Breast Cancer: ਹਰ ਮਿੰਟ ਇੱਕ ਔਰਤ ਦੀ ਇਸ ਕੈਂਸਰ ਨਾਲ ਹੋ ਰਹੀ ਮੌਤ, WHO ਦੀ ਰਿਪੋਰਟ ਵਿੱਚ ਖੁਲਾਸਾ
Breast Cancer Cases Increasing in World: ਹਰ ਮਿੰਟ ਇੱਕ ਔਰਤ ਦੀ ਬ੍ਰੈਸਟ ਕੈਂਸਰ ਨਾਲ ਮੌਤ ਹੋ ਰਹੀ ਹੈ। ਇਹ ਅੰਕੜਾ ਡਰਾਉਣ ਵਾਲਾ ਜ਼ਰੂਰ ਹੈ, ਪਰ ਇਸਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਔਰਤਾਂ ਇਸ ਬਿਮਾਰੀ ਨੂੰ ਲੈ ਕੇ ਜਾਗਰੂਕ ਰਹਿਣ। ਸਹੀ ਸਮੇਂ 'ਤੇ ਟੈਸਟ ਕਰਵਾ ਕੇ ਅਤੇ ਲਾਈਫਸਟਾਈਲ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਇਸ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਬ੍ਰੈਸਟ ਕੈਂਸਰ ਅਤੇ ਇਸ ਕਾਰਨ ਹੋਣ ਵਾਲੀਆਂ ਮਰੀਜ਼ਾਂ ਦੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਇੱਕ ਤਾਜ਼ਾ ਰਿਪੋਰਟ ਦੇ ਆਧਾਰ ‘ਤੇ ਬ੍ਰੈਸਟ ਕੈਂਸਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ। WHO ਦੀ ਕੈਂਸਰ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਨਾਲ ਹੋਰ ਮੌਤਾਂ ਹੋਣਗੀਆਂ। ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਦੁਨੀਆ ਵਿੱਚ ਹਰ ਮਿੰਟ ਇੱਕ ਔਰਤ ਬ੍ਰੈਸਟ ਕੈਂਸਰ ਨਾਲ ਮਰ ਰਹੀ ਹੈ। WHO ਨੇ ਇਸਦੇ ਕਈ ਕਾਰਨ ਵੀ ਦੱਸੇ ਹਨ। ਇਸ ਵਿੱਚ ਕਈ ਕਾਰਨ ਦੱਸੇ ਗਏ ਹਨ ਜਿਨ੍ਹਾਂ ਵਿੱਚ ਅਣਹੈਲਦੀ ਖਾਣ-ਪੀਣ ਦੀਆਂ ਆਦਤਾਂ, ਬਦਲਦਾ ਲਾਈਫਸਟਾਈਲ ਅਤੇ ਵਧਦੀ ਉਮਰ ਸਮੇਤ ਕਈ ਸਮੱਸਿਆਵਾਂ ਸ਼ਾਮਲ ਹਨ।
WHO ਦੀ ਕੈਂਸਰ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਦੀ ਇਹ ਰਿਪੋਰਟ ਜਰਨਲ ਨੇਚਰ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਈ ਹੈ। ਇੱਕ ਨਵੀਂ ਰਿਪੋਰਟ ਵਿੱਚ ਬ੍ਰੈਸਟ ਕੈਂਸਰ ਦੇ ਵੱਧ ਰਹੇ ਮਾਮਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ।
ਬ੍ਰੈਸਟ ਕੈਂਸਰ ਦੇ ਅੰਕੜੇ
ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਏਜੰਸੀ ਅਤੇ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (IARC) ਨੇ ਕਿਹਾ ਹੈ ਕਿ 2050 ਤੱਕ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਦੇ ਨਿਦਾਨ ਅਤੇ ਮੌਤਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ। IARC ਦੇ ਇੱਕ ਅਧਿਐਨ ਦੇ ਅਨੁਸਾਰ, 2022 ਵਿੱਚ, ਦੁਨੀਆ ਭਰ ਵਿੱਚ ਲਗਭਗ 2.3 ਮਿਲੀਅਨ ਔਰਤਾਂ ਦਾ ਬ੍ਰੈਸਟ ਕੈਂਸਰ ਦਾ ਇਲਾਜ ਕੀਤਾ ਗਿਆ ਸੀ। ਜਿਸ ਵਿੱਚ 6,70,000 ਔਰਤਾਂ ਦੀ ਮੌਤ ਹੋ ਗਈ ਸੀ।
WHO ਨੇ ਕਿਹਾ ਕਿ ਅਗਲੇ 25 ਸਾਲਾਂ ਵਿੱਚ, ਇਸ ਖ਼ਤਰਨਾਕ ਬਿਮਾਰੀ ਦੇ ਮਾਮਲਿਆਂ ਵਿੱਚ 38 ਪ੍ਰਤੀਸ਼ਤ ਵਾਧਾ ਅਤੇ ਮੌਤਾਂ ਵਿੱਚ 68 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ। ਨਵੇਂ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਬਿਮਾਰੀ ਇਸੇ ਦਰ ਨਾਲ ਫੈਲਦੀ ਰਹੀ, ਤਾਂ 2050 ਤੱਕ ਹਰ ਸਾਲ ਦੁਨੀਆ ਭਰ ਵਿੱਚ 3.2 ਮਿਲੀਅਨ ਨਵੇਂ ਕੇਸ ਅਤੇ 1.1 ਮਿਲੀਅਨ ਮੌਤਾਂ ਹੋਣਗੀਆਂ।
ਆਉਣ ਵਾਲੇ ਸਮੇਂ ਵਿੱਚ ਹੋਰ ਮੌਤਾਂ ਹੋਣ ਦੀ ਉਮੀਦ
ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਦੁਨੀਆ ਭਰ ਵਿੱਚ ਬ੍ਰੈਸਟ ਕੈਂਸਰ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਕਾਫ਼ੀ ਵਾਧਾ ਹੋਵੇਗਾ। ਇਸਦਾ ਪ੍ਰਭਾਵ ਖਾਸ ਕਰਕੇ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ‘ਤੇ ਵਧੇਰੇ ਦਿਖਾਈ ਦੇਵੇਗਾ। IARC ਦੇ ਵਿਗਿਆਨੀ ਡਾ: ਜੋਨ ਕਿਮ ਨੇ ਕਿਹਾ: ਹਰ ਮਿੰਟ, ਦੁਨੀਆ ਭਰ ਵਿੱਚ ਚਾਰ ਔਰਤਾਂ ਦਾ ਬ੍ਰੈਸਟ ਕੈਂਸਰ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇੱਕ ਔਰਤ ਦੀ ਇਸ ਬਿਮਾਰੀ ਨਾਲ ਮੌਤ ਹੋ ਰਹੀ ਹੈ।