ਭੋਪਾਲ ‘ਚ ਮਿਲੀ ਕਾਲੇ ਹਿਰਨ ਦੀ ਲਾਸ਼, ਸ਼ਰੀਰ ‘ਤੇ ਮਿਲੇ ਸੱਟਾਂ ਦੇ ਨਿਸ਼ਾਨ; ਕਿਵੇਂ ਹੋਈ ਮੌਤ?
Black Buck Body Found in Bhopal: ਭੋਪਾਲ 'ਚ ਕਾਲੇ ਹਿਰਨ ਦੀ ਲਾਸ਼ ਮਿਲੀ ਹੈ। ਹਿਰਨ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਿਰਨ ਦਾ ਸ਼ਿਕਾਰ ਕੀਤਾ ਗਿਆ ਹੈ। ਹਾਲਾਂਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਸਥਿਤੀ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਕਾਲੇ ਹਿਰਨ ਦੀ ਲਾਸ਼ ਮਿਲੀ ਹੈ। ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਹਿਰਨ ਦਾ ਸ਼ਿਕਾਰ ਕੀਤਾ ਗਿਆ ਹੈ ਜਾਂ ਇਸ ਦੀ ਕੁਦਰਤੀ ਮੌਤ ਹੋਈ ਹੈ। ਫਿਲਹਾਲ ਜੰਗਲਾਤ ਵਿਭਾਗ ਦੀ ਟੀਮ ਨੇ ਕਾਲਾ ਹਿਰਨ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਾਜਧਾਨੀ ਦੇ ਪਸ਼ੂ ਹਸਪਤਾਲ ‘ਚ ਰਖਵਾਇਆ ਹੈ। ਮਾਮਲਾ ਭੋਪਾਲ ਦੇ ਖਜੂਰੀ ਰੋਡ ਥਾਣਾ ਖੇਤਰ ਦਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਹਿਰਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਡੀਐਫਓ ਲੋਕਪ੍ਰਿਯਾ ਭਾਰਤੀ ਨੇ ਇਸ ਹਿਰਨ ਦੀ ਪਛਾਣ ਕ੍ਰਿਸ਼ਨ ਮੱਰਗ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਕਾਲਾ ਹਿਰਨ ਜਾਂ ਬਲੈਕ ਬਕ ਵੀ ਕਿਹਾ ਜਾਂਦਾ ਹੈ। ਇਹ ਹਿਰਨ ਪਿੰਡ ਬਰਖੇੜਾ ਸਾਲਨ ਨੇੜੇ ਇੱਕ ਖੇਤ ਵਿੱਚ ਮਿਲਿਆ ਸੀ। ਇਹ ਇਲਾਕਾ ਜੰਗਲੀ ਖੇਤਰ ਨਹੀਂ ਹੈ। ਖੇਤ ਵਿੱਚ ਕਾਲੇ ਹਿਰਨ ਦੀ ਲਾਸ਼ ਦੇਖ ਕੇ ਕਿਸਾਨ ਨੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀਐਫਓ ਨੇ ਇਸ ਹਿਰਨ ਦੇ ਸ਼ਿਕਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਗੋਲੀ ਦੇ ਨਿਸ਼ਾਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।
ਸ਼ਿਕਾਰ ਹੋਣ ਦੀ ਵੀ ਸੰਭਾਵਨਾ
ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ‘ਚ ਹੀ ਸਭ ਕੁਝ ਸਪੱਸ਼ਟ ਹੋ ਸਕੇਗਾ। ਡੀਐਫਓ ਭਾਰਤੀ ਅਨੁਸਾਰ ਹਿਰਨ ਦੀ ਲਾਸ਼ ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਸੱਟਾਂ ਸ਼ਿਕਾਰ ਕਰਕੇ ਜਾਂ ਫੇਰ ਡਿੱਗਣ ਨਾਲ ਲੱਗੀਆਂ ਹਨ। ਇਸ ਲਈ ਜੰਗਲਾਤ ਵਿਭਾਗ ਦੀ ਟੀਮ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਵਾਈਲਡ ਲਾਈਫ ਮੈਨੂਅਲ ਅਨੁਸਾਰ ਹਿਰਨ ਦਾ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕ ਅਕਸਰ ਤਸਕਰੀ ਲਈ ਕਾਲੇ ਹਿਰਨ ਦਾ ਸ਼ਿਕਾਰ ਕਰਦੇ ਹਨ।
ਬਿਸ਼ਨੋਈ ਭਾਈਚਾਰੇ ਲਈ ਪੂਜਨਯੋਗ ਹਾ ਕਾਲਾ ਹਿਰਨ
ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਨੂੰ ਬਹੁਤ ਸਨਮਾਨਿਤ ਮੰਨਦਾ ਹੈ। ਇਸ ਸਮਾਜ ਵਿੱਚ ਕਾਲੇ ਹਿਰਨ ਨੂੰ ਮਾਵਾਂ ਆਪਣਾ ਦੁੱਧ ਪਿਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਇਸ ਸਮੇਂ ਕਾਲੇ ਹਿਰਨ ਦੇ ਸ਼ਿਕਾਰ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਦੇਸ਼ ਦੇ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਵਿਚਾਲੇ ਦੁਸ਼ਮਣੀ ਚੱਲ ਰਹੀ ਹੈ। ਲਾਰੈਂਸ ਨੇ ਕਈ ਵਾਰ ਸਲਮਾਨ ਖਾਨ ਨੂੰ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਹਾਲਾਂਕਿ ਉਹ ਹੁਣ ਤੱਕ ਇਸ ਤੋਂ ਬਚਦੇ ਰਹੇ ਹਨ। ਹਾਲ ਹੀ ‘ਚ ਲਾਰੈਂਸ ਨੇ ਆਪਣੇ ਸ਼ੂਟਰਾਂ ਰਾਹੀਂ ਮਹਾਰਾਸ਼ਟਰ ‘ਚ ਸਲਮਾਨ ਦੇ ਕਰੀਬੀ ਅਤੇ NCP ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਕਰਵਾਈ ਸੀ।