ਪਤੀ ਸੀ ਬੀਮਾਰ, ਪਤਨੀ ਕੰਮ ਕਰ ਸੰਭਾਲ ਰਹੀ ਸੀ ਪਰਿਵਾਰ, ਸ਼ੱਕ ਦੇ ਚੱਲਦੇ ਸਹੁਰੇ ਨੇ ਕੀਤਾ ਕਤਲ
Crime News: ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ DSP ਧਰਮਕੋਟ ਰਮਨਦੀਪ ਸਿੰਘ ਤੇ SHO ਕੋਟ ਏ ਸ਼ੇਖਾ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਸਹੁਰੇ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਮੋਗਾ ‘ਚ ਸਹੁਰੇ ਨੇ ਨੂੰਹ ਦਾ ਬਹੁਤ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਬੁੱਧਵਾਰ ਸਵੇਰੇ ਮੋਗਾ ਦੇ ਪਿੰਡ ਬਲਖੰਡੀ ਵਿੱਚ ਵਾਪਰੀ ਹੈ। ਸਹੁਰੇ ਨੇ ਆਪਣੀ ਨੂੰਹ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਜਾਂਚ ਦੇ ਅਨੁਸਾਰ, ਮੁਲਜ਼ਮ ਸਹੁਰਾ ਆਪਣੀ ਨੂੰਹ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸ ਕਾਰਨ ਮੁਲਜ਼ਮ ਨੇ ਆਪਣੀ ਨੂੰਹ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਸ ਮਹਿਲਾ ਦਾ ਪਤੀ ਬੀਮਾਰ ਹੈ। ਉਸ ਨੂੰ ਕੁਝ ਸਮਾਂ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਇਸ ਕਰਕੇ ਉਹ ਘਰ ਹੀ ਰਹਿੰਦਾ ਹੈ। ਆਪਣੇ ਪਤੀ ਦੀ ਬਿਮਾਰੀ ਕਾਰਨ, ਲਾਭਪ੍ਰੀਤ ਕੌਰ ਘਰ ਦਾ ਸਾਰਾ ਕੰਮ ਖੁਦ ਕਰਦੀ ਸੀ। ਉਹ ਗੱਡੀ ਚਲਾਉਂਦੀ ਸੀ ਤੇ ਆਪਣੀ ਕਾਰ ਵਿੱਚ ਪਿੰਡ ਤੋਂ ਬਾਹਰ ਵੀ ਜਾਂਦੀ ਸੀ। ਉਸ ਦੇ ਸਹੁਰੇ ਜਸਪਾਲ ਸਿੰਘ ਨੂੰ ਇਹ ਪਸੰਦ ਨਹੀਂ ਸੀ ਅਤੇ ਇਸ ਕਾਰਨ ਉਨ੍ਹਾਂ ਵਿਚਕਾਰ ਹਰ ਰੋਜ਼ ਝਗੜੇ ਹੁੰਦੇ ਰਹਿੰਦੇ ਸਨ।
ਬੁੱਧਵਾਰ ਸਵੇਰੇ ਜਦੋਂ ਮਹਿਲਾ ਕਿਸੇ ਕੰਮ ਲਈ ਘਰੋਂ ਬਾਹਰ ਜਾ ਰਹੀ ਸੀ। ਉਹ ਆਪਣੀ ਕਾਰ ਵਿੱਚ ਬੈਠੀ ਸੀ ਜਦੋਂ ਸਹੁਰਾ ਆਇਆ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ 2 ਬੱਚਿਆਂ ਦੀ ਮਾਂ ਸੀ।
ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ DSP ਧਰਮਕੋਟ ਰਮਨਦੀਪ ਸਿੰਘ ਤੇ SHO ਕੋਟ ਏ ਸ਼ੇਖਾ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਸਹੁਰੇ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਹੁਰਾ ਨੂੰਹ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਤੇ ਉਸ ਨੂੰ ਘਰ ਤੋਂ ਬਾਹਰ ਜਾਣ ਤੋਂ ਵੀ ਰੋਕਦਾ ਸੀ। ਸਹੁਰੇ ਤੇ ਨੂੰਹ ਇਸ ਮੁੱਦੇ ‘ਤੇ ਲੜਦੇ ਰਹਿੰਦੇ ਸਨ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।