ਪਠਾਨਕੋਟ ‘ਚ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ ਕਰਨ ਪਹੁੰਚੇ CIA ਸਟਾਫ਼ ‘ਤੇ ਹਮਲਾ, ਚੱਲੀਆਂ ਗੋਲੀਆਂ
ਇਸ ਹਮਲੇ ਵਿੱਚ ਸੀਆਈਏ ਦੇ 2 ਸਟਾਫ ਮੈਂਬਰ ਜ਼ਖਮੀ ਹੋ ਗਏ ਹਨ। ਹਮਲਾਵਰਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਵਿੱਚ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ।

Pathankot Attack on CIS staff: ਸੀਆਈਏ ਸਟਾਫ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਲਜ਼ਮਾਂ ਨੂੰ ਫੜਨ ਗਿਆ ਸੀ ਉਨ੍ਹਾਂ ‘ਤੇ ਤਸਕਰ ਤੇ ਉਸਦੇ ਸਾਥੀਆਂ ਨੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ। ਸੀਆਈਏ ਸਟਾਫ ਨੇ ਵੀ ਸਵੈ-ਰੱਖਿਆ ਵਿੱਚ ਹਵਾ ਵਿੱਚ ਗੋਲੀਆਂ ਚਲਾਣੀਆਂ ਪਈਆਂ।
ਪ੍ਰੀਤ ਨਗਰ ਵਿੱਚ ਹੋਏ ਇਸ ਹਮਲੇ ਵਿੱਚ ਸੀਆਈਏ ਦੇ 2 ਸਟਾਫ ਮੈਂਬਰ ਜ਼ਖਮੀ ਹੋ ਗਏ ਹਨ। ਹਮਲਾਵਰਾਂ ਨੇ ਪੁਲਿਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਨੇ ਇਸ ਮਾਮਲੇ ਵਿੱਚ 7 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀਆਈਏ ਸਟਾਫ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਖਬੀਰ ਸਿੰਘ ਉਰਫ਼ ਦੀਪੂ ਨਾਮ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੈ ਜੋ ਕਿ ਪ੍ਰੀਤ ਨਗਰ, ਪਠਾਨਕੋਟ ਦਾ ਰਹਿਣ ਵਾਲਾ ਹੈ। ਉਹ ਅਜੇ ਵੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਸੀਆਈਏ ਸਟਾਫ ਦੇ ਪੰਜ ਮੈਂਬਰ ਸ਼ਨੀਵਾਰ ਰਾਤ ਨੂੰ ਕਰੀਬ 11 ਵਜੇ ਸੁਖਬੀਰ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਕਾਰ ਵਿੱਚ ਪ੍ਰੀਤ ਨਗਰ ਪਹੁੰਚੇ। ਮੁਲਜ਼ਮ ਦੀਪੂ ਆਪਣੇ ਦੋਸਤਾਂ ਨਾਲ ਉੱਥੇ ਬੈਠਾ ਸੀ। ਜਦੋਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਤਾਂ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ।
ਮੁਲਜ਼ਮ ਨੂੰ ਹਿਰਾਸਤ ‘ਚ ਲਿਆ ਸੀ
ਇਸ ਦੌਰਾਨ ਸੁਖਬੀਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਥਰ ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਮੁਲਾਜ਼ਮਾਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਮੁਲਜ਼ਮ ਸੁਖਬੀਰ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਡਵੀਜ਼ਨ ਨੰ. 2 ਦੇ ਸਟੇਸ਼ਨ ਹਾਊਸ ਅਫਸਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜਿੰਦਰ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਸੁਖਬੀਰ ਸਿੰਘ, ਕੇਵਲ ਭਟਰਾ, ਸੰਨੀ ਪ੍ਰਧਾਨ ਅਤੇ ਸੇਠੀ ਸਮੇਤ 7 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
ਪੰਜਾਬ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੀ ਹੈ। ਕੱਲ੍ਹ, ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਹਿਲੀ ਵਾਰ ਪੁਲਿਸ ਨਸ਼ਾ ਤਸਕਰਾਂ ‘ਤੇ ਨਜ਼ਰ ਰੱਖਣ ਲਈ ਉਨ੍ਹਾਂ ਨੂੰ ਜੀਪੀਐਸ-ਸਮਰੱਥ ਐਨਕਲੇਟ ਪਹਿਨਾਏਗੀ। ਉਹ ਕਿੱਥੇ ਜਾਂਦੇ ਹਨ ਅਤੇ ਕਿਸ ਨੂੰ ਮਿਲਦੇ ਹਨ ਅਤੇ ਜੇਕਰ ਉਹ ਸ਼ੱਕੀ ਪਾਏ ਜਾਂਦੇ ਹਨ ਤਾਂ ਪੁਲਿਸ ਉਨ੍ਹਾਂ ‘ਤੇ ਛਾਪਾ ਮਾਰ ਸਕੇਗੀ।