ਤੋਂ ਦੂਰ ਵਹਿ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਹ ਨੀਵੇਂ ਖੇਤਰ ਵੱਲ ਵਧਿਆ, ਜਿਸ ਨਾਲ ਨਦੀ ‘ਤੇ ਬਣਾਏ ਜਾ ਰਹੇ ਪਾਵਰ ਪਲਾਂਟ ਦਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ। ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਹੜ੍ਹ ਆ ਗਿਆ।