Emergency Movie: ਕੰਗਨਾ ਦੀ ਫਿਲਮ ਦਾ ਹੋਇਆ ਵਿਰੋਧ, SGPC ਨੇ ਪੰਜਾਬ ਵਿੱਚ ਬੈਨ ਕਰਨ ਦੀ ਕੀਤੀ ਮੰਗ
ਕੰਗਨਾ ਰਾਣੌਤ ਦੀ ਅਗਾਮੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਜਿੱਥੇ ਬੰਗਲਾ ਦੇਸ਼ ਨੇ ਪਹਿਲਾਂ ਹੀ ਫਿਲਮ ਨੂੰ ਬੈਨ ਕਰ ਦਿੱਤਾ ਹੈ ਤਾ ਹੁਣ ਉੱਥੇ ਹੀ ਪੰਜਾਬ ਵਿੱਚ ਵੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਭਾਜਪਾ ਸਾਂਸਦ ਅਤੇ ਅਦਾਕਾਰਾ ਕੰਗਨਾ ਰਾਣੌਤ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਉਹਨਾਂ ਦੀ ਅਗਾਮੀ ਫਿਲਮ ਐਮਰਜੈਂਸੀ ਨੂੰ ਬੰਗਲਾਦੇਸ਼ ਨੇ ਬੈਨ ਕਰ ਦਿੱਤਾ ਹੈ। ਪਰ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਇਸ ਨੂੰ ਪੰਜਾਬ ਵਿੱਚ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ।
ਧਾਮੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਰੋਹ ਪੈਦਾ ਹੋਵੇਗਾ, ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰੇ। ਜੇਕਰ ਇਹ ਫ਼ਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ।
ਡਿਪਟੀ ਕਮਿਸ਼ਨਰਾਂ ਨੂੰ ਪੱਤਰ
ਫਿਲਮ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜੇ ਗਏ ਹਨ ਅਤੇ ਫਿਲਮ ਨੂੰ ਰਿਲੀਜ਼ ਨਾ ਹੋਣ ਦੇਣ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।
ਪਹਿਲਾ ਵੀ ਹੋਇਆ ਸੀ ਵਿਵਾਦ
ਇਸ ਤੋਂ ਪਹਿਲਾਂ ਕੰਗਨਾ ਰਾਣੌਤ ਦੀ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਵਾਂਗ ਪਹਿਰਾਵਾ ਪਹਿਨਿਆ ਹੋਇਆ ਵਿਅਕਤੀ ਕਾਂਗਰਸੀ ਲੀਡਰਾਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਸਾਨੂੰ ਖਾਲਿਸਤਾਨ ਚਾਹੀਦਾ ਹੈ। ਜਿਸ ਤੇ ਸ੍ਰੋਮਣੀ ਕਮੇਟੀ ਨੇ ਇਤਰਾਜ ਜਤਾਇਆ ਸੀ। ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਫਿਲਮ ਗਲਤ ਇਤਿਹਾਸਿਕ ਤੱਥਾਂ ਨੂੰ ਪੇਸ਼ ਕਰ ਰਹੀ ਹੈ।
SGPC ਆਗੂਆਂ ਨੇ ਕਿਹਾ ਸੀ ਕਿ ਜਦੋਂ ਕਿ ਐਮਰਜੈਂਸੀ ਦੇ ਵਿਰੋਧ ਵਿੱਚ ਸਿੱਖਾਂ ਨੇ ਜੇਲ੍ਹ ਭਰੋ ਅੰਦੋਲਨ ਕੀਤਾ ਸੀ ਇਸ ਤੋਂ ਇਲਾਵਾ ਹੋਰਨਾਂ ਤਰੀਕਿਆਂ ਨਾਲ ਵੀ ਵਿਰੋਧ ਕੀਤਾ ਸੀ। ਉਸ ਦਾ ਜ਼ਿਕਰ ਨਹੀਂ ਕੀਤਾ ਗਿਆ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਹੋਏ ਹਮਲੇ ਦੇ ਵੀ ਗਲਤ ਤਰੀਕੇ ਨਾਲ ਪੇਸ਼ ਕਰਕੇ ਅਸਲੀ ਤੱਥਾਂ ਨੂੰ ਦਬਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਸਿੱਖਾਂ ਦੀ ਨਸ਼ਲਕੁਸ਼ੀ ਦਾ ਵੀ ਕੋਈ ਜ਼ਿਕਰ ਨਹੀਂ ਕਰਦੀ।
ਇਹ ਵੀ ਪੜ੍ਹੋ
ਬੰਗਲਾ ਦੇਸ਼ ਨੇ ਵੀ ਫਿਲਮ ਕੀਤੀ ਬੈਨ
ਇਸ ਤੋਂ ਪਹਿਲਾਂ ਬੰਗਲਾਦੇਸ਼ ਵੀ ਫਿਲਮ ਦੀ ਰਿਲੀਜ਼ ਤੇ ਰੋਕ ਲਗਾ ਚੁੱਕਾ ਹੈ। ਇਸ ਦੇ ਲਈ ਹਵਾਲਾ ਦਿੱਤਾ ਗਿਆ ਹੈ ਕਿ ਫਿਲਮ ਵਿੱਚ ਬੰਗਲਾਦੇਸ਼ ਬਣਨ ਵਿੱਚ ਭਾਰਤ ਦੀ ਭੂਮਿਕਾ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।