ਹਿਮਾਚਲ ‘ਚ ਭਾਰੀ ਬਰਫਬਾਰੀ, 4 ਨੈਸ਼ਨਲ ਹਾਈਵੇਅ ਸਮੇਤ 470 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ, ਕੁੱਲੂ, ਕੁਫਰੀ, ਭਰਮੌਰ 'ਚ ਬਰਫਬਾਰੀ ਦੇ ਨਾਲ-ਨਾਲ ਬਾਰਿਸ਼ ਨੇ ਸੈਲਾਨੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸੂਬੇ 'ਚ 4 ਰਾਸ਼ਟਰੀ ਰਾਜਮਾਰਗਾਂ ਸਮੇਤ 470 ਤੋਂ ਵੱਧ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੀਂਹ ਤੋਂ ਬਾਅਦ ਇੱਕ ਇਮਾਰਤ ਡਿੱਗਣ ਕਾਰਨ 2 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਅਤੇ ਮੀਂਹ ਨੇ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਬਰਫਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ 4 ਰਾਸ਼ਟਰੀ ਰਾਜਮਾਰਗਾਂ ਸਮੇਤ 470 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਇਨ੍ਹਾਂ ਸੜਕਾਂ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਰਾਸ਼ਟਰੀ ਰਾਜਮਾਰਗ ਅਤੇ ਸੜਕਾਂ ਬੰਦ ਹੋਣ ਕਾਰਨ ਬਰਫਬਾਰੀ ਦਾ ਆਨੰਦ ਲੈਣ ਆਏ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਇਸ ਦੇ ਨਾਲ ਹੀ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਹਿਮਾਚਲ ‘ਚ ਜਨਵਰੀ ਦਾ ਮੌਸਮ ਪਿਛਲੇ 17 ਸਾਲਾਂ ‘ਚ ਸਭ ਤੋਂ ਖੁਸ਼ਕ ਰਿਹਾ ਹੈ। ਰਾਜ ਵਿੱਚ 85.3 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ ਸਿਰਫ਼ 6.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹਿਮਾਚਲ ‘ਚ ਬਾਰਿਸ਼ ‘ਚ 92 ਫੀਸਦੀ ਕਮੀ ਆਈ ਹੈ। ਇਸ ਤੋਂ ਪਹਿਲਾਂ 1996 ਵਿੱਚ 99.6 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ ਅਤੇ 2007 ਵਿੱਚ 98.5 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਸੀ। ਸਥਾਨਕ ਮੌਸਮ ਵਿਭਾਗ ਨੇ ਅਗਲੇ 6 ਦਿਨ ਭਾਵ 12 ਫਰਵਰੀ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਕਈ ਇਲਾਕਿਆਂ ਦੀਆਂ ਸੜਕਾਂ ਬੰਦ
ਸੂਬੇ ਦੀਆਂ 470 ਸੜਕਾਂ ‘ਚੋਂ ਲਾਹੌਲ ਤੇ ਸਪਿਤੀ ‘ਚ 153, ਸ਼ਿਮਲਾ ‘ਚ 134, ਕੁੱਲੂ ‘ਚ 68, ਚੰਬਾ ‘ਚ 61, ਮੰਡੀ ‘ਚ 46 ਸੜਕਾਂ ਬੰਦ ਹੋ ਗਈਆਂ ਹਨ, ਇਸ ਦੇ ਨਾਲ ਹੀ ਸਿਰਮੌਰ, ਕਿਨੌਰ ਤੇ ਕਾਂਗੜਾ ‘ਚ ਸੜਕਾਂ ‘ਤੇ ਆਵਾਜਾਈ ਵੀ ਠੱਪ ਹੋ ਗਈ ਹੈ। ਸ਼ਿਮਲਾ ਸਮੇਤ ਕਈ ਥਾਵਾਂ ‘ਤੇ ਬਰਫਬਾਰੀ ਸ਼ੁਰੂ ਹੋਣ ਤੋਂ ਬਾਅਦ ਸੂਬੇ ‘ਚ ਸੈਲਾਨੀਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ, ਪਰ ਮੀਂਹ ਨੇ ਤਬਾਹੀ ਮਚਾਈ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਖਿਦਰਾਲਾ ਵਿੱਚ 4 ਸੈਂਟੀਮੀਟਰ, ਕੁਫ਼ਰੀ ਵਿੱਚ 2 ਸੈਂਟੀਮੀਟਰ, ਭਰਮੌਰ ਵਿੱਚ 3 ਸੈਂਟੀਮੀਟਰ, ਸਾਂਗਲਾ ਵਿੱਚ 0.5 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕਲਪਾ, ਕੁਕੁਮਸੇਰੀ, ਨਾਰਕੰਡਾ ਅਤੇ ਕੇਲੋਂਗ ਵਿੱਚ ਵੀ ਬਰਫ਼ਬਾਰੀ ਹੋਈ।
ਫਰਵਰੀ ‘ਚ ਸੈਲਾਨੀਆਂ ਦੀ ਗਿਣਤੀ ‘ਚ ਵਾਧਾ
ਸ਼ਿਮਲਾ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮਕੇ ਸੇਠ ਨੇ ਕਿਹਾ ਕਿ ਫਰਵਰੀ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ ਹਫਤੇ ਸੈਰ-ਸਪਾਟਾ ਪ੍ਰੇਮੀਆਂ ਦੀ ਗਿਣਤੀ ਵਿੱਚ 30-70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਸੂਬੇ ‘ਚ ਮੀਂਹ ਅਤੇ ਬਰਫਬਾਰੀ ਤੋਂ ਬਾਅਦ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ਿਮਲਾ ਦੇ ਬਾਹਰਵਾਰ ਮੰਗਲਵਾਰ ਤੜਕੇ ਢਿੱਗਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਜੰਗਾ ਰੋਡ ‘ਤੇ ਜ਼ਮੀਨ ਖਿਸਕਣ ਦੀ ਘਟਨਾ ‘ਚ ਬਿਹਾਰ ਦੇ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਰਾਕੇਸ਼ ਅਤੇ ਰਾਜੇਸ਼ ਵਜੋਂ ਹੋਈ ਹੈ।