ਕਾਂਗਰਸ ਨੇ ਚੋਣ ਕਮਿਸ਼ਨ ਨੂੰ PM ਮੋਦੀ ਖਿਲਾਫ ਕੀਤੀਆਂ 17 ਸ਼ਿਕਾਇਤਾਂ, ਕਿਹਾ- ਮੈਨੀਫੈਸਟੋ ‘ਤੇ ਫੈਲਾ ਰਹੇ ਝੂਠ
Congress Complaint to EC: ਰਾਜਸਥਾਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦਿੱਤੇ ਬਿਆਨ 'ਜੇ ਕਾਂਗਰਸ ਸੱਤਾ 'ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ 'ਚ ਵੰਡ ਦੇਵੇਗੀ' ਤੋਂ ਕਾਂਗਰਸ ਨਾਰਾਜ਼ ਹੈ। ਇਸ ਸਬੰਧੀ ਕਾਂਗਰਸ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਸੀ।
ਰਾਜਸਥਾਨ ਦੇ ਬਾਂਸਵਾੜਾ ‘ਚ ਪ੍ਰਧਾਨ ਮੰਤਰੀ ਮੋਦੀ ਦੇ ਦਿੱਤੇ ਬਿਆਨ ‘ਜੇ ਕਾਂਗਰਸ ਸੱਤਾ ‘ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ‘ਚ ਵੰਡ ਦੇਵੇਗੀ’ ‘ਤੇ ਹੰਗਾਮਾ ਹੋ ਗਿਆ ਹੈ। ਕਾਂਗਰਸ ਇਸ ਨੂੰ ਲੈ ਕੇ ਪੀਐਮ ਮੋਦੀ ਅਤੇ ਭਾਜਪਾ ‘ਤੇ ਹਮਲਾ ਕਰ ਰਹੀ ਹੈ। ਇਸੇ ਲੜੀ ਤਹਿਤ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ, ਸਲਮਾਨ ਖੁਰਸ਼ੀਦ ਅਤੇ ਗੁਰਦੀਪ ਸੱਪਲ ਨੇ ਚੋਣ ਕਮਿਸ਼ਨ ਨੂੰ ਮਿਲ ਕੇ 17 ਸ਼ਿਕਾਇਤਾਂ ਦਰਜ ਕਰਵਾਈਆਂ।
ਇਸ ਮਾਮਲੇ ‘ਚ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਕੋਲ 17 ਸ਼ਿਕਾਇਤਾਂ ਦਾਇਰ ਕੀਤੀਆਂ ਹਨ। ਉਨ੍ਹਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਬਾਰੇ ਝੂਠ ਫੈਲਾ ਰਹੇ ਹਨ। ਉਨ੍ਹਾਂ ਦੇ ਬਿਆਨ ‘ਤੇ ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਪੀਐਮ ਮੋਦੀ ਰਾਜਸਥਾਨ ਦੇ ਬਾਂਸਵਾੜਾ ਵਿੱਚ ਸਨ। ਇੱਥੇ ਉਹ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ‘ਚ ਉਨ੍ਹਾਂ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਇਸ ਕੜੀ ਵਿੱਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਬਿਆਨ ਦਾ ਵੀ ਜ਼ਿਕਰ ਕੀਤਾ। ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਸਿੰਘ ਨੇ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ‘ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ।
‘ਮਾਵਾਂ-ਭੈਣਾਂ ਦਾ ਮੰਗਲ ਸੂਤਰ ਵੀ ਨਹੀਂ ਛੱਡਣਗੇ’
ਇਸ ਬਿਆਨ ਰਾਹੀਂ ਪੀਐਮ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਇਹ ਲੋਕਾਂ ਦੀ ਜਾਇਦਾਦ ਮੁਸਲਮਾਨਾਂ ‘ਚ ਵੰਡੇਗੀ। ਇਹ ਸ਼ਹਿਰੀ-ਨਕਸਲੀ ਮਾਨਸਿਕਤਾ ਮਾਵਾਂ-ਭੈਣਾਂ ਦਾ ਮੰਗਲਸੂਤਰ ਵੀ ਨਹੀਂ ਛੱਡੇਗੀ। ਪੀਐਮ ਮੋਦੀ ਦੇ ਬਿਆਨ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਉਨ੍ਹਾਂ ‘ਤੇ ਹਮਲਾ ਬੋਲਿਆ।
ਪ੍ਰਧਾਨ ਮੰਤਰੀ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਸੰਘ ਤੋਂ ਮਿਲਿਆ
ਉਨ੍ਹਾਂ ਕਿਹਾ, ਅੱਜ ਮੋਦੀ ਜੀ ਦੇ ਗੁੱਸੇ ਭਰੇ ਭਾਸ਼ਣ ਨੇ ਦਿਖਾਇਆ ਕਿ ਪਹਿਲੇ ਪੜਾਅ ਦੇ ਨਤੀਜਿਆਂ ਵਿੱਚ ਭਾਰਤ ਦੀ ਜਿੱਤ ਹੋ ਰਹੀ ਹੈ। ਮੋਦੀ ਜੀ ਨੇ ਜੋ ਕਿਹਾ ਉਹ ਨਿਸ਼ਚਿਤ ਤੌਰ ‘ਤੇ ਨਫ਼ਰਤ ਭਰਿਆ ਭਾਸ਼ਣ ਹੈ, ਇਹ ਧਿਆਨ ਭਟਕਾਉਣ ਦੀ ਸੋਚੀ-ਸਮਝੀ ਚਾਲ ਹੈ। ਅੱਜ ਪ੍ਰਧਾਨ ਮੰਤਰੀ ਨੇ ਉਹੀ ਕੀਤਾ ਜੋ ਸੰਘ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰਾਪਤ ਹੋਇਆ ਹੈ। ਸੱਤਾ ਲਈ ਝੂਠ ਬੋਲਣਾ, ਗੱਲਾਂ ਦਾ ਝੂਠਾ ਹਵਾਲਾ ਦੇ ਕੇ ਵਿਰੋਧੀਆਂ ‘ਤੇ ਝੂਠੇ ਆਰੋਪ ਲਾਉਣੇ ਸੰਘ ਅਤੇ ਭਾਜਪਾ ਦੀ ਸਿਖਲਾਈ ਦੀ ਖਾਸੀਅਤ ਹੈ।