Shilpa Shetty: ‘ਪਹਿਲਾਂ 60 ਕਰੋੜ ਰੁਪਏ ਜਮ੍ਹਾਂ ਕਰੋ…’ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੂੰ ਮੁੰਬਈ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
Bollywood News: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਖ਼ਬਰਾਂ ਵਿੱਚ ਹਨ। ਕੱਲ੍ਹ, ਪੁਲਿਸ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਅਦਾਕਾਰਾ ਤੋਂ ਸਾਢੇ ਚਾਰ ਘੰਟੇ ਪੁੱਛਗਿੱਛ ਕੀਤੀ ਗਈ। ਹੁਣ, ਮੁੰਬਈ ਹਾਈ ਕੋਰਟ ਨੇ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇ ਮੁੱਦੇ 'ਤੇ ਟਿੱਪਣੀ ਕੀਤੀ ਹੈ।
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਨ੍ਹੀਂ ਦਿਨੀਂ ਖ਼ਬਰਾਂ ਵਿੱਚ ਹਨ। ਅਦਾਲਤ ਨੇ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੂੰ ਫਟਕਾਰ ਲਗਾਈ ਹੈ। ਜੋੜੇ ਨੇ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗਣ ਲਈ ਪਟੀਸ਼ਨ ਦਾਇਰ ਕੀਤੀ ਸੀ, ਪਰ ਹਾਈ ਕੋਰਟ ਨੇ ਇਸਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਪਹਿਲਾਂ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ।
ਮੁੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਵੱਲੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ‘ਤੇ ਵਿਚਾਰ ਕਰੇਗੀ ਜੇਕਰ ਉਹ 60 ਕਰੋੜ ਰੁਪਏ ਜਮ੍ਹਾਂ ਕਰਵਾਉਂਦੇ ਹਨ। 14 ਅਗਸਤ ਨੂੰ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ ਜੁਹੂ ਪੁਲਿਸ ਸਟੇਸ਼ਨ ਵਿੱਚ ਕਾਰੋਬਾਰੀ ਦੀਪਕ ਕੋਠਾਰੀ ਨਾਲ ਕਰਜ਼ੇ ਅਤੇ ਨਿਵੇਸ਼ ਸਮਝੌਤੇ ਵਿੱਚ ਲਗਭਗ ₹60 ਕਰੋੜ ਦੀ ਧੋਖਾਧੜੀ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਕਪਲ ਖਿਲਾਫ ਜਾਰੀ ਹੋਇਆ ਸੀ ਲੁੱਕਆਊਟ ਸਰਕੂਲਰ
ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੁੰਦਰਾ ਦਾ ਬਿਆਨ ਦਰਜ ਕੀਤਾ ਸੀ ਅਤੇ ਪਹਿਲਾਂ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਕੋਠਾਰੀ ਨੇ ਜੋੜੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਆਰੋਪ ਲਗਾਇਆ ਗਿਆ ਸੀ ਕਿ 2015 ਤੋਂ 2023 ਦੇ ਵਿਚਕਾਰ, ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਕੰਪਨੀ, ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਵਿੱਚ ₹60 ਕਰੋੜ ਦਾ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ, ਪਰ ਫੰਡਾਂ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ।
ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖਰ ਦੀ ਬੈਂਚ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਛੁੱਟੀਆਂ ਮਨਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਦੋਵੇਂ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮਾਮਲੇ ਵਿੱਚ ਆਰੋਪੀ ਹਨ। ਜੋੜੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਫੁਕੇਟ ਦੀ ਸਿਰਫ਼ ਇੱਕ ਯਾਤਰਾ ਹੀ ਮਨੋਰੰਜਨ ਲਈ ਸੀ, ਪਰ ਬਾਕੀ ਸਾਰੀਆਂ ਯਾਤਰਾਵਾਂ ਪੇਸ਼ੇਵਰ ਉਦੇਸ਼ਾਂ ਲਈ ਸਨ। ਵਕੀਲ ਨੇ ਕਿਹਾ ਕਿ ਜੋੜੇ ਨੇ ਜਾਂਚ ਵਿੱਚ ਸਹਿਯੋਗ ਕੀਤਾ ਸੀ ਅਤੇ ਪੁੱਛਗਿੱਛ ਲਈ ਵੀ ਪੇਸ਼ ਹੋਏ ਸਨ।
60 ਕਰੋੜ ਰੁਪਏ ਕਰਵਾਓ ਜਮ੍ਹਾਂ
ਇਸਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਕਾਰਨ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਦਾਲਤ ਨੇ ਕਿਹਾ ਸ਼ਿਲਪਾ ਦੇ ਨੂੰ ਜਿਨ੍ਹਾਂ ਕਾਰੋਬਾਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਸੀ, ਉਨ੍ਹਾਂ ਲਈ ਸੱਦਾ ਪੱਤਰ ਦੀ ਇੱਕ ਕਾਪੀ ਵੀ ਬੈਂਚ ਨੇ ਮੰਗੀ। ਇਸਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਉਹ ₹60 ਕਰੋੜ ਦੀ ਪੂਰੀ ਰਕਮ ਜਮ੍ਹਾਂ ਹੋਣ ਤੋਂ ਬਾਅਦ ਹੀ ਪਟੀਸ਼ਨ ‘ਤੇ ਵਿਚਾਰ ਕਰੇਗੀ। ਬੈਂਚ ਨੇ ਕਿਹਾ, “₹60 ਕਰੋੜ ਦੀ ਪੂਰੀ ਰਕਮ ਜਮ੍ਹਾਂ ਕਰੋ, ਫਿਰ ਅਸੀਂ ਪਟੀਸ਼ਨ ‘ਤੇ ਵਿਚਾਰ ਕਰਾਂਗੇ।” ਬੈਂਚ ਨੇ ਅਗਲੀ ਸੁਣਵਾਈ ਲਈ 14 ਅਕਤੂਬਰ ਦੀ ਤਰੀਕ ਤੈਅ ਕੀਤੀ।


