ਏਅਰ ਇੰਡੀਆ ਦੇ ਜਹਾਜ਼ ‘ਚ ਬੰਬ ਦੀ ਧਮਕੀ, ਥਾਈਲੈਂਡ ਵਿੱਚ ਐਮਰਜੈਂਸੀ ਲੈਂਡਿੰਗ
Air India Plane Emergency Landing: ਸ਼ੁੱਕਰਵਾਰ ਨੂੰ, ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI 379 ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਥਾਈਲੈਂਡ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਵੇਲੇ ਸਾਰੇ ਯਾਤਰੀ ਸੁਰੱਖਿਅਤ ਹਨ।

ਸ਼ੁੱਕਰਵਾਰ ਨੂੰ, ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI 379 ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਥਾਈਲੈਂਡ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਉਡਾਣ ‘ਤੇ ਸਵਾਰ ਸਾਰੇ 156 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੰਡੇਮਾਨ ਸਾਗਰ ਦੇ ਉੱਪਰ ਚੱਕਰ ਲਗਾਉਣ ਤੋਂ ਬਾਅਦ ਜਹਾਜ਼ ਫੁਕੇਟ ਹਵਾਈ ਅੱਡੇ ‘ਤੇ ਵਾਪਸ ਉਤਰਿਆ। ਧਮਕੀ ਦੇਣ ਵਾਲੇ ਵਿਅਕਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ AI 379 ਲੈਂਡ ਹੋ ਗਈ ਹੈ ਅਤੇ ਹਵਾਈ ਅੱਡਾ ਐਮਰਜੈਂਸੀ ਸੇਵਾ ਨਾਲ ਅੱਗੇ ਕੰਮ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਥਾਈ ਟਾਪੂ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਸ਼ੁੱਕਰਵਾਰ ਨੂੰ ਬੰਬ ਦੀ ਧਮਕੀ ਮਿਲੀ ਸੀ। ਜਿਵੇਂ ਹੀ ਇਹ ਜਾਣਕਾਰੀ ਮਿਲੀ, ਤੁਰੰਤ ਐਮਰਜੈਂਸੀ ਲੈਂਡਿੰਗ ਕੀਤੀ ਗਈ।
ਲੈਂਡਿੰਗ ਤੋਂ ਤੁਰੰਤ ਬਾਅਦ, ਸੁਰੱਖਿਆ ਕਾਰਨਾਂ ਕਰਕੇ ਫਲਾਈਟ ਵਿੱਚ ਮੌਜੂਦ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਨਾਲ ਹੀ, ਪੂਰੇ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਫਲਾਈਟ ਸ਼ੁੱਕਰਵਾਰ ਸਵੇਰੇ 9:30 (0230) ਵਜੇ ਫੁਕੇਟ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰੀ ਸੀ। ਪਰ ਅੰਡੇਮਾਨ ਸਾਗਰ ਦੇ ਨੇੜੇ ਧਮਕੀ ਮਿਲਣ ਤੋਂ ਬਾਅਦ ਇਸਨੂੰ ਵਾਪਸ ਲੈਂਡ ਕਰਵਾਇਆ ਗਿਆ।
ਈਰਾਨ-ਇਜ਼ਰਾਇਲ ਜੰਗ ਕਾਰਨ ਵਾਪਸ ਪਰਤੀ ਉਡਾਣ
ਇਜ਼ਰਾਇਲ ਵੱਲੋਂ ਈਰਾਨ ‘ਤੇ ਹਮਲੇ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਇਹੀ ਕਾਰਨ ਹੈ ਕਿ ਭਾਰਤ ਤੋਂ ਜਾਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੀਆਂ ਰਾਜਧਾਨੀ ਦਿੱਲੀ ਵਾਪਸ ਆ ਰਹੀਆਂ ਹਨ। ਇਨ੍ਹਾਂ ਬਾਰੇ ਵੀ, ਏਅਰ ਇੰਡੀਆ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ, ਇਸ ਨੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ।
ਇੱਕ ਦਿਨ ਪਹਿਲਾਂ ਅਹਿਮਦਾਬਾਦ ਵਿੱਚ ਹੋਇਆ ਸੀ ਵੱਡਾ ਹਾਦਸਾ
ਏਅਰ ਇੰਡੀਆ ਦੀ ਇਸ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਇੱਕ ਦਿਨ ਪਹਿਲਾਂ, ਅਹਿਮਦਾਬਾਦ ਵਿੱਚ ਵੱਡਾ ਹਾਦਸਾ ਹੋਇਆ ਸੀ। ਇੱਥੇ ਇੱਕ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿਸ ਵਿੱਚ 260 ਤੋਂ ਵੱਧ ਲੋਕ ਮਾਰੇ ਗਏ ਸਨ। ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਕਰੈਸ਼ ਹੋ ਗਿਆ। ਇਸ ਘਟਨਾ ਤੋਂ ਬਾਅਦ, ਏਅਰ ਇੰਡੀਆ ਦੀ ਇੱਕ ਹੋਰ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਸਾਰਿਆਂ ਨੂੰ ਚਿੰਤਤ ਕਰ ਦਿੱਤਾ ਹੈ।