ਪਟਿਆਲਾ: ਪਾਰਕਿੰਗ ਵਿਵਾਦ ਮਾਮਲੇ ‘ਚ 12 ਪੁਲਿਸ ਮੁਲਾਜ਼ਮ ਸਸਪੈਂਡ, ਕਰਨਲ ਅਤੇ ਉਨ੍ਹਾਂ ਦੇ ਪੁੱਤਰ ‘ਤੇ ਹਮਲੇ ਦਾ ਮਾਮਲਾ
ਕਰਨਲ ਦੀ ਪਤਨੀ ਦਾ ਆਰੋਪ ਲਗਾਇਆ ਸੀ ਕਿ ਪੁਲਿਸ ਆਰੋਪੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਸਮਝੌਤਾ ਕਰਨ ਜਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਸੀ। ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਗਈ, ਤਾਂ ਆਰੋਪੀ ਨੇ ਉਨ੍ਹਾਂ 'ਤੇ ਹਮਲਾ ਕਰਨ ਦਾ ਝੂਠਾ ਆਰੋਪ ਲਗਾਇਆ।

ਪਟਿਆਲਾ ਵਿੱਚ ਫੌਜ ਦੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ‘ਤੇ ਬੇਰਹਿਮੀ ਨਾਲ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਇਸ ਘਟਨਾ ਵਿੱਚ ਸ਼ਾਮਲ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਸਾਰੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਪੁਲਿਸ ਲਾਈਨਜ਼ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਭਖਿਆ ਸੀ।
ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਇਹ ਜਾਂਚ 45 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਪੁਲਿਸ ਅਤੇ ਕਰਨਲ ਸਾਹਿਬ ਦੇ ਬਿਆਨ ਦਰਜ ਕੀਤੇ ਗਏ ਹਨ। ਅਸੀਂ ਮਾਮਲੇ ਵਿੱਚ ਸੁਤੰਤਰ ਗਵਾਹਾਂ ਨੂੰ ਵੀ ਸ਼ਾਮਲ ਕਰ ਰਹੇ ਹਾਂ। ਉਨ੍ਹਾਂ ਕਿਹਾ, “ਅਸੀਂ ਇਸ ਘਟਨਾ ਲਈ ਫੌਜੀ ਅਧਿਕਾਰੀ ਤੋਂ ਮੁਆਫ਼ੀ ਮੰਗਦੇ ਹਾਂ। ਸਾਨੂੰ ਫੌਜ ਪ੍ਰਤੀ ਪੂਰਾ ਸਤਿਕਾਰ ਹੈ।” ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵਿੱਚ ਇੰਸਪੈਕਟਰ, ਏਐਸਆਈ, ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਪੱਧਰ ਦੇ ਅਧਿਕਾਰੀ ਸ਼ਾਮਲ ਹਨ।
ਪਤੀ ਦਾ ਹੱਥ ਤੋੜਿਆ, ਪੁੱਤਰ ਦਾ ਸਿਰ ਭੰਨਿਆ
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਕਰਨਲ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਪੁਸ਼ਪਿੰਦਰ ਸਿੰਘ ਬਾਠ ਅਤੇ ਪੁੱਤਰ ਅੰਗਦ ਸਿੰਘ ਨੂੰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ ਅਤੇ ਇੰਸਪੈਕਟਰ ਰੋਨੀ ਸਿੰਘ ਸਮੇਤ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਡੰਡਿਆਂ, ਬੇਸਬਾਲ ਬੈਟਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ।
ਇਹ ਘਟਨਾ ਪਟਿਆਲਾ ਰਾਜਿੰਦਰਾ ਹਸਪਤਾਲ ਦੇ ਕੋਲ ਇੱਕ ਢਾਬੇ ਨੇੜੇ ਵਾਪਰੀ। ਇਸ ਦੌਰਾਨ ਉਨ੍ਹਾਂ ਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂਦੀ ਖੱਬੀ ਬਾਂਹ ਟੁੱਟ ਗਈ। ਪੁੱਤਰ ਅੰਗਦ ਸਿੰਘ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਹੈ, ਜਿਸ ਕਾਰਨ ਦੋਵਾਂ ਨੂੰ 14 ਮਾਰਚ ਨੂੰ ਦੁਪਹਿਰ 2:00 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ
ਸੀਸੀਟੀਵੀ ਫੁਟੇਜ ਵਿੱਚ ਸਭ ਕੁਝ ਸਾਫ਼, ਫਿਰ ਵੀ ਪੁਲਿਸ ਦੇਰ ਨਾਲ ਪਹੁੰਚੀ
ਘਟਨਾ ਵਾਲੀ ਥਾਂ ਦੀ ਫੁਟੇਜ ਵਿੱਚ ਪੂਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ, ਪਰ ਇਸ ਦੇ ਬਾਵਜੂਦ, ਪਤੀ ਅਤੇ ਪੁੱਤਰ ਦੇ ਬਿਆਨ ਕਾਫ਼ੀ ਦੇਰ ਨਾਲ ਦਰਜ ਕੀਤੇ ਗਏ। ਪਰ ਸਬੰਧਤ ਪੁਲਿਸ ਸਟੇਸ਼ਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਪੀੜਤਾ ਦਾ ਆਰੋਪ ਹੈ ਕਿ ਉਹ ਸਿਵਲ ਲਾਈਨਜ਼, ਪਟਿਆਲਾ ਪੁਲਿਸ ਸਟੇਸ਼ਨ ਦੇ ਚੱਕਰ ਲਗਾਉਂਦੀ ਰਹੀ, ਪਰ ਉਨ੍ਹਾਂ ਦੀ ਐਫਆਈਆਰ ਦਰਜ ਨਹੀਂ ਕੀਤੀ ਗਈ।