ਮੂਸੇਵਾਲਾ ਦੇ ਘਰ ਆਵੇਗਾ ਨੰਨ੍ਹਾ ਮਹਿਮਾਨ, ਮਾਂ ਚਰਨ ਕੌਰ IVF ਤਕਨੀਕ ਨਾਲ ਦੇਵੇਗੀ ਬੱਚੇ ਨੂੰ ਜਨਮ
Sidhu Mosewala: ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਤੋਂ ਖੁਸ਼ੀਆਂ ਆਉਣਗੀਆਂ। ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਸਿੱਧੂ ਦੇ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਆ ਸਕਦਾ ਹੈ। ਦਰਅਸਲ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੈ। ਉਹਨਾਂ ਨੇ IVF ਤਕਨੀਕ ਦਾ ਸਹਾਰਾ ਲਿਆ ਹੈ।

ਮਰਹੂਮ ਸਿੰਗਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ‘ਚ ਅਗਲੇ ਮਹੀਨੇ ਮਾਰਚ ‘ਚ ਖੁਸ਼ੀਆਂ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਖ਼ਬਰ ਹੈ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਗਰਭਵਤੀ ਹੋਣ ਹਨ ਅਤੇ ਉਹ ਅਗਲੇ ਮਹੀਨੇ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ। ਬੱਚੇ ਦੇ ਜਨਮ ਲਈ ਉਨ੍ਹਾਂ ਨੇ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਨੂੰ ਅਪਣਾਇਆ ਹੈ। ਇਸ ਗੱਲ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ।
ਸਿੱਧੂ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸਨ। ਉਨ੍ਹਾਂ ਦੇ ਕਤਲ ਤੋਂ ਬਾਅਦ ਮਾਂ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ ਸਨ। ਅਜਿਹੀ ਸਥਿਤੀ ਵਿੱਚ, ਚਰਨ ਕੌਰ ਆਈਵੀਐਫ ਤਕਨੀਕ ਦੀ ਮਦਦ ਨਾਲ ਦੁਬਾਰਾ ਗਰਭਵਤੀ ਹੋਣ ਦਾ ਫੈਸਲਾ ਲਿਆ। ਇਸੀ ਕਾਰਨ ਚਰਨ ਕੌਰ ਪਿਛਲੇ 3-4 ਮਹੀਨਿਆਂ ਤੋਂ ਘਰੋਂ ਬਾਹਰ ਵੀ ਨਹੀਂ ਨਿਕਲੇ। ਸੂਤਰਾਂ ਅਨੁਸਾਰ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਸਿਹਤ ਬਿਲਕੁੱਲ ਠੀਕ ਹੈ। ਡਾਕਟਰਾਂ ਮੁਤਾਬਕ, ਹਾਲੇ ਤੱਕ ਸਭ ਠੀਕ ਚੱਲ ਰਿਹਾ ਹੈ। ਇੰਝ ਹੀ ਸਭ ਕੁਝ ਰਿਹਾ ਤਾਂ ਅਗਲੇ ਮਹੀਨੇ ਮੂਸੇਵਾਲਾ ਦੇ ਘਰ ਖੁਸ਼ੀਆਂ ਦੀ ਗੂੰਜ ਸੁਣਾਈ ਦੇਵੇਗੀ।
58 ਸਾਲ ਦੀ ਉਮਰ ‘ਚ ਫਿਰ ਤੋਂ ਮਾਂ ਬਣੇਗੀ
ਸਿੱਧੂ ਮੂਸੇਵਾਲਾ ਨੇ 2022 ਵਿੱਚ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੀ ਸੀ। ਇਸ ਦੌਰਾਨ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਹਲਫ਼ਨਾਮਾ ਭਰਿਆ ਸੀ। ਉਦੋਂ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ। ਇਸ ਅਨੁਸਾਰ ਉਨ੍ਹਾਂ ਦੀ ਉਮਰ ਹੁਣ 58 ਸਾਲ ਦੇ ਕਰੀਬ ਅਤੇ ਬਲਕੌਰ ਸਿੰਘ ਦੀ ਉਮਰ 60 ਸਾਲ ਦੇ ਕਰੀਬ ਹੈ।
6 ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰੀਆਂ ਸੀ ਗੋਲੀਆਂ
29 ਮਈ 2022 ਦੀ ਸ਼ਾਮ ਨੂੰ, ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਮੂਸੇਵਾਲਾ ਉਦੋਂ 28 ਸਾਲ ਦੇ ਸਨ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ। ਜਿਸ ‘ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ‘ਚੋਂ 4 ਦੀ ਮੌਤ ਹੋ ਚੁੱਕੀ ਹੈ। ਕਤਲ ਦੇ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਲਈ ਇਨਸਾਫ਼ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।
ਇਹ ਵੀ ਪੜ੍ਹੋ
ਕੀ ਹੈ ਆਈਵੀਐਫ ਤਕਨੀਕ ?
ਇਸ ਪ੍ਰਕਿਰਿਆ ਦੇ ਤਹਿਤ ਅੰਡੇ ਅਤੇ ਸ਼ੁਕਰਾਣੂਆਂ ਨੂੰ ਮਾਂ ਦੇ ਗਰਭ ਵਿੱਚ ਵਿਕਸਤ ਕਰਨ ਦੀ ਬਜਾਏ ਇੱਕ ਪ੍ਰਯੋਗਸ਼ਾਲਾ ਵਿੱਚ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ ਯਾਨੀ ਆਈਵੀਐਫ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਤਿਆਰ ਕੀਤੇ ਭਰੂਣ ਨੂੰ ਇੱਕ ਬਰੀਕ ਪਲਾਸਟਿਕ ਦੀ ਟਿਊਬ ਰਾਹੀਂ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਬੱਚਾ ਮਾਂ ਦੀ ਕੁੱਖ ਵਿੱਚ ਵੱਡਾ ਹੁੰਦਾ ਹੈ।