ਸੰਸਦ ‘ਚ ਰਾਹੁਲ ਗਾਂਧੀ ਦੀ ਕਿਸਾਨਾਂ ਨਾਲ ਮੁਲਾਕਾਤ, ਪਰ ਕਿਉਂ ਹੋਇਆ ਵਿਵਾਦ?
Farmer-Rahul Gandhi Meeting in Parliament: ਸੰਸਦ ਦਾ ਸੈਸ਼ਨ ਚੱਲ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਬਜਟ ਪੇਸ਼ ਕੀਤਾ। ਅੱਜ ਯਾਨੀ ਬੁੱਧਵਾਰ ਨੂੰ ਸੰਸਦ 'ਚ ਇਸ 'ਤੇ ਚਰਚਾ ਹੋ ਰਹੀ ਹੈ। ਇਸ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੱਡਾ ਆਰੋਪ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ ਜਾ ਰਹੀ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਬੁੱਧਵਾਰ ਨੂੰ ਸੰਸਦ ਕੰਪਲੈਕਸ ‘ਚ ਕਿਸਾਨਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਇਹ ਬੈਠਕ ਸੰਸਦ ‘ਚ ਰਾਹੁਲ ਗਾਂਧੀ ਦੇ ਚੈਂਬਰ ‘ਚ ਹੋਵੇਗੀ। ਹਾਲਾਂਕਿ ਇਹ ਮੀਟਿੰਗ ਪਹਿਲਾਂ ਹੀ ਚਰਚਾ ਵਿੱਚ ਆ ਚੁੱਕੀ ਹੈ। ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਕਿਸਾਨਾਂ ਲਈ ਪਾਸ ਨਹੀਂ ਬਣਾਏ ਜਾ ਰਹੇ ਹਨ। ਹਾਲਾਂਕਿ ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ ਤਾਂ ਕਿਸਾਨਾਂ ਨੂੰ ਰਾਹੁਲ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ।
ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਂ ਕੁਝ ਕਿਸਾਨਾਂ ਨੂੰ ਆਪਣੇ ਚੈਂਬਰ ‘ਚ ਬੁਲਾਇਆ ਸੀ ਪਰ ਉਨ੍ਹਾਂ ਦੇ ਪਾਸ ਨਹੀਂ ਬਣਾਏ ਜਾ ਰਹੇ। ਮੈਂ ਆਪ ਉਨ੍ਹਾਂ ਨੂੰ ਮਿਲਣ ਜਾ ਰਿਹਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਇੱਕ ਮੁੱਦਾ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਤਕਨੀਕੀ ਸਮੱਸਿਆ ਵੀ ਹੋ ਸਕਦੀ ਹੈ। ਰਾਹੁਲ ਦੇ ਦਫਤਰ ਮੁਤਾਬਕ ਮੀਡੀਆ ‘ਚ ਖਬਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸਾਨਾਂ ਦੇ ਦਾਖਲੇ ਲਈ ਪਾਸ ਬਣਾਏ ਜਾ ਰਹੇ ਹਨ। ਹੁਣ ਰਾਹੁਲ ਦੇ ਚੈਂਬਰ ‘ਚ ਬੈਠਕ ਹੋਵੇਗੀ।
ਪੰਜਾਬ ਦੇ 12 ਕਿਸਾਨ ਆਗੂ ਰਾਹੁਲ ਗਾਂਧੀ ਨੂੰ ਮਿਲਣ ਲਈ ਸੰਸਦ ਭਵਨ ਪੁੱਜੇ ਹਨ। ਉਹ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨਾਲ ਸੰਸਦ ਭਵਨ ਕੰਪਲੈਕਸ ਪੁੱਜੇ ਹਨ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਪ੍ਰਦਰਸ਼ਨ
ਸੰਸਦ ‘ਚ ਅੱਜ ਯਾਨੀ ਬੁੱਧਵਾਰ ਤੋਂ ਬਜਟ ‘ਤੇ ਚਰਚਾ ਹੋ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਰਾਜਾਂ ਨੂੰ ਨਜ਼ਰਅੰਦਾਜ਼ ਕਰਨ ਦਾ ਆਰੋਪ ਲਾਉਂਦਿਆਂ ਰਾਜ ਸਭਾ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਦੇ ਇਨ੍ਹਾਂ ਆਰੋਪਾਂ ਨੂੰ ਰੱਦ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਭਾਸ਼ਣ ਵਿੱਚ ਰਾਜਾਂ ਦਾ ਨਾਂ ਨਾ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਬਜਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਵਿਚ ਕਿਸੇ ਵੀ ਰਾਜ ਨੂੰ ਕੁਝ ਨਹੀਂ ਮਿਲਿਆ। ਸਾਰਿਆਂ ਦੀ ਪਲੇਟ ਖਾਲੀ ਸੀ ਅਤੇ ਦੋ ਕੋਲ ਪਕੌੜੇ ਅਤੇ ਜਲੇਬੀ ਸਨ। ਉਨ੍ਹਾਂ ਦਾਅਵਾ ਕੀਤਾ ਕਿ ਤਾਮਿਲਨਾਡੂ, ਕੇਰਲ, ਕਰਨਾਟਕ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਦਿੱਲੀ ਅਤੇ ਉੜੀਸਾ ਸਮੇਤ ਕਈ ਰਾਜਾਂ ਨੂੰ ਬਜਟ ਵਿੱਚ ਕੁਝ ਨਹੀਂ ਮਿਲਿਆ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ – ਸ਼ੰਭੂ ਬਾਰਡਰ ਤੇ SC ਚ ਸੁਣਵਾਈ ਅੱਜ, ਹਰਿਆਣਾ ਸਰਕਾਰ ਨੇ ਕੀਤੀ ਪਟੀਸ਼ਨ ਦਾਖ਼ਲ
ਖੜਗੇ ਨੇ ਦੋਸ਼ ਲਾਇਆ ਕਿ ਜਿਨ੍ਹਾਂ ਖੇਤਰਾਂ ਵਿੱਚ ਵਿਰੋਧੀ ਪਾਰਟੀ ਚੁਣੀ ਗਈ ਹੈ ਜਾਂ ਜਿੱਥੇ ਲੋਕਾਂ ਨੇ ਸੱਤਾਧਾਰੀ ਪਾਰਟੀ ਨੂੰ ਨਕਾਰ ਦਿੱਤਾ ਹੈ, ਉਨ੍ਹਾਂ ਖੇਤਰਾਂ ਨੂੰ ਬਜਟ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਖੜਗੇ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਬਜਟ ਭਾਸ਼ਣ ਵਿੱਚ ਹਰ ਰਾਜ ਦਾ ਨਾਮ ਲੈਣਾ ਅਕਸਰ ਸੰਭਵ ਨਹੀਂ ਹੁੰਦਾ ਪਰ ਇਹ ਕਹਿਣਾ ਗਲਤ ਹੈ ਕਿ ਰਾਜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।