ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਤੋਂ ਪਹਿਲਾਂ ਨਵਾਂ ਵਿਵਾਦ, ਸ਼ਰਾਬ ਤੇ ਹਥਿਆਰਾਂ ਵਾਲੇ ਗੀਤਾਂ ‘ਤੇ ਪਾਬੰਦੀ ਦੀ ਮੰਗ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ਅਤੇ ਭੋਪਾਲ ਸ਼ੋਅਜ਼ ਤੋਂ ਬਾਅਦ ਹੁਣ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਨਵਾਂ ਵਿਵਾਦ ਛਿੜ ਗਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (DCPU) ਨੇ ਇਸ ਸਮਾਗਮ ਵਿੱਚ ਬੱਚਿਆਂ ਦੇ ਦਾਖ਼ਲੇ ਅਤੇ ਗਾਏ ਜਾਣ ਵਾਲੇ ਗੀਤਾਂ ਦੀ ਸਮੱਗਰੀ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਦਿੱਲੀ ਅਤੇ ਭੋਪਾਲ ਸ਼ੋਅਜ਼ ਤੋਂ ਬਾਅਦ ਹੁਣ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਨਵਾਂ ਵਿਵਾਦ ਛਿੜ ਗਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (DCPU) ਨੇ ਇਸ ਸਮਾਗਮ ਵਿੱਚ ਬੱਚਿਆਂ ਦੇ ਦਾਖ਼ਲੇ ਅਤੇ ਗਾਏ ਜਾਣ ਵਾਲੇ ਗੀਤਾਂ ਦੀ ਸਮੱਗਰੀ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ।
ਇਸ ਮਾਮਲੇ ਵਿੱਚ ਇਕਾਈ ਵੱਲੋਂ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਪ੍ਰੋਗਰਾਮ ਦੌਰਾਨ ਸਖ਼ਤ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਗਈ ਹੈ। ਇਹ ਪ੍ਰਸ਼ਾਸਨਿਕ ਕਾਰਵਾਈ ਚੰਡੀਗੜ੍ਹ ਨਿਵਾਸੀ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਗਈ ਹੈ। ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕੰਸਰਟ ਵਿੱਚ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉੱਥੇ ਚੱਲਣ ਵਾਲੇ ਗੀਤ, ਉੱਚੀ ਆਵਾਜ਼ ਅਤੇ ਤੇਜ਼ ਲਾਈਟਿੰਗ ਬੱਚਿਆਂ ਦੇ ਕੋਮਲ ਮਨਾਂ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।
ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਰੋਕ ਦੀ ਮੰਗ
ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਦਿਲਜੀਤ ਦੋਸਾਂਝ ਦੇ ਮਕਬੂਲ ਗੀਤਾਂ ਜਿਵੇਂ ਕਿ ਪਟਿਆਲਾ ਪੈੱਗ, 5 ਤਾਰਾ ਠੇਕੇ, ਜੇਬ ਵਿੱਚੋਂ ਫੀਮ ਲੱਭੀਆ ਅਤੇ ਜੱਟ ਉੱਥੇ ਫਾਇਰ ਕਰਦਾ ਜਿੱਥੇ ਪਾਬੰਦੀ ਹਥਿਆਰਾਂ ਦੀ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਬਾਲ ਸੁਰੱਖਿਆ ਇਕਾਈ ਦਾ ਮੰਨਣਾ ਹੈ ਕਿ ਸ਼ਰਾਬ, ਨਸ਼ੀਲੇ ਪਦਾਰਥਾਂ (ਅਫ਼ੀਮ ਤੇ ਡਰੱਗਜ਼) ਅਤੇ ਹਿੰਸਾ ਨੂੰ ਬੜ੍ਹਾਵਾ ਦੇਣ ਵਾਲੇ ਅਜਿਹੇ ਗੀਤ—ਭਲੇ ਹੀ ਇਨ੍ਹਾਂ ਦੇ ਬੋਲ ਬਦਲ ਕੇ ਹੀ ਕਿਉਂ ਨਾ ਗਾਏ ਜਾਣ—ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪਾ ਸਕਦੇ ਹਨ।
ਉੱਚੀ ਆਵਾਜ਼ ਤੇ ਤੇਜ਼ ਲਾਈਟਿੰਗ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ
ਪੱਤਰ ਵਿੱਚ ਤਕਨੀਕੀ ਪਹਿਲੂਆਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਗਿਆ ਹੈ ਕਿ ਲਾਈਵ ਸ਼ੋਅ ਦੌਰਾਨ 120 ਡੈਸੀਬਲ ਤੋਂ ਵੱਧ ਆਵਾਜ਼ (ਧੁਨੀ ਪੱਧਰ) ਅਤੇ ਤੇਜ਼ੀ ਨਾਲ ਚਮਕਣ ਵਾਲੀਆਂ ਲਾਈਟਾਂ (ਫਲੈਸ਼ਿੰਗ ਤੇ ਬੀਮ ਲਾਈਟਸ) ਦੀ ਵਰਤੋਂ ਛੋਟੇ ਬੱਚਿਆਂ ਦੀ ਸਿਹਤ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਪਰਫਾਰਮੈਂਸ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੀ ਵੀ ਵਿਸ਼ੇਸ਼ ਮੰਗ ਕੀਤੀ ਗਈ ਹੈ।
ਕਾਰਤੂਸਾਂ ਵਾਲੀ ਬੈਲਟ ਪਹਿਨਣ ‘ਤੇ ਜਤਾਇਆ ਸਖ਼ਤ ਇਤਰਾਜ਼
ਸ਼ਿਕਾਇਤ ਵਿੱਚ ਸਟੇਜ ‘ਤੇ ਗਾਇਕੀ ਦੌਰਾਨ ਛਾਤੀ ਉੱਤੇ ਕਾਰਤੂਸ ਜਾਂ ਨਕਲੀ ਗੋਲੀਆਂ ਦੀ ਬੈਲਟ (ਬੈਂਡੋਲੀਅਰ) ਪਹਿਨਣ ਨੂੰ ਗੰਨ ਕਲਚਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਦੱਸਿਆ ਗਿਆ ਹੈ। ਪੱਤਰ ਮੁਤਾਬਕ, ਅਜਿਹੇ ਪਹਿਰਾਵੇ ਅਤੇ ਪ੍ਰਦਰਸ਼ਨ ਦਾ ਦਰਸ਼ਕਾਂ ਖ਼ਾਸ ਕਰਕੇ ਬੱਚਿਆਂ ਉੱਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ
ਹਾਈਕੋਰਟ ਦੇ ਹੁਕਮਾਂ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਦਾ ਹਵਾਲਾ
ਬਾਲ ਸੁਰੱਖਿਆ ਇਕਾਈ ਨੇ ਆਪਣੇ ਪੱਤਰ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22 ਜੁਲਾਈ 2019 ਦੇ ਇੱਕ ਇਤਿਹਾਸਕ ਫ਼ੈਸਲੇ (CWP/27011/2016) ਦਾ ਹਵਾਲਾ ਵੀ ਦਿੱਤਾ ਹੈ, ਜਿਸ ਤਹਿਤ ਲਾਈਵ ਸ਼ੋਅਜ਼ ਦੌਰਾਨ ਨਸ਼ੇ ਅਤੇ ਹਿੰਸਾ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤਾਂ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਕੌਮੀ ਪੱਧਰ ਦੇ ਨਸ਼ਾ ਮੁਕਤ ਭਾਰਤ ਅਭਿਆਨ ਦਾ ਉਲੇਖ ਕਰਦਿਆਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ।


