Supreme Court ‘ਚ ਕੋਰੋਨਾ ਦਾ ਧਮਾਕਾ! ਪੰਜ ਜੱਜ ਸੰਕਰਮਿਤ, ਸਮਲਿੰਗੀ ਵਿਆਹ ‘ਤੇ ਸੁਣਵਾਈ ਮੁਲਤਵੀ
Supreme Court Judges Corona Positive: ਕੋਰੋਨਾ ਦੀ ਵੱਧਦੀ ਰਫ਼ਤਾਰ ਨੇ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੇਸ਼ ਵਿੱਚ 12000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ 42 ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਸੁਪਰੀਮ ਕੋਰਟ ਦੇ ਪੰਜ ਜੱਜ ਵੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ।
ਨਵੀਂ ਦਿੱਲੀ। ਦੇਸ਼ ‘ਚ ਇਕ ਵਾਰ ਫਿਰ ਕੋਰੋਨਾ (Corona) ਨੇ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ‘ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਵੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ।
ਇਸ ਦੌਰਾਨ ਖਬਰ ਹੈ ਕਿ ਸੁਪਰੀਮ ਕੋਰਟ (Supreme Court) ਦੇ ਪੰਜ ਜੱਜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਅਨੁਸਾਰ ਜਸਟਿਸ ਸੰਜੀਵ ਖੰਨਾ, ਜਸਟਿਸ ਐਸ ਰਵਿੰਦਰ ਭੱਟ, ਜਸਟਿਸ ਜੇਬੀ ਪਾਰਦੀਵਾਲਾ, ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਮਨੋਜ ਮਿਸ਼ਰਾ ਕੋਰੋਨਾ ਨਾਲ ਸੰਕਰਮਿਤ ਹੋਏ ਹਨ।
ਸਮਲਿੰਗੀ ਵਿਆਹ ਦੀ ਸੁਣਵਾਈ ਟਲੀ
ਇਨ੍ਹਾਂ ਜੱਜਾਂ ਦੇ ਕੋਰੋਨਾ ਸੰਕਰਮਿਤ ਹੋਣ ਕਾਰਨ ਸੋਮਵਾਰ ਨੂੰ ਸਮਲਿੰਗੀ ਵਿਆਹ (Same-Sex Marriage) ਦੀ ਸੁਣਵਾਈ ਫਿਲਹਾਲ ਲਈ ਟਾਲ ਦਿੱਤੀ ਗਈ ਹੈ। ਅਜਿਹਾ ਇਸ ਲਈ ਕਿਉਂਕਿ ਪੰਜ ਜੱਜਾਂ ਵਿੱਚੋਂ ਇੱਕ ਵੀ ਸਮਲਿੰਗੀ ਵਿਆਹ ਦੇ ਮਾਮਲੇ ਦੀ ਸੁਣਵਾਈ ਕਰਨ ਵਾਲੀ ਬੈਂਚ ਦਾ ਹਿੱਸਾ ਹੈ। ਦੱਸ ਦੇਈਏ ਕਿ ਜਸਟਿਸ ਐਸ ਰਵਿੰਦਰ ਭੱਟ ਸਮਲਿੰਗੀ ਵਿਆਹ ਮਾਮਲੇ ਵਿੱਚ ਸੰਵਿਧਾਨਕ ਬੈਂਚ ਦਾ ਹਿੱਸਾ ਹਨ।
ਦੇਸ਼ ‘ਚ 24 ਘੰਟਿਆਂ ‘ਚ 12193 ਨਵੇਂ ਮਾਮਲੇ, 42 ਦੀ ਮੌਤ
ਦੱਸ ਦੇਈਏ ਕਿ ਸ਼ਨੀਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 12,193 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਕਾਰਨ 42 ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 67,556 ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5,31,300 ਹੋ ਗਈ ਹੈ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ 10,765 ਲੋਕ ਕੋਰੋਨਾ ਤੋਂ ਠੀਕ ਹੋਏ ਹਨ।
ਦਿੱਲੀ ਵਿੱਚ 1515 ਨਵੇਂ ਮਾਮਲੇ, 6 ਮੌਤਾਂ
ਸ਼ਨੀਵਾਰ ਨੂੰ ਦਿੱਲੀ (Delhi) ‘ਚ ਕੋਰੋਨਾ ਦੇ 1515 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ ਸੰਕਰਮਿਤਾਂ ਦੀ ਗਿਣਤੀ 20,32,424 ਹੋ ਗਈ ਹੈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਕੁੱਲ ਗਿਣਤੀ 26,595 ਹੋ ਗਈ ਹੈ। ਦਿੱਲੀ ਵਿੱਚ ਕੋਰੋਨਾ ਸੰਕਰਮਣ ਦੀ ਦਰ 26.46 ਫੀਸਦੀ ਦਰਜ ਕੀਤੀ ਗਈ ਹੈ। ਦਿੱਲੀ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 6,271 ਹੈ।