ਦਿੱਲੀ ਇਮਾਰਤ ਹਾਦਸੇ ‘ਚ ਵੱਡਾ ਐਕਸ਼ਨ, MCD ਦੇ 5 ਅਧਿਕਾਰੀ ਸਸਪੈਂਡ
Delhi Building Collapse Update: ਦਿੱਲੀ ਵਿੱਚ ਜਿਹੜੀ ਇਮਾਰਤ ਹਾਦਸੇ ਦਾ ਸ਼ਿਕਾਰ ਹੋਈ, ਉਸ ਪੀਜੀ 'ਚ ਜ਼ਿਆਦਾਤਰ ਵਿਦਿਆਰਥੀ ਕੇਰਲ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਸਨ। ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰਮੁੱਖ ਕਾਲਜਾਂ, ਜਿਵੇਂ ਮੋਤੀ ਲਾਲ ਨਹਿਰੂ ਕਾਲਜ, ਆਤਮਾ ਰਾਮ ਸਨਾਤਨ ਧਰਮ ਕਾਲਜ ਤੇ ਸ੍ਰੀ ਵੈਂਕਟੇਸ਼ਵਰ ਕਾਲਜ 'ਚ ਪੜ੍ਹਦੇ ਸਨ।
ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ‘ਚ ਐਤਵਾਰ ਨੂੰ ਵਾਪਰੇ ਦਰਦਨਾਕ ਬਿਲਡਿੰਗ ਦੇ ਡਿੱਗਣ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਾਉਥ ਜੋਨ ਦੇ 5 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਵੀ ਸ਼ਾਮਲ ਹਨ। MCD ਦੇ ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਦਫ਼ਤਰੀ ਹੁਕਮਾਂ ਅਨੁਸਾਰ, ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਲੰਬਿਤ ਹੈ।
ਬੀਤੇ ਦਿਨ ਇੱਕ ਤੰਗ ਗਲੀ ‘ਚ, ਕਰੀਬ 50 ਸਾਲ ਪੁਰਾਣੀ 5 ਮੰਜ਼ਿਲਾ ਪੇਇੰਗ ਗੈਸਟ (PG) ਇਮਾਰਤ ਅਚਾਨਕ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਹਾਦਸੇ ‘ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਮਲਬੇ ਹੇਠਾਂ ਫਸ ਗਏ।
ਹਾਈ ਕੋਰਟ ਵਿੱਚ ਪਹੁੰਚਿਆ ਮਾਮਲਾ
ਦੂਜੇ ਪਾਸੇ ਇਹ ਮਾਮਲਾ ਦਿੱਲੀ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ, ਪੁਲਿਸ ਨੇ ਮੁਲਜ਼ਮ ਮਕਾਨ ਮਾਲਕ ਦੇ ਤੇ ਸ਼ਿਕੰਜਾ ਕੱਸਣ ਲਈ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਵਕੀਲ ਸਵਤੰਤਰ ਭਾਰਦਵਾਜ ਦੁਆਰਾ ਦਾਇਰ ਇੱਕ ਹੈਬੀਅਸ ਕਾਰਪਸ ਪਟੀਸ਼ਨ ਨੂੰ ਲੈ ਕੇ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਦੇ ਸਾਹਮਣੇ ਉਠਾਇਆ ਗਿਆ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਚੀਫ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਬੈਂਚ ਨੇ ਅੱਜ ਇਸ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਹੈ।
ਦਿੱਲੀ ਪੁਲਿਸ ਨੇ ਮੁੱਖ ਮੁਲਜ਼ਮ ਅਤੇ ਮਕਾਨ ਮਾਲਕ ਹਰੀਰਾਮ, ਜੋ ਘਟਨਾ ਤੋਂ ਬਾਅਦ ਫਰਾਰ ਹੈ, ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਣ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਪੁਲਿਸ ਨੇ ਮੁਲਜਮ ਦੇ ਪਾਸਪੋਰਟ ਦੀ ਕਾਪੀ ਹਾਸਿਲ ਕੀਤੀ ਹੈ, ਉਸਦੇ ਵਿਰੁੱਧ FIR ਦਰਜ ਕਰਕੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਦਾ ਸਖ਼ਤ ਐਕਸ਼ਨ, 5 ਮੰਜ਼ਿਲਾ ਇਮਾਰਤਾਂ ਹੋਣਗੀਆਂ ਸੀਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਸਵੇਰੇ ਸੁਰੱਖਿਆ ਪ੍ਰਬੰਧਾਂ ਅਤੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਹਾਦਸੇ ਵਾਲੀ ਥਾਂ ਦਾ ਦੁਬਾਰਾ ਦੌਰਾ ਕੀਤਾ। ਮੁੱਖ ਮੰਤਰੀ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ: ਦਿੱਲੀ ਵਿੱਚ ਸਾਰੀਆਂ ਗੈਰ-ਕਾਨੂੰਨੀ ਤੌਰ ‘ਤੇ ਬਣੀਆਂ ਪੰਜਵੀਂ ਮੰਜ਼ਿਲ ਵਾਲੀਆਂ ਇਮਾਰਤਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਜਾਵੇ। ਨੇੜਲੇ ਸਾਰੇ ਪੀਜੀ ਅਤੇ ਬਹੁ-ਮੰਜ਼ਿਲਾ ਇਮਾਰਤਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ; ਕਿਸੇ ਵੀ ਉਲੰਘਣਾ ਦੇ ਪਾਏ ਜਾਣ ‘ਤੇ ਤੁਰੰਤ ਸੀਲ ਕਰ ਦਿੱਤਾ ਜਾਵੇਗਾ। ਹਾਦਸੇ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਐਮਸੀਡੀ ਅਧਿਕਾਰੀਆਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਉਪ ਰਾਜਪਾਲ (LG) ਨੇ ਸ਼ਾਮ 5:00 ਵਜੇ ਬੁਲਾਈ ਐਮਰਜੈਂਸੀ ਮੀਟਿੰਗ
ਸੱਤਿਆ ਨਿਕੇਤਨ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਦਿੱਲੀ ਦੇ ਉਪ ਰਾਜਪਾਲ (LG) ਤਰਨਜੀਤ ਸਿੰਘ ਸੰਧੂ ਨੇ ਅੱਜ ਸ਼ਾਮ 5:00 ਵਜੇ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਬੁਲਾਈ ਹੈ। ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਪੁਲਿਸ ਕਮਿਸ਼ਨਰ, ਐਮਸੀਡੀ, ਡੀਡੀਏ ਅਤੇ ਹੋਰ ਸਬੰਧਤ ਏਜੰਸੀਆਂ ਦੇ ਉੱਚ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਰਹਿਣਗੇ। ਉਮੀਦ ਹੈ ਕਿ ਐਲਜੀ ਇਮਾਰਤ ਦੀ ਸੁਰੱਖਿਆ ਅਤੇ ਗੈਰ-ਕਾਨੂੰਨੀ ਪੀਜੀ ‘ਤੇ ਕਾਰਵਾਈ ਸੰਬੰਧੀ ਕਈ ਵੱਡੇ ਨੀਤੀਗਤ ਫੈਸਲੇ ਲੈ ਸਕਦੇ ਹਨ।
DU ਦਾ ਸ੍ਰੀ ਵੈਂਕਟੇਸ਼ਵਰ ਕਾਲਜ ਬੰਦ, ਵਿਦਿਆਰਥੀਆਂ ਨੂੰ ਦਿੱਤੀ ਗਈ ਪਨਾਹ
ਦੁਰਘਟਨਾ ਤੋਂ ਬਾਅਦ ਸੱਤਿਆ ਨਿਕੇਤਨ ਖੇਤਰ ਵਿੱਚ ਕਈ ਪੇਇੰਗ ਗੈਸਟ (PG) ਰਿਹਾਇਸ਼ਾਂ ਬੰਦ ਹੋਣ ਅਤੇ ਵਿਦਿਆਰਥੀਆਂ ਵਿੱਚ ਅਸੁਰੱਖਿਆ ਦੀ ਵਿਆਪਕ ਭਾਵਨਾ ਦੇ ਕਾਰਨ, ਦਿੱਲੀ ਯੂਨੀਵਰਸਿਟੀ ਦੇ ਸ੍ਰੀ ਵੈਂਕਟੇਸ਼ਵਰ ਕਾਲਜ ਨੂੰ ਅੱਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕਾਲਜ ਪ੍ਰਸ਼ਾਸਨ ਨੇ ਪ੍ਰਭਾਵਿਤ ਅਤੇ ਬੇਘਰ ਵਿਦਿਆਰਥੀਆਂ ਨੂੰ ਅਸਥਾਈ ਤੌਰ ‘ਤੇ ਕਲਾਸਰੂਮ ਵਿੱਚ ਰਹਿਣ ਦੀ ਥਾਂ ਮੁਹੱਇਆ ਕਰਵਾਈ ਹੈ।


