ਅੱਤਵਾਦੀ ਸੰਗਠਨ ‘ਕਸ਼ਮੀਰ ਰੇਜ਼ਿਸਟੈਂਸ’ ਨੇ ਲਈ ਪਹਿਲਗਾਮ ‘ਚ ਸੈਲਾਨੀਆਂ ‘ਤੇ ਹਮਲੇ ਦੀ ਜ਼ਿੰਮੇਵਾਰੀ, ਵਜ੍ਹਾ ਵੀ ਦੱਸੀ
Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ ਜਦੋਂ ਕਿ ਅੱਠ ਲੋਕ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਅੱਤਵਾਦੀ ਸੰਗਠਨ 'ਕਸ਼ਮੀਰ ਰੇਜ਼ਿਸਟੈਂਸ' ਵੱਲੋਂ ਕੀਤਾ ਗਿਆ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਹਮਣੇ ਆਈ ਹੈ।

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ‘ਕਸ਼ਮੀਰ ਰੇਜ਼ਿਸਟੈਂਸ’ ਨੇ ਲਈ ਹੈ। ਇਸ ਅੱਤਵਾਦੀ ਹਮਲੇ ਵਿੱਚ ਇੱਕ ਸੈਲਾਨੀ ਦੀ ਮੌਤ ਹੋ ਗਈ ਹੈ ਜਦੋਂ ਕਿ 8 ਹੋਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸੈਲਾਨੀ ਆਪਣੇ ਪਰਿਵਾਰ ਨਾਲ ਘੁੜਸਵਾਰੀ ਕਰ ਰਿਹਾ ਸੀ।
ਅੱਤਵਾਦੀ ਸੰਗਠਨ ‘ਕਸ਼ਮੀਰ ਰੇਜ਼ਿਸਟੈਂਸ’ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਿਹਾ ਹੈ ਕਿ ਗੈਰ-ਸਥਾਨਕ ਲੋਕਾਂ ਨੂੰ 85,000 ਤੋਂ ਵੱਧ ਰਿਹਾਇਸ਼ੀ ਕਾਰਡ ਜਾਰੀ ਕੀਤੇ ਗਏ ਹਨ, ਜਿਸ ਨਾਲ ਇੱਥੇ ਜਨਸੰਖਿਆ ਤਬਦੀਲੀ ਦਾ ਰਾਹ ਪੱਧਰਾ ਹੋਇਆ ਹੈ। ਇਹ ਗੈਰ-ਸਥਾਨਕ ਲੋਕ ਸੈਲਾਨੀਆਂ ਵਜੋਂ ਆਉਂਦੇ ਹਨ, ਰਿਹਾਇਸ਼ੀ ਪਰਮਿਟ ਪ੍ਰਾਪਤ ਕਰਦੇ ਹਨ ਅਤੇ ਫਿਰ ਇਸ ਤਰ੍ਹਾਂ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਵੇਂ ਉਹ ਇਸ ਜ਼ਮੀਨ ਦੇ ਮਾਲਕ ਹੋਣ। ਨਤੀਜੇ ਵਜੋਂ, ਗੈਰ-ਕਾਨੂੰਨੀ ਤੌਰ ‘ਤੇ ਵਸਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਹਿੰਸਾ ਕੀਤੀ ਜਾਵੇਗੀ।
ਹਮਲੇ ਤੋਂ ਬਾਅਦ ਸੁਰੱਖਿਆ ਬਲ ਅਲਰਟ ‘ਤੇ
ਹਮਲੇ ਤੋਂ ਤੁਰੰਤ ਬਾਅਦ, ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਇੱਕ ਡੁੰਘਾਈ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਅਤੇ ਫੌਜ ਸਾਂਝੇ ਤੌਰ ‘ਤੇ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ। ਪੂਰੇ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਹਿਲਗਾਮ ਪਹੁੰਚਣ ਵਾਲੇ ਬਾਕੀ ਸੈਲਾਨੀਆਂ ਨੂੰ ਰੋਕ ਦਿੱਤਾ ਗਿਆ ਹੈ।
ਸਥਾਨਕ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸੁਰੱਖਿਆ ਬਲਾਂ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਇਸ ਹਮਲੇ ਨੇ ਇੱਕ ਵਾਰ ਫਿਰ ਘਾਟੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਈ ਸਾਲਾਂ ਬਾਅਦ ਇਹ ਦੇਖਿਆ ਗਿਆ ਹੈ ਕਿ ਸੈਲਾਨੀਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ
ਕੀ ਹੈ ਨਵਾਂ ਡੇਮਿਸਾਇਲ ਕਾਨੂਨ?
2019 ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ, ਜੰਮੂ-ਕਸ਼ਮੀਰ ਨੂੰ ਪੂਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਤੋਂ ਬਾਅਦ, ਨਵੇਂ ਕਾਨੂੰਨ ਦੇ ਤਹਿਤ, ਉਹ ਲੋਕ ਜੋ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਹਨ, ਜਾਂ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ 10 ਸਾਲਾਂ ਤੋਂ ਜੰਮੂ-ਕਸ਼ਮੀਰ ਵਿੱਚ ਸਰਕਾਰੀ ਸੇਵਾ ਵਿੱਚ ਰਹੇ ਹਨ, ਉਹ ਸਥਾਈ ਨਿਵਾਸ ਦਾ ਦਰਜਾ ਪ੍ਰਾਪਤ ਕਰ ਸਕਦੇ ਹਨ। ਇਸ ਕਾਨੂੰਨ ਦੇ ਤਹਿਤ, ਕੁਝ ਹੋਰ ਸ਼੍ਰੇਣੀਆਂ ਦੇ ਲੋਕ ਵੀ ਡੋਮਿਸਾਇਲ ਦੇ ਯੋਗ ਹਨ। ਇਸ ਫੈਸਲੇ ਤੋਂ ਅੱਤਵਾਦੀ ਡਰ ਗਏ ਹਨ।
ਉਪ ਰਾਜਪਾਲ ਨੇ ਕੀਤੀ ਹਮਲੇ ਦੀ ਨਿੰਦਾ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਮਲੇ ਦੀ ਨਿੰਦਾ ਕੀਤੀ ਹੈ। LG ਨੇ ਕਿਹਾ ਹੈ ਕਿ ਮੈਂ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਸ ਘਿਨਾਉਣੇ ਹਮਲੇ ਦੇ ਪਿੱਛੇ ਜੋ ਵੀ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਜੀਪੀ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਟੀਮਾਂ ਇਲਾਕੇ ਵਿੱਚ ਪਹੁੰਚ ਗਈਆਂ ਹਨ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨੂੰ ਪਹਿਲਗਾਮ ਵਿੱਚ ਦਾਖਲ ਲੋਕਾਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਜ਼ਖਮੀ ਸੈਲਾਨੀ ਨੂੰ ਜੀਐਮਸੀ ਅਨੰਤਨਾਗ ਲਿਜਾਇਆ ਗਿਆ ਹੈ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।