ਲੁਧਿਆਣਾ ਦੇ ਗੁਰਦੁਆਰੇ ‘ਚ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ, ਗ੍ਰੰਥੀ ਗ੍ਰਿਫ਼ਤਾਰ
Gurdwara Sahib Bhaini Arayan: ਪੀੜਤਾ ਰੋਜ਼ਾਨਾ ਵਾਂਗ ਹੋਰ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ। ਉੱਥੇ ਗ੍ਰੰਥੀ ਗੁਰਚਰਨ ਸਿੰਘ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਕੁੜੀ ਡਰ ਗਈ ਅਤੇ ਦੂਜੇ ਦਰਵਾਜ਼ੇ ਰਾਹੀਂ ਭੱਜ ਕੇ ਘਰ ਪਹੁੰਚ ਗਈ।

ਲੁਧਿਆਣਾ ਦੇ ਸਿੱਧਵਾਂ ਬੇਟ ਸਥਿਤ ਗੁਰਦੁਆਰਾ ਸਾਹਿਬ ਭੈਣੀ ਅਰਾਈਆਂ ਵਿੱਚ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਗ੍ਰੰਥੀ ਗੁਰਚਰਨ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਵਾਪਰੀ।
ਜਾਣਕਾਰੀ ਅਨੁਸਾਰ ਪੀੜਤਾ ਰੋਜ਼ਾਨਾ ਵਾਂਗ ਹੋਰ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ। ਉੱਥੇ ਗ੍ਰੰਥੀ ਗੁਰਚਰਨ ਸਿੰਘ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਕੁੜੀ ਡਰ ਗਈ ਅਤੇ ਦੂਜੇ ਦਰਵਾਜ਼ੇ ਰਾਹੀਂ ਭੱਜ ਕੇ ਘਰ ਪਹੁੰਚ ਗਈ।
ਨਾਬਾਲਗ ਨੇ ਪਰਿਵਾਰ ਨੂੰ ਦੱਸੀ ਘਟਨਾ
ਪੀੜਤਾ ਘਰ ਆਈ ਅਤੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ। ਪਰਿਵਾਰ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਮੁਲਜ਼ਮਾਂ ਵਿਰੁੱਧ ਧਾਰਾ 62, 64 ਬੀਐਨਐਸ ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ।
ਪੁਲਿਸ ਬਿਆਨ
ਥਾਣਾ ਸਿੱਧਵਾਂ ਬੇਟ ਦੇ ਐਸਐਚਓ ਹੀਰਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਚਰਨ ਸਿੰਘ ਲੁਧਿਆਣਾ ਦੇ ਦੁੱਗਰੀ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਗੁਰਦੁਆਰਾ ਭੈਣੀ ਅਰਾਈਆਂ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।