ਸਲਮਾਨ ਖਾਨ ਦੇ ਬਲੋਚਿਸਤਾਨ ਵਾਲੇ ਬਿਆਨ ‘ਤੇ ਭੜਕਿਆ ਪਾਕਿਸਤਾਨ, ਐਕਟਰ ‘ਤੇ ਅੱਤਵਾਦੀ ਵਿਰੋਧੀ ਐਫਆਈਆਰ ਦਰਜ
ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਆਪਣੀਆਂ ਫਿਲਮਾਂ ਲਈ ਦੁਨੀਆ ਭਰ 'ਚ ਪਿਆਰ ਮਿਲਦਾ ਰਿਹਾ ਹੈ। ਉਨ੍ਹਾਂ ਦੀਆਂ ਕਈ ਫਿਲਮਾਂ ਪਾਕਿਸਤਾਨ 'ਚ ਵੀ ਰਿਲੀਜ਼ ਹੋਈਆਂ ਹਨ। ਹਾਲਾਂਕਿ, ਬਲੋਚਿਸਤਾਨ ਬਾਰੇ ਸਲਮਾਨ ਖਾਨ ਦੇ ਇੱਕ ਬਿਆਨ ਨੇ ਪਾਕਿਸਤਾਨੀ ਸਰਕਾਰ ਨੂੰ ਬਹੁਤ ਪਰੇਸ਼ਾਨ ਕੀਤਾ ਹੈ। ਬਲੋਚਿਸਤਾਨ ਤੇ ਪਾਕਿਸਤਾਨ ਨੂੰ ਵੱਖ-ਵੱਖ ਦੱਸਦੇ ਹੋਏ ਉਨ੍ਹਾਂ ਨੇ ਜੋ ਕਿਹਾ, ਇਸ ਤੋਂ ਬਾਅਦ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਅਦਾਕਾਰ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੁਆਰਾ ਕੁੱਝ ਦਿਨ ਪਹਿਲਾਂ ਬਲੋਚਿਸਤਾਨ ਬਾਰੇ ਦਿੱਤੇ ਗਏ ਬਿਆਨ ‘ਤੇ ਪਾਕਿਸਤਾਨ ਭੜਕ ਗਿਆ ਹੈ। ਇਸ ਤੋਂ ਬਾਅਦ, ਸਲਮਾਨ ਖਾਨ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ, ਜਿਸ ‘ਚ ਉਨ੍ਹਾਂ ਦੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਗਈ। ਇਹ ਮਾਮਲਾ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਸੀ। ਕੁੱਝ ਦਿਨ ਪਹਿਲਾਂ, ਸਾਊਦੀ ਅਰਬ ‘ਚ JOY FORUM 2025 ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਸਲਮਾਨ ਖਾਨ ਵੀ ਮੌਜੂਦ ਸਨ। ਇਸ ਸਮਾਗਮ ‘ਚ ਸਲਮਾਨ ਖਾਨ ਨੇ ਬਲੋਚਿਸਤਾਨ ‘ਤੇ ਅਜਿਹਾ ਬਿਆਨ ਦਿੱਤਾ ਕਿ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਉਨ੍ਹਾਂ ਨੇ ਬਲੋਚਿਸਤਾਨ ਤੇ ਪਾਕਿਸਤਾਨ ਨੂੰ ਵੱਖ-ਵੱਖ ਦੱਸਦੇ ਹੋਏ ਕਿਹਾ, “ਇਹ ਬਲੋਚਿਸਤਾਨ ਦੇ ਲੋਕ, ਅਫਗਾਨਿਸਤਾਨ ਦੇ ਲੋਕ, ਪਾਕਿਸਤਾਨ ਦੇ ਲੋਕ ਇੱਥੇ ਹਨ; ਹਰ ਕੋਈ ਸਾਊਦੀ ਅਰਬ ‘ਚ ਸਖ਼ਤ ਮਿਹਨਤ ਕਰ ਰਿਹਾ ਹੈ।”
ਸਲਮਾਨ ਖਾਨ ਨੇ ਆਪਣੇ ਬਿਆਨ ‘ਚ ਬਲੋਚਿਸਤਾਨ ਦਾ ਜ਼ਿਕਰ ਪਾਕਿਸਤਾਨ ਤੋਂ ਵੱਖਰਾ ਕੀਤਾ ਸੀ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ਨਾਲ ਪਾਕਿਸਤਾਨ ‘ਚ ਰੋਸ ਪੈਦਾ ਹੋ ਗਿਆ। ਹੁਣ ਪਾਕਿਸਤਾਨ ‘ਚ ਸਲਮਾਨ ਖਾਨ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਲਮਾਨ ਖਾਨ ਦੇ ਬਿਆਨ ਨੇ ਪਾਕਿਸਤਾਨ ਭੜਕਿਆ
ਬਲੋਚਿਸਤਾਨ ਦੇ ਲੋਕ ਲੰਬੇ ਸਮੇਂ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ ਤੇ ਇਸ ਲਈ ਲਗਾਤਾਰ ਲੜ ਰਹੇ ਹਨ। ਉਨ੍ਹਾਂ ਦੇ ਅੰਦੋਲਨ ਨੂੰ ਭਾਰਤ ਤੋਂ ਸਮਰਥਨ ਮਿਲਿਆ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਾਲ ਕਿਲ੍ਹੇ ਤੋਂ ਬਲੋਚਿਸਤਾਨ ਦਾ ਜ਼ਿਕਰ ਕੀਤਾ। ਉੱਥੋਂ ਦੇ ਲੋਕ ਵੀ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਸਾਊਦੀ ਅਰਬ ‘ਚ ਸਲਮਾਨ ਖਾਨ ਦੇ ਬਿਆਨ ਦਾ ਇੱਕ ਬਲੋਚ ਨੇਤਾ ਨੇ ਸਵਾਗਤ ਕੀਤਾ। ਹਾਲਾਂਕਿ, ਕੀ ਸਲਮਾਨ ਖਾਨ ਨੇ ਜਾਣਬੁੱਝ ਕੇ ਜਾਂ ਅਣਜਾਣੇ ‘ਚ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਦੱਸਿਆ, ਇਹ ਸਪੱਸ਼ਟ ਨਹੀਂ ਹੈ। ਪਰ ਉਨ੍ਹਾਂ ਦੇ ਬਿਆਨ ਤੋਂ ਬਾਅਦ, ਇੱਕ ਬਲੋਚ ਨੇਤਾ ਨੇ ਕਿਹਾ, “ਸਲਮਾਨ ਖਾਨ ਨੇ ਕੁੱਝ ਅਜਿਹਾ ਕੀਤਾ ਹੈ ਜੋ ਵੱਡੇ ਦੇਸ਼ ਵੀ ਨਹੀਂ ਕਰ ਸਕਦੇ।”
ਸਲਮਾਨ ਖਾਨ ਦਾ ਨਾਮ ਅੱਤਵਾਦ ਵਿਰੋਧੀ ਐਕਟ (1997) ਦੇ ਚੌਥੇ ਸ਼ਡਿਊਲ ‘ਚ ਸ਼ਾਮਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਅਧਿਕਾਰਤ ਸੂਚੀ ਵਾਇਰਲ ਹੋ ਰਹੀ ਹੈ, ਜਿਸ ‘ਚ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੈ। ਅਬਦੁਲ ਰਸ਼ੀਦ ਸਲੀਮ ਸਲਮਾਨ ਖਾਨ, ਮੁੰਬਈ ਦੇ ਪਤੇ ਦੇ ਨਾਲ ਤੇ ਸੂਚੀ ‘ਚ ਉਨ੍ਹਾਂ ਦੇ ਸ਼ਾਮਲ ਹੋਣ ਦਾ ਕਾਰਨ, ਸੁਤੰਤਰ ਬਲੋਚਿਸਤਾਨ ‘ਤੇ ਇੱਕ ਬਿਆਨ ਵਜੋਂ ਦਿੱਤਾ ਗਿਆ ਹੈ।
ਸਲਮਾਨ ਨੇ ਕੀ ਕਿਹਾ?
ਸਲਮਾਨ ਖਾਨ ਨੂੰ ਇਹ ਕਹਿੰਦੇ ਦੇਖਿਆ ਗਿਆ ਕਿ ਜੇਕਰ ਤੁਸੀਂ ਇੱਕ ਹਿੰਦੀ ਫਿਲਮ ਬਣਾਉਂਦੇ ਹੋ ਤੇ ਇਸ ਨੂੰ ਸਾਊਦੀ ਅਰਬ ‘ਚ ਰਿਲੀਜ਼ ਕਰਦੇ ਹੋ, ਤਾਂ ਇਹ ਸੁਪਰਹਿੱਟ ਹੋ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਤੁਸੀਂ ਤਾਮਿਲ, ਤੇਲਗੂ ਤੇ ਮਲਿਆਲਮ ਫਿਲਮ ਬਣਾਉਂਦੇ ਹੋ, ਤਾਂ ਇਹ ਸੈਂਕੜੇ ਕਰੋੜਾਂ ਦਾ ਕਾਰੋਬਾਰ ਵੀ ਕਰੇਗੀ, ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਲੋਕ ਇੱਥੇ ਆਏ ਹਨ। ਬਲੋਚਿਸਤਾਨ ਦੇ ਲੋਕ ਹਨ, ਅਫਗਾਨਿਸਤਾਨ ਦੇ ਲੋਕ ਹਨ, ਪਾਕਿਸਤਾਨ ਦੇ ਲੋਕ ਹਨ, ਹਰ ਕੋਈ ਸਾਊਦੀ ਅਰਬ ‘ਚ ਸਖ਼ਤ ਮਿਹਨਤ ਕਰ ਰਿਹਾ ਹੈ।


