ਭਾਜਪਾ ਨੇ ਦੱਖਣ ਤੋਂ ਹੀ ਕਿਉਂ ਚੁਣਿਆ ਉਪ ਰਾਸ਼ਟਰਪਤੀ ਉਮੀਦਵਾਰ? ਜਾਣੋ ਸਿਆਸੀ ਗਣਿਤ
C. P. Radhakrishnan: ਭਾਜਪਾ ਨੇ ਦੱਖਣ ਤੋਂ ਉਮੀਦਵਾਰ ਚੁਣ ਕੇ ਖੇਤਰੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉੱਤਰ ਤੇ ਦੱਖਣ ਵਿਚਕਾਰ ਰਾਜਨੀਤਿਕ ਸਮੀਕਰਨ ਸੰਤੁਲਿਤ ਕੀਤਾ ਜਾ ਸਕੇ। ਤਾਮਿਲਨਾਡੂ ਦੇ ਸੀਪੀ ਰਾਧਾਕ੍ਰਿਸ਼ਨਨ ਨੂੰ ਚੁਣ ਕੇ, ਭਾਜਪਾ ਨੇ ਦੱਖਣ 'ਚ ਆਪਣੀ ਪਹੁੰਚ ਵਧਾਉਣ, ਓਬੀਸੀ ਵੋਟ ਬੈਂਕ ਨੂੰ ਨਿਸ਼ਾਨਾ ਬਣਾਉਣ ਤੇ ਗੱਠਜੋੜ ਦੀ ਏਕਤਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਪ੍ਰਭਾਵ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਦੇਖਿਆ ਜਾ ਸਕਦਾ ਹੈ।
ਐਨਡੀਏ ਨੇ ਉਪ ਰਾਸ਼ਟਰਪਤੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ, ਕਈ ਨਾਵਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਭਾਜਪਾ ਨੇ ਰਾਧਾਕ੍ਰਿਸ਼ਨਨ ਦੇ ਨਾਮ ਦਾ ਐਲਾਨ ਕਰਕੇ ਉਨ੍ਹਾਂ ਸਾਰੀਆਂ ਅਟਕਲਾਂ ‘ਤੇ ਰੋਕ ਲਗਾ ਦਿੱਤੀ। ਅਜਿਹੀ ਸਥਿਤੀ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਜਪਾ ਨੇ ਦੱਖਣ ਤੋਂ ਉਪ ਰਾਸ਼ਟਰਪਤੀ ਉਮੀਦਵਾਰ ਕਿਉਂ ਚੁਣਿਆ?
ਸੀਪੀ ਰਾਧਾਕ੍ਰਿਸ਼ਨਨ ਦਾ ਕੁਨੈਕਸ਼ਨ
ਸੀਪੀ ਰਾਧਾਕ੍ਰਿਸ਼ਨਨ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਹਨ ਤੇ ਉਹ ਗਾਉਂਡਰ ਯਾਨੀ ਕਿ ਓਬੀਸੀ ਭਾਈਚਾਰੇ ਤੋਂ ਆਉਂਦੇ ਹਨ। ਅਗਲੇ ਸਾਲ ਇੱਥੇ ਵਿਧਾਨ ਸਭਾ ਚੋਣਾਂ ਹਨ। ਅਜਿਹੀ ਸਥਿਤੀ ‘ਚ ਭਾਜਪਾ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕਰਕੇ ਇੱਕ ਵੱਡਾ ਜੂਆ ਖੇਡਿਆ ਹੈ। ਦਰਅਸਲ, ਭਾਜਪਾ ਦੱਖਣੀ ਰਾਜਾਂ ‘ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਤੇ ਇਸ ਦੀ ਸ਼ੁਰੂਆਤ ਤਾਮਿਲਨਾਡੂ ਤੋਂ ਕਰਨਾ ਚਾਹੁੰਦੀ ਹੈ ਕਿਉਂਕਿ ਅਗਲੇ ਸਾਲ ਅਪ੍ਰੈਲ-ਮਈ ‘ਚ ਇੱਥੇ ਵਿਧਾਨ ਸਭਾ ਚੋਣਾਂ ਹਨ ਤੇ ਭਾਜਪਾ ਨੂੰ ਅਜੇ ਤੱਕ ਇੱਥੇ ਫੈਸਲਾਕੁੰਨ ਸਫਲਤਾ ਨਹੀਂ ਮਿਲੀ ਹੈ। ਰਾਧਾਕ੍ਰਿਸ਼ਨਨ ਦਾ ਲੰਮਾ ਰਾਜਨੀਤਿਕ ਤਜਰਬਾ ਹੈ।
ਉਹ ਕੋਇੰਬਟੂਰ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਹਨ। ਇਸ ਤੋਂ ਇਲਾਵਾ, ਉਹ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਹਨ ਤੇ ਵਰਤਮਾਨ ‘ਚ ਮਹਾਰਾਸ਼ਟਰ ਦੇ ਰਾਜਪਾਲ ਹਨ। ਉਨ੍ਹਾਂ ਦਾ ਸੰਘ ‘ਚ ਡੂੰਘਾ ਪ੍ਰਭਾਵ ਹੈ ਤੇ ਇਹੀ ਗੱਲ ਭਾਜਪਾ ਤੇ ਸੰਘ ਵਿਚਕਾਰ ਸਦਭਾਵਨਾ ਨੂੰ ਮਜ਼ਬੂਤ ਕਰਦੀ ਹੈ। ਹਾਲ ਹੀ ਦੇ ਸਾਲਾਂ ‘ਚ ਭਾਜਪਾ ਨੇ ਦੱਖਣੀ ਭਾਰਤ, ਖਾਸ ਕਰਕੇ ਕਰਨਾਟਕ ਤੇ ਤੇਲੰਗਾਨਾ ‘ਚ ਆਪਣੀ ਮੌਜੂਦਗੀ ਵਧਾਉਣ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਹੈ। ਕਰਨਾਟਕ ਦੱਖਣੀ ਭਾਰਤ ਦਾ ਇੱਕੋ ਇੱਕ ਰਾਜ ਹੈ, ਜਿੱਥੇ ਭਾਜਪਾ ਸੱਤਾ ‘ਚ ਰਹੀ ਹੈ, ਪਰ ਤਾਮਿਲਨਾਡੂ ਤੇ ਕੇਰਲ ‘ਚ ਇਸਦਾ ਪ੍ਰਭਾਵ ਸੀਮਤ ਰਿਹਾ ਹੈ। ਇਹ ਇਸ ਲਈ ਹੈ ਕਿਉਂਕਿ ਇਸ ਦੀ ਹਿੰਦੂਤਵ ਵਿਚਾਰਧਾਰਾ ਤਾਮਿਲ ਪਛਾਣ ਤੇ ਦ੍ਰਾਵਿੜ ਭਾਵਨਾਵਾਂ ਨਾਲ ਟਕਰਾਉਂਦੀ ਹੈ।
ਤਾਮਿਲਨਾਡੂ ‘ਚ ਪੈਰ ਜਮਾਉਣ ਦੀ ਕੋਸ਼ਿਸ਼
ਭਾਜਪਾ ਨੇ ਏਆਈਏਡੀਐਮਕੇ ਤੇ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਕੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਨੂੰ ਫੈਸਲਾਕੁੰਨ ਸਫਲਤਾ ਨਹੀਂ ਮਿਲੀ ਹੈ। ਅਜਿਹੀ ਸਥਿਤੀ ‘ਚ ਤਾਮਿਲਨਾਡੂ ‘ਚ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਸੀਪੀ ਰਾਧਾਕ੍ਰਿਸ਼ਨਨ ਦੀ ਚੋਣ ਦੱਖਣ ‘ਚ ਪੈਰ ਜਮਾਉਣ ਦੀ ਕੋਸ਼ਿਸ਼ ਹੈ। 1967 ਤੋਂ, ਤਾਮਿਲਨਾਡੂ ‘ਚ ਸਿਰਫ ਡੀਐਮਕੇ ਤੇ ਏਆਈਏਡੀਐਮਕੇ ਹੀ ਸੱਤਾ ‘ਚ ਰਹੇ ਹਨ।
ਭਾਜਪਾ ਨੂੰ 5 ਸਾਲਾਂ ‘ਚ ਵੋਟਾਂ ‘ਚ 8% ਵਾਧਾ
2019 ਤੇ 2024 ਦੀਆਂ ਲੋਕ ਸਭਾ ਚੋਣਾਂ ‘ਚ ਡੀਐਮਕੇ-ਕਾਂਗਰਸ ਗੱਠਜੋੜ ਨੇ ਤਾਮਿਲਨਾਡੂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਤਾਮਿਲਨਾਡੂ ਦੀਆਂ ਕੁਝ ਸੀਟਾਂ ‘ਤੇ ਬਿਹਤਰ ਪ੍ਰਦਰਸ਼ਨ ਕੀਤਾ, ਪਰ ਇਹ ਡੀਐਮਕੇ ਤੇ ਏਆਈਏਡੀਐਮਕੇ ਨਾਲੋਂ ਬਹੁਤ ਘੱਟ ਹੈ। ਜੇਕਰ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ 11.24 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂ ਕਿ ਡੀਐਮਕੇ ਨੂੰ 26.93% ਤੇ ਏਡੀਐਮਕੇ ਨੂੰ 20.46 ਪ੍ਰਤੀਸ਼ਤ ਵੋਟਾਂ ਮਿਲੀਆਂ। ਡੀਐਮਕੇ ਨੇ 22 ਸੀਟਾਂ ਜਿੱਤੀਆਂ। ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ‘ਚ ਡੀਐਮਕੇ ਨੂੰ 33.2%, ਏਆਈਏਡੀਐਮਕੇ ਨੂੰ 18.7% ਮਿਲੇ ਸਨ, ਜਦੋਂ ਕਿ ਭਾਜਪਾ ਨੂੰ 3.7 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ। ਕੁੱਲ ਮਿਲਾ ਕੇ, 2024 ‘ਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਲਗਭਗ 8 ਪ੍ਰਤੀਸ਼ਤ ਵਧੀ ਹੈ। ਇਸ ਲਈ, ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਬਹੁਤ ਉਮੀਦਾਂ ਹਨ।
ਇਹ ਵੀ ਪੜ੍ਹੋ
2026 ਵਿਧਾਨ ਸਭਾ ਚੋਣਾਂ ਮਹੱਤਵਪੂਰਨ
ਡੀਐਮਕੇ ਨੇ ਕਾਂਗਰਸ, ਲੈਫਟ ਤੇ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਬਣਾ ਕੇ 2019 ਤੇ 2024 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ। ਏਆਈਏਡੀਐਮਕੇ ਨੇ ਭਾਜਪਾ ਤੇ ਪੀਐਮਕੇ ਵਰਗੀਆਂ ਪਾਰਟੀਆਂ ਨਾਲ ਗੱਠਜੋੜ ਬਣਾਇਆ, ਪਰ 2024 ‘ਚ ਗੱਠਜੋੜ ਟੁੱਟਣ ਤੋਂ ਬਾਅਦ ਇਸ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ। ਅਗਲੇ ਸਾਲ ਦੀਆਂ ਚੋਣਾਂ ਤਾਮਿਲਨਾਡੂ ਦੀ ਰਾਜਨੀਤੀ ਲਈ ਮਹੱਤਵਪੂਰਨ ਹਨ ਕਿਉਂਕਿ ਡੀਐਮਕੇ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ, ਜਦੋਂ ਕਿ ਏਆਈਏਡੀਐਮਕੇ ਤੇ ਭਾਜਪਾ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਹਾਲਾਂਕਿ, ਤਾਮਿਲ ਪਛਾਣ ਤੇ ਦ੍ਰਾਵਿੜ ਵਿਚਾਰਧਾਰਾ ਇਸ ਦੇ ਲਈ ਚੁਣੌਤੀਆਂ ਹਨ।
ਇਸ ਦੇ ਦੁਆਲੇ ਘੁੰਮਦੀ ਦੱਖਣੀ ਰਾਜਨੀਤੀ
ਦੱਖਣੀ ਭਾਰਤ ਦੀ ਰਾਜਨੀਤੀ ਖੇਤਰੀ ਪਛਾਣ, ਭਾਸ਼ਾ, ਜਾਤੀ ਤੇ ਵਿਕਾਸ ਦੇ ਦੁਆਲੇ ਘੁੰਮਦੀ ਹੈ। ਤਾਮਿਲਨਾਡੂ ‘ਚ ਡੀਐਮਕੇ ਤੇ ਏਆਈਏਡੀਐਮਕੇ ਵਰਗੀਆਂ ਪਾਰਟੀਆਂ ਤਾਮਿਲ ਭਾਸ਼ਾ ਤੇ ਸੱਭਿਆਚਾਰ ‘ਤੇ ਜ਼ੋਰ ਦਿੰਦੀਆਂ ਹਨ। ਹਿੰਦੀ ਵਿਰੋਧੀ ਭਾਵਨਾਵਾਂ ਭਾਜਪਾ ਲਈ ਇੱਕ ਚੁਣੌਤੀ ਰਹੀਆਂ ਹਨ, ਖਾਸ ਕਰਕੇ ਤਾਮਿਲਨਾਡੂ ਤੇ ਕਰਨਾਟਕ ‘ਚ ਭਾਜਪਾ ਲਈ ਚੁਣੌਤੀ ਰਹੀ ਹੈ। ਤਾਮਿਲਨਾਡੂ ‘ਚ ਵੰਨਿਆਰ, ਥੇਵਰ ਤੇ ਗਾਉਂਡਰ (ਓਬੀਸੀ ਭਾਈਚਾਰੇ), ਕਰਨਾਟਕ ‘ਚ ਲਿੰਗਾਇਤ ਤੇ ਵੋਕਾਲਿਗਾ ਤੇ ਆਂਧਰਾ ਪ੍ਰਦੇਸ਼ ‘ਚ ਕੱਮਾ ਤੇ ਰੈਡੀ ਭਾਈਚਾਰੇ ਵਰਗੀਆਂ ਜਾਤੀਆਂ ਪ੍ਰਭਾਵਸ਼ਾਲੀ ਹਨ। ਖੇਤਰੀ ਪਾਰਟੀਆਂ ਇਨ੍ਹਾਂ ਜਾਤੀ ਸਮੀਕਰਨਾਂ ਨੂੰ ਸੰਭਾਲਣ ‘ਚ ਮਾਹਰ ਹਨ। ਪਰ ਭਾਜਪਾ ਵਰਗੀਆਂ ਰਾਸ਼ਟਰੀ ਪਾਰਟੀਆਂ ਹੌਲੀ-ਹੌਲੀ ਆਪਣਾ ਪ੍ਰਭਾਵ ਵਧਾ ਰਹੀਆਂ ਹਨ।


