PhD ਕਰਨ ਵਾਲਿਆਂ ਲਈ ਵੱਡਾ ਮੌਕਾ, 70 ਹਜ਼ਾਰ ਤੱਕ ਫੈਲੋਸ਼ਿਪ ਦੇ ਨਾਲ 10 ਲੱਖ ਦੀ ਇਨੋਵੇਸ਼ਨ ਗ੍ਰਾਂਟ
PhD fellowship: AICTE ਨੇ ਪੀਐਚਡੀ ਵਿਦਿਆਰਥੀਆਂ ਲਈ ਨਵੀਂ ਫੈਲੋਸ਼ਿਪ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੁਣੇ ਗਏ ਰਿਸਰਚਰਾਂ ਨੂੰ ਪੰਜ ਸਾਲਾਂ ਤੱਕ ਹਰ ਮਹੀਨੇ 60 ਤੋਂ 70 ਹਜ਼ਾਰ ਰੁਪਏ ਦੀ ਫੈਲੋਸ਼ਿਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦੀ ਇਨੋਵੇਸ਼ਨ ਗ੍ਰਾਂਟ ਵੀ ਮਿਲੇਗੀ।
ਪੀਐਚਡੀ ਕਰਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਅਖਿਲ ਭਾਰਤੀ ਤਕਨੀਕੀ ਸਿੱਖਿਆ ਕੌਂਸਲ (AICTE) ਨੇ ਰਿਸਰਚ ਨੂੰ ਇੰਡਸਟਰੀ ਅਤੇ ਸਟਾਰਟਅੱਪ ਨਾਲ ਜੋੜਨ ਲਈ ਇੱਕ ਨਵੀਂ ਫੈਲੋਸ਼ਿਪ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ ਚੁਣੇ ਗਏ ਰਿਸਰਚਰਾਂ ਨੂੰ ਪੰਜ ਸਾਲਾਂ ਤੱਕ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੂੰ ਪਹਿਲੇ ਤਿੰਨ ਸਾਲਾਂ ਦੌਰਾਨ ਹਰ ਮਹੀਨੇ 60 ਹਜ਼ਾਰ ਰੁਪਏ ਅਤੇ ਅਗਲੇ ਦੋ ਸਾਲਾਂ ਵਿੱਚ 70 ਹਜ਼ਾਰ ਰੁਪਏ ਦੀ ਫੈਲੋਸ਼ਿਪ ਮਿਲੇਗੀ। ਇਸ ਤੋਂ ਇਲਾਵਾ HRA ਅਤੇ ਇਨੋਵੇਸ਼ਨ ਨਾਲ ਜੁੜੇ ਕੰਮਾਂ ਲਈ 10 ਲੱਖ ਰੁਪਏ ਤੱਕ ਦੀ ਵੱਖਰੀ ਗ੍ਰਾਂਟ ਵੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਕੁੱਲ 150 ਪੀਐਚਡੀ ਫੈਲੋਸ਼ਿਪ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਪੰਜ ਸਾਲਾਂ ਤੱਕ ਮਿਲੇਗੀ ਫੈਲੋਸ਼ਿਪ
AICTE ਦੀ ਇਨੋਵੇਸ਼ਨ ਅਤੇ ਐਂਟਰਪ੍ਰਿਨਿਓਰਸ਼ਿਪ ਡਾਕਟੋਰਲ ਫੈਲੋਸ਼ਿਪ ਯੋਜਨਾ ਦਾ ਉਦੇਸ਼ ਅਜਿਹੀ ਰਿਸਰਚ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਦੀ ਵਰਤੋਂ ਅਸਲ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾ ਸਕੇ। ਇਸ ਪੰਜ ਸਾਲਾਂ ਦੇ ਪ੍ਰੋਗਰਾਮ ਲਈ 245 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ।
ਯੋਜਨਾ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ ਪਹਿਲੇ ਤਿੰਨ ਸਾਲਾਂ ਤੱਕ ਹਰ ਮਹੀਨੇ 60 ਹਜ਼ਾਰ ਰੁਪਏ ਅਤੇ ਚੌਥੇ-ਪੰਜਵੇਂ ਸਾਲ ਵਿੱਚ 70 ਹਜ਼ਾਰ ਰੁਪਏ ਮਿਲਣਗੇ। ਇਸ ਦੇ ਨਾਲ ਨਿਯਮਾਂ ਅਨੁਸਾਰ HRA ਵੀ ਦਿੱਤਾ ਜਾਵੇਗਾ। ਰਿਸਰਚ ਦੌਰਾਨ ਪ੍ਰੋਟੋਟਾਈਪ ਤਿਆਰ ਕਰਨ, ਟੈਸਟਿੰਗ, ਫੀਲਡ ਟ੍ਰਾਇਲ ਅਤੇ ਡਾਟਾ ਇਕੱਠਾ ਕਰਨ ਵਰਗੇ ਕੰਮਾਂ ਲਈ ਹਰੇਕ ਰਿਸਰਚਰ ਨੂੰ 10 ਲੱਖ ਰੁਪਏ ਤੱਕ ਦੀ ਇਨੋਵੇਸ਼ਨ ਗ੍ਰਾਂਟ ਵੀ ਮਿਲ ਸਕਦੀ ਹੈ।
ਇੰਡਸਟਰੀ ਅਤੇ ਸਟਾਰਟਅੱਪ ਨਾਲ ਕੰਮ ਕਰਨ ਦਾ ਮੌਕਾ
ਇਸ ਫੈਲੋਸ਼ਿਪ ਦੀ ਖਾਸ ਗੱਲ ਇਹ ਹੈ ਕਿ ਰਿਸਰਚਰਾਂ ਨੂੰ ਇੰਡਸਟਰੀ, ਸਟਾਰਟਅੱਪ, ਰਿਸਰਚ ਸੰਸਥਾਵਾਂ ਅਤੇ ਇਨਕਿਊਬੇਟਰਾਂ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ 6 ਤੋਂ 12 ਮਹੀਨਿਆਂ ਤੱਕ ਇੰਡਸਟਰੀਅਲ ਐਕਸਪੀਰੀਅੰਸ ਲੈਣ ਦਾ ਵਿਕਲਪ ਵੀ ਦਿੱਤਾ ਜਾਵੇਗਾ। ਇਸ ਦੌਰਾਨ ਵਿਦਿਆਰਥੀ ਰਿਸਰਚ ਐਂਡ ਡਿਵੈਲਪਮੈਂਟ, ਪ੍ਰੋਟੋਟਾਈਪ ਤਿਆਰ ਕਰਨ, ਟੈਸਟਿੰਗ ਅਤੇ ਵੈਰੀਫਿਕੇਸ਼ਨ ਵਰਗੇ ਕੰਮ ਕਰ ਸਕਣਗੇ।
ਯੋਜਨਾ ਵਿੱਚ ਤਕਨੀਕੀ ਦੇ ਨਾਲ-ਨਾਲ ਗੈਰ-ਤਕਨੀਕੀ ਖੇਤਰਾਂ ਵਿੱਚ ਵੀ ਮਲਟੀਡਿਸ਼ਪਲਿਨਰੀ ਰਿਸਰਚ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ ਹੈ। ਪੇਟੈਂਟ, ਪ੍ਰੋਟੋਟਾਈਪ, ਟੈਕਨਾਲੋਜੀ ਟ੍ਰਾਂਸਫਰ, ਸਟਾਰਟਅੱਪ ਅਤੇ ਬਾਜ਼ਾਰ ਵਿੱਚ ਵਰਤੇ ਜਾਣ ਵਾਲੇ ਨਵੇਂ ਪ੍ਰੋਡਕਟਾਂ ਤੇ ਜ਼ੋਰ ਰਹੇਗਾ।
ਇਹ ਵੀ ਪੜ੍ਹੋ
ਇਨ੍ਹਾਂ ਸੰਸਥਾਨਾਂ ਵਿੱਚ ਹੋ ਸਕੇਗੀ ਪੜ੍ਹਾਈ
NIRF ਦੀ ਟਾਪ-150 ਰੈਂਕਿੰਗ ਵਾਲੇ ਕਾਲਜ, ਇੰਸਟੀਚਿਊਟ ਆਫ਼ ਐਮਿਨੈਂਸ ਅਤੇ ਲੋੜੀਂਦੀਆਂ ਰਿਸਰਚ ਸਹੂਲਤਾਂ ਵਾਲੇ ਸੰਸਥਾਨ ਇਸ ਪ੍ਰੋਗਰਾਮ ਤਹਿਤ ਪੀਐਚਡੀ ਕਰਵਾ ਸਕਣਗੇ। AICTE ਦਾ ਟੀਚਾ ਰਿਸਰਚ ਨੂੰ ਰੋਜ਼ਗਾਰ, ਇੰਡਸਟਰੀ ਅਤੇ ਐਂਟਰਪ੍ਰਿਨਿਓਰਸ਼ਿਪ ਨਾਲ ਜੋੜਨਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਪ੍ਰੈਕਟੀਕਲ ਐਕਸਪੀਰੀਅੰਸ ਵੀ ਮਿਲੇਗਾ ਅਤੇ ਉਨ੍ਹਾਂ ਦੀ ਰਿਸਰਚ ਨੂੰ ਅਸਲ ਵਰਤੋਂ ਤੱਕ ਪਹੁੰਚਾਉਣ ਦੇ ਮੌਕੇ ਵਧਣਗੇ।


